ਚੀਨ ਨਾਲ ਸਰਹੱਦੀ ਰੇੜਕਾ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਨੇ ਦੋਵਾਂ ਦੇਸ਼ਾਂ ਵਿਚਕਾਰ ਪੈਂਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਬਕਾਇਆ ਮੁੱਦਿਆਂ ਨੂੰ ਛੇਤੀ ਹੱਲ ਕਰਨ ਲਈ ਕੂਟਨੀਤਕ ਅਤੇ ਫ਼ੌਜੀ ਚੈਨਲਾਂ ਰਾਹੀਂ ਆਪਣੀਆਂ ਕੋਸ਼ਿਸ਼ਾਂ ਵਿਚ ਭਰਵਾਂ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਹਾਲਾਂਕਿ ਕਈ ਹਲਕੇ ਇਸ ਐਲਾਨ ਨੂੰ ਇਕ ਵੱਡੀ ਪ੍ਰਾਪਤੀ ਵਜੋਂ ਦੇਖ ਰਹੇ ਹਨ ਪਰ ਸਮੱਸਿਆ ਇਹ ਹੈ ਕਿ ਹਾਲੀਆ ਸਾਲਾਂ ਵਿਚ ਇਸ ਤਰ੍ਹਾਂ ਦੇ ਐਲਾਨਨਾਮੇ ਕਈ ਵਾਰ ਕੀਤੇ ਜਾ ਚੁੱਕੇ ਹਨ ਪਰ ਪੂਰਬੀ ਲੱਦਾਖ ਵਿਚ ਟਕਰਾਅ ਦਾ ਪਰਨਾਲਾ ਉੱਥੇ ਦਾ ਉੱਥੇ ਹੈ। ਦੋਵੇਂ ਆਗੂਆਂ ਨੇ ਕਜ਼ਾਖਸਤਾਨ ਵਿਚ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਸਿਖਰ ਸੰਮੇਲਨ ਮੌਕੇ ਗੱਲਬਾਤ ਕੀਤੀ ਹੈ ਅਤੇ ਜ਼ਾਹਰਾ ਤੌਰ ’ਤੇ ਉਹ ਦੁਵੱਲੇ ਸਬੰਧਾਂ ਦੀ ਮੁੜ ਉਸਾਰੀ ਕਰਨ ਦੇ ਇੱਛੁਕ ਜਾਪਦੇ ਸਨ ਪਰ ਫਿਰ ਵੀ ਅਮਨ ਅਤੇ ਸਥਿਰਤਾ ਦੀਆਂ ਗੱਲਾਂ ਤਾਂ ਹੁੰਦੀਆਂ ਆ ਰਹੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਗੱਲਬਾਤ ਅੱਗੇ ਨਹੀਂ ਵਧ ਰਹੀ ਅਤੇ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆ ਰਹੇ।

ਸਰਹੱਦੀ ਖੇਤਰਾਂ ਵਿਚ ਪਿੰਡਾਂ ਦਾ ਵਿਕਾਸ ਕਰਨ ਲਈ ਚੱਲ ਰਹੀ ਹੋੜ ਤੋਂ ਪਤਾ ਲਗਦਾ ਹੈ ਕਿ ਦੋਵੇਂ ਦੇਸ਼ਾਂ ਅੰਦਰ ਇਕ ਦੂਜੇ ਪ੍ਰਤੀ ਵਿਸ਼ਵਾਸ ਦੀ ਕਮੀ ਬਣੀ ਹੋਈ ਹੈ। ਇਸ ਦਿਸ਼ਾ ਵਿਚ ਚੀਨ ਦੀਆਂ ਕੋਸ਼ਿਸ਼ਾਂ ਦੇ ਪ੍ਰਤੀਕਰਮ ਵਜੋਂ ਭਾਰਤ ਨੇ ਵੀ ਅਰੁਣਾਚਲ ਪ੍ਰਦੇਸ਼ ਵਿਚ ਐੱਲਏਸੀ ਦੇ ਨੇੜੇ ਪਿੰਡ ਜਾਂ ਰਿਹਾਇਸ਼ੀ ਪੱਟੀਆਂ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਹੈ। ਚੀਨ ਨੇ ਆਪਣੇ ਇਲਾਕਾਈ ਦਾਅਵਿਆਂ ਨੂੰ ਪੁਖ਼ਤਾ ਕਰਨ ਲਈ ਅਤੇ ਆਪਣੀਆਂ ਫ਼ੌਜੀ ਤਿਆਰੀਆਂ ਵਜੋਂ ਐੱਲਏਸੀ (ਸ਼ਿਆਓਕਾਂਗ) ਦੇ ਨੇੜੇ ਕਰੀਬ 600 ਖੁਸ਼ਹਾਲ ਪਿੰਡ ਵਸਾ ਦਿੱਤੇ ਹਨ। ਇਸ ਦੇ ਜਵਾਬ ਵਿਚ ਭਾਰਤ ਨੇ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਤਹਿਤ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਸਿੱਕਮ ਦੇ ਕਰੀਬ 3000 ਪਿੰਡ ਲਿਆਂਦੇ ਜਾਣਗੇ।

ਇਸ ਪ੍ਰੋਗਰਾਮ ਦਾ ਫੋਕਸ ਸੜਕੀ ਅਤੇ ਦੂਰਸੰਚਾਰ ਕੁਨੈਕਟੀਵਿਟੀ ਵਿਚ ਸੁਧਾਰ ਲਿਆਉਣ, ਰਿਹਾਇਸ਼ੀ ਅਤੇ ਸੈਰ ਸਪਾਟਾ ਸੁਵਿਧਾਵਾਂ ਮੁਹੱਈਆ ਕਰਾਉਣ ’ਤੇ ਰਹੇਗਾ। ਇਸ ਦੇ ਨਾਲ ਹੀ ਹੋਰ ਪਿੰਡ ਵੀ ਇਸ ਦੇ ਦਾਇਰੇ ਹੇਠ ਲਿਆਂਦੇ ਜਾਣਗੇ ਤਾਂ ਕਿ ਉਹ ਸਰਹੱਦੀ ਖੇਤਰਾਂ ਵਿਚ ਫ਼ੌਜੀਆਂ ਲਈ ਅੱਖਾਂ ਤੇ ਕੰਨਾਂ ਦਾ ਕੰਮ ਕਰ ਸਕਣ। ਬੁਨਿਆਦੀ ਢਾਂਚਾ ਉਸਾਰੀ ਤੇ ਫੌਜੀ ਤਾਇਨਾਤੀ ’ਤੇ ਦਿੱਤੇ ਜਾ ਰਹੇ ਇਸ ਵਿਸ਼ੇਸ਼ ਧਿਆਨ ਵਿਚਾਲੇ ਕੂਟਨੀਤਕ ਤੇ ਸੈਨਿਕ ਪੱਧਰਾਂ ਉਤੇ ਸਮੇਂ-ਸਮੇਂ ਹੁੰਦੀ ਰਹੀ ਵਾਰਤਾ ਅਕਸਰ ਬੇਸਿੱਟਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਇਕ-ਦੂਜੇ ਨੂੰ ਮਿਲਣ ਲਈ ਕਥਿਤ ਤੌਰ ’ਤੇ ਇੱਛਾ ਨਾ ਜ਼ਾਹਿਰ ਕਰਨਾ ਵੀ ਇਕ ਬਹੁਤ ਵੱਡਾ ਅੜਿੱਕਾ ਹੈ। ਅਕਤੂਬਰ 2019 ਵਿਚ ਸ਼ੀ ਜਿਨਪਿੰਗ ਵੱਲੋਂ ਮਾਮੱਲਾਪੁਰਮ ਸੰਮੇਲਨ ਲਈ ਭਾਰਤ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੋਈ ਵੀ ਦੁਵੱਲਾ ਦੌਰਾ ਸਿਰੇ ਨਹੀਂ ਚੜ੍ਹ ਸਕਿਆ ਹੈ। ਹੁਣ ਇਹ ਦੋਵਾਂ ਆਗੂਆਂ ’ਤੇ ਨਿਰਭਰ ਹੈ ਕਿ ਕੀ ਉਹ ਚੀਜ਼ਾਂ ਨੂੰ ਲੀਹ ਤੋਂ ਭਟਕਣ ਦੇਣਗੇ ਜਾਂ ਟਕਰਾਅ ਵਾਲੇ ਮੁੱਦਿਆਂ ਨੂੰ ਆਹਮੋ-ਸਾਹਮਣੇ ਬੈਠ ਕੇ ਨਜਿੱਠਣਗੇ।

ਸਾਂਝਾ ਕਰੋ

ਪੜ੍ਹੋ