ਸੰਤ ਤੇਜਾ ਸਿੰਘ (ਐੱਮਏ, ਐੱਲਐੱਲਬੀ, ਏਐੱਮ ਹਾਰਵਰਡ ਯੂਐੱਸਏ) ਦਾ ਜਨਮ ਪਿੰਡ ਬਲੋਵਾਲੀ ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ 14 ਮਈ 1877 ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅੰਮਿ੍ਤ ਵੇਲੇ ਮਹਿਤਾ ਖੱਤਰੀ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਰਲ਼ਾ ਸਿੰਘ ਤੇ ਮਾਤਾ ਦਾ ਨਾਮ ਸਦਾ ਕੌਰ ਸੀ। ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਜੀ ਨੇ ਸਰਕਾਰੀ ਨੌਕਰੀ ਕੀਤੀ ਤੇ ਫਿਰ ਖ਼ਾਲਸਾ ਕਾਲਜ ਅੰਮਿ੍ਤਸਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਸਮੇਂ ਦੌਰਾਨ ਹੀ ਆਪ ਜੀ ਦਾ ਮੇਲ 20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਹੋਇਆ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਆਪ ਦਾ ਪੂਰਾ ਜੀਵਨ ਹੀ ਬਦਲ ਗਿਆ ਕਿਉਂਕਿ ਆਪ ਜੀ ਅੰਮਿ੍ਤ ਛਕ ਕੇ ਨਿਰੰਜਣ ਸਿੰਘ ਮਹਿਤਾ ਤੋਂ ਭਾਈ ਤੇਜਾ ਸਿੰਘ ਬਣ ਗਏ।
ਆਪ ਸੰਤ ਬਾਬਾ ਅਤਰ ਸਿੰਘ ਦੇ ਹੁਕਮ ਅਨੁਸਾਰ ਵਿਦੇਸ਼ ’ਚ ਪੜ੍ਹਾਈ ਕਰਨ ਗਏ ਜਿੱਥੇ ਕੈਂਬਰਿਜ ਅਤੇ ਹਾਰਵਰਡ ਯੂਨੀਵਰਸਿਟੀ ’ਚ ਪੜ੍ਹਾਈ ਦੌਰਾਨ ਸਿੱਖਾਂ ਨੂੰ ਯੂਨੀਵਰਸਿਟੀ ’ਚ ਦਸਤਾਰ ਸਜਾ ਕੇ ਜਾਣ ਦਾ ਹੱਕ ਦਿਵਾਇਆ ਤੇ ਇੰਗਲੈਂਡ ਤੇ ਅਮਰੀਕਾ ’ਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਵਾਏ। ਜਦੋਂ ਕੈਨੇਡਾ ਦੀ ਸਰਕਾਰ ਭਾਰਤ ਦੇ ਲੋਕਾਂ ਨੂੰ ਧੋਖੇ ਨਾਲ ਉੱਥੋਂ ਕੱਢ ਰਹੀ ਸੀ ਤਾਂ ਆਪ ਨੇ ਕੇਸ ਲੜ ਕੇ ਭਾਰਤੀ ਲੋਕਾਂ ਨੂੰ ਉੱਥੇ ਰਹਿਣ ਦਾ ਹੱਕ ਦਿਵਾਇਆ। ਜਦੋਂ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰ ਕੇ ਆਏ ਤਾਂ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਮਸਤੂਆਣਾ ਸਾਹਿਬ ਵਿਖੇ ਪ੍ਰਾਇਮਰੀ ਸਕੂਲ ਵਿਖੇ ਪੜ੍ਹਾਉਣ ਲੱਗ ਪਏ ਤੇ ਜਦੋਂ ਸੰਤ ਅਤਰ ਸਿੰਘ ਜੀ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਗਏ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਕਰਨ ’ਤੇ ਆਪ ਜੀ ਨੇ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।
‘ਵਿਸ਼ਵ ਸਦੀਵੀ ਸ਼ਾਂਤੀ’ ਲਈ ਜਰਮਨੀ ਤੇ ਜਾਪਾਨ ਵਿਖੇ ਹੋਈਆਂ ‘ਵਿਸ਼ਵ ਪੱਧਰੀ ਕਾਨਫਰੰਸਾਂ’ ਵਿਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਨਗਰ ਚੀਮਾ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ ਤੇ ਸੰਤ ਅਤਰ ਸਿੰਘ ਜੀ ਦੇ ਹੁਕਮ ਅਨੁਸਾਰ ਬੜੂ ਸਾਹਿਬ ਦੀ ਪਾਵਨ ਧਰਤੀ ਨੂੰ ਪ੍ਰਗਟ ਕਰ ਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਥਾਪਨਾ ਕੀਤੀ ਜਿਸ ਤਹਿਤ ਅੱਜ 2 ਯੂਨੀਵਰਸਿਟੀਆਂ, 129 ਅਕਾਲ ਅਕੈਡਮੀਆ ਤੇ ਅਨੇਕ ਹੋਰ ਸਮਾਜ ਭਲਾਈ ਦੇ ਕਾਰਜ ਵੱਡੇ ਪੱਧਰ ’ਤੇ ਚੱਲ ਰਹੇ ਹਨ। ਸੰਤ ਤੇਜਾ ਸਿੰਘ ਦੀ ਬਰਸੀ ਬਾਰੇ ਸਮਾਗਮ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ 3 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਵੀ ਬੜੂ ਸਾਹਿਬ ਟਰੱਸਟ ਵੱਲੋਂ 5 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਮਨਾਈ ਜਾ ਰਹੀ ਹੈ।