ਅਸੀਂ ਕਦੋਂ ਸਿੱਖਾਂਗੇ

ਸਾਡੇ ਦੇਸ਼ ਵਿੱਚ ਭਗਦੜ ਕਾਰਨ ਦੁਖਾਂਤ ਹੁੰਦੇ ਰਹਿੰਦੇ ਹਨ ਅਤੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਧਾਰਮਿਕ ਸਮਾਗਮ/ਸਤਿਸੰਗ ਦੌਰਾਨ ਮੱਚੀ ਭਗਦੜ ਵਿੱਚ 120 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਸਭ ਤੋਂ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਅਸੀਂ ਇਨ੍ਹਾਂ ਤ੍ਰਾਸਦੀਆਂ ਤੋਂ ਕਦੇ ਵੀ ਕੋਈ ਸਬਕ ਨਹੀਂ ਲਿਆ। ਜਦੋਂ ਕੋਈ ਦੁਖਾਂਤ ਵਾਪਰ ਜਾਂਦਾ ਹੈ ਤਾਂ ਅਸੀਂ ਉਭੜਵਾਹੇ ਉੱਠ ਕੇ ਹੱਥ ਪੈਰ ਮਾਰਦੇ ਹਾਂ ਅਤੇ ਫਿਰ ਮਾੜੀ ਮੋਟੀ ਲਿਪਾ-ਪੋਚੀ ਤੋਂ ਬਾਅਦ ਮਾਮਲੇ ਪਹਿਲਾਂ ਵਾਲੀ ਤੋਰ ’ਤੇ ਆ ਜਾਂਦੇ ਹਨ ਤੇ ਇਵੇਂ ਹੀ ਫਿਰ ਕਿਸੇ ਨਵੇਂ ਦੁਖਾਂਤ ਨਾਲ ਸਾਡੀ ਜਾਗ ਖੁੱਲ੍ਹਦੀ ਹੈ। ਇਹ ਕੋਈ ਅਜਿਹੇ ਦੁਖਾਂਤ ਨਹੀਂ ਜਿਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਦੀ ਰੋਕਥਾਮ ਲਈ ਦੀਰਘਕਾਲੀ ਉਪਰਾਲਿਆਂ ਦੀ ਸਖ਼ਤ ਪਾਲਣਾ ਅਤੇ ਸਰਗਰਮੀ ਯੋਜਨਾਬੰਦੀ ਸਾਡੀਆਂ ਨੀਤੀਆਂ ’ਚੋਂ ਉੱਕਾ ਹੀ ਨਦਾਰਦ ਹੈ।

2008 ਵਿੱਚ ਨੈਣਾਂ ਦੇਵੀ ਮੰਦਰ ਵਿੱਚ ਢਿੱਗਾਂ ਡਿੱਗਣ ਦੀ ਅਫ਼ਵਾਹ ਕਰ ਕੇ ਮੱਚੀ ਭਗਦੜ ਕਰ ਕੇ 146 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਤੋਂ ਬਾਅਦ ਉੱਥੇ ਭੀੜ ਨੂੰ ਕਾਬੂ ਹੇਠ ਕਰਨ ਲਈ ਕੁਝ ਸੁਧਾਰ ਅਮਲ ਵਿੱਚ ਲਿਆਂਦੇ ਗਏ ਜਿਸ ਕਰ ਕੇ ਸ਼ਰਧਾਲੂਆਂ ਦੇ ਬੈਚਾਂ ਨੂੰ ਮੰਦਰ ਵਿੱਚ ਮੱਥਾ ਟੇਕਣ ਲਈ ਭੇਜਿਆ ਜਾਂਦਾ ਹੈ ਜਿਸ ਕਰ ਕੇ ਲੋਕਾਂ ਨੂੰ ਸਹੂਲਤ ਵੀ ਹੁੰਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵੀ ਹੁੰਦੀ ਹੈ। ਫਿਰ ਵੀ ਅਜੇ ਵੀ ਬਹੁਤ ਕੁਝ ਕਰਨ ਵਾਲਾ ਹੈ ਅਤੇ 16 ਸਾਲਾਂ ਬਾਅਦ ਵੀ ਜਾਂਚ ਕਮੇਟੀ ਦੀਆਂ ਕਈ ਹੋਰ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਾਂ ਇਸ ਸਬੰਧ ਵਿੱਚ ਕੰਮ ਮੁਕੰਮਲ ਨਹੀਂ ਹੋ ਸਕਿਆ।

ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਹਾਥਰਸ ਕਾਂਡ ਦੇ ਕੁਝ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਪੀੜਤਾਂ ਲਈ ਢੁਕਵਾਂ ਮੁਆਵਜ਼ਾ ਛੇਤੀ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਹੈ। ਇਸ ਘਟਨਾ ਵਿੱਚ ਪ੍ਰਸ਼ਾਸਨ ਦੀ ਤਰਫ਼ੋਂ ਕੀਤੀਆਂ ਉਕਾਈਆਂ ਦੀ ਨਿੱਠ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਮਿਲ ਸਕੇ ਅਤੇ ਨਾਲ ਹੀ ਭਵਿੱਖ ਵਿੱਚ ਅਜਿਹੇ ਦੁਖਾਂਤ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਵੀ ਲੋੜ ਹੈ। ਅਧਿਕਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਮਜ਼ਬੂਤ ਰਣਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਜਗ੍ਹਾ ਦੀ ਸਮੱਰਥਾ ਦੀਆਂ ਹੱਦਬੰਦੀਆਂ ਦੀ ਪਾਲਣਾ ਕਰਨਾ, ਕਾਰਗਰ ਐਮਰਜੈਂਸੀ ਰਿਸਪਾਂਸ ਯੋਜਨਾ, ਸੁਰੱਖਿਆ ਅਤੇ ਮੈਡੀਕਲ ਕਰਮੀਆਂ ਦੀ ਢੁਕਵੀਂ ਤਾਇਨਾਤੀ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ, ਕਾਰਗਰ ਸੰਚਾਰ ਚੈਨਲਾਂ ਦੀ ਵਰਤੋਂ ਆਦਿ ਸ਼ਾਮਿਲ ਹਨ। ਇਨ੍ਹਾਂ ਦੁਖਾਂਤਾਂ ਵਿੱਚ ਮਰਨ ਵਾਲਿਆਂ ਪ੍ਰਤੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਭਰ ਵਿੱਚ ਭੀੜ ਦੀ ਸੁਰੱਖਿਆ ਸਬੰਧੀ ਨੇਮਾਂ ਦੀ ਪਾਲਣਾ ਵਿੱਚ ਸੁਧਾਰ ਲਿਆ ਕੇ ਇਹ ਯਕੀਨੀ ਬਣਾਈਏ ਕਿ ਉਨ੍ਹਾਂ ਦੀਆਂ ਮੌਤਾਂ ਅਜ਼ਾਈਂ ਨਹੀਂ ਗਈਆਂ।

ਸਾਂਝਾ ਕਰੋ

ਪੜ੍ਹੋ