ਹਾਥਰਸ ’ਚ ਦੁਖਾਂਤ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਧਾਰਮਿਕ ਸਮਾਗਮ ਵਿਚ ਭਾਜੜ ਕਾਰਨ ਸੌ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਇਸ ਸਮਾਗਮ ਵਿਚ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਤਾਦਾਦ ਵਿਚ ਲੋਕ ਸ਼ਾਮਲ ਹੋਏ ਅਤੇ ਜਦ ਉਹ ਆਯੋਜਨ ਉਪਰੰਤ ਜਾਣ ਲੱਗੇ ਤਾਂ ਨਾਕਸ ਪ੍ਰਬੰਧਾਂ ਸਦਕਾ ਭਾਜੜ ਮਚ ਗਈ ਅਤੇ ਲੋਕਾਂ ਨੇ ਹੀ ਇਕ-ਦੂਜੇ ਨੂੰ ਕੁਚਲ ਦਿੱਤਾ।

ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਜਾਨੀ ਨੁਕਸਾਨ ਦਾ ਕਾਰਨ ਹੀ ਨਹੀਂ ਬਣਦੀਆਂ ਬਲਕਿ ਦੇਸ਼ ਦੀ ਬਦਨਾਮੀ ਵੀ ਕਰਵਾਉਂਦੀਆਂ ਹਨ। ਹਾਥਰਸ ਦੀ ਘਟਨਾ ਕਿੰਨੀ ਜ਼ਿਆਦਾ ਸੰਗੀਨ ਹੈ, ਇਸ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਆਮ ਤੌਰ ’ਤੇ ਇਹੀ ਦੇਖਣ ਵਿਚ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕਾਰਵਾਈ ਦੇ ਨਾਂ ’ਤੇ ਕੁਝ ਜ਼ਿਆਦਾ ਨਹੀਂ ਹੁੰਦਾ। ਇਸੇ ਕਾਰਨ ਸਮੇਂ-ਸਮੇਂ ’ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਜਾਨਾਂ ਗੁਆਉਂਦੇ ਹਨ। ਇਸ ਦੇ ਬਾਵਜੂਦ ਕੋਈ ਸਬਕ ਸਿੱਖਣ ਤੋਂ ਇਨਕਾਰ ਕੀਤਾ ਜਾਂਦਾ ਹੈ। ਧਾਰਮਿਕ ਆਯੋਜਨਾਂ ਵਿਚ ਨਾਕਸ ਬੰਦੋਬਸਤਾਂ ਅਤੇ ਅਣਦੇਖੀ ਕਾਰਨ ਲੋਕਾਂ ਦੀ ਜਾਨ ਜਾਣ ਦੇ ਸਿਲਸਿਲੇ ’ਤੇ ਇਸ ਲਈ ਵਿਰਾਮ ਨਹੀਂ ਲੱਗ ਪਾ ਰਿਹਾ ਹੈ ਕਿਉਂਕਿ ਦੋਸ਼ੀਆਂ ਵਿਰੁੱਧ ਕਦੇ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਨਜ਼ੀਰ ਬਣ ਸਕੇ।

ਹਾਥਰਸ ਵਿਚ ਜਿਸ ਬਾਬੇ ਦੇ ਸਤਿਸੰਗ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਸੀ, ਉਹ ਪਹਿਲਾਂ ਪੁਲਿਸ ਮਹਿਕਮੇ ਵਿਚ ਨੌਕਰੀ ਕਰਦਾ ਸੀ ਅਤੇ ਉਸ ਦੇ ਆਯੋਜਨਾਂ ਦੀ ਦੇਖ-ਰੇਖ ਉਸ ਦੇ ਪੈਰੋਕਾਰ ਕਰਦੇ ਹਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੇ ਇਹ ਦੇਖਣ-ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਭਾਰੀ ਭੀੜ ਨੂੰ ਸੰਭਾਲਣ ਦੀ ਢੁੱਕਵੀਂ ਵਿਵਸਥਾ ਹੈ ਜਾਂ ਨਹੀਂ? ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਸ ਆਯੋਜਨ ਦੀ ਆਗਿਆ ਦੇਣ ਵਾਲੇ ਅਧਿਕਾਰੀਆਂ ਨੇ ਵੀ ਕਾਗਜ਼ੀ ਖ਼ਾਨਾਪੂਰਤੀ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਨੇ ਇਸ ’ਤੇ ਜ਼ਰੂਰ ਧਿਆਨ ਦਿੱਤਾ ਹੁੰਦਾ ਕਿ ਆਯੋਜਨ ਵਾਲੀ ਜਗ੍ਹਾ ਲਾਗੇ ਖੱਡਾ ਲੋਕਾਂ ਦੀਆਂ ਜਾਨਾਂ ਨੂੰ ਜੋਖ਼ਮ ਵਿਚ ਪਾ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਆਪਣੇ ਦੇਸ਼ ਵਿਚ ਧਾਰਮਿਕ-ਸਮਾਜਿਕ ਆਯੋਜਨਾਂ ਵਿਚ ਕੋਈ ਇਸ ਦੀ ਪਰਵਾਹ ਨਹੀਂ ਕਰਦਾ ਕਿ ਜੇ ਭਾਰੀ ਭੀੜ ਕਾਰਨ ਹਾਲਾਤ ਬੇਕਾਬੂ ਹੋ ਗਏ ਤਾਂ ਉਨ੍ਹਾਂ ਨਾਲ ਕਿਵੇਂ ਸਿੱਝਿਆ ਜਾਵੇਗਾ?

ਇਹ ਪੱਕਾ ਹੈ ਕਿ ਹਾਥਰਸ ਵਿਚ ਇੰਨੀ ਜ਼ਿਆਦਾ ਗਿਣਤੀ ਵਿਚ ਲੋਕਾਂ ਦੇ ਮਾਰੇ ਜਾਣ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ਦਾ ਤਾਂਤਾ ਲੱਗੇਗਾ ਪਰ ਕੀ ਦੁੱਖ ਜ਼ਾਹਰ ਕਰਨ ਵਾਲੇ ਅਜਿਹੇ ਕੋਈ ਉਪਾਅ ਵੀ ਯਕੀਨੀ ਬਣਾ ਸਕਣਗੇ ਜਿਨ੍ਹਾਂ ਸਦਕਾ ਭਵਿੱਖ ਵਿਚ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ? ਸਵਾਲ ਇਹ ਵੀ ਹੈ ਕਿ ਆਖ਼ਰ ਧਾਰਮਿਕ ਆਯੋਜਨਾਂ ਵਿਚ ਧਰਮ-ਕਰਮ ਦਾ ਉਪਦੇਸ਼ ਦੇਣ ਵਾਲੇ ਲੋਕਾਂ ਨੂੰ ਸੰਜਮ ਅਤੇ ਅਨੁਸ਼ਾਸਨ ਦਾ ਸਬਕ ਕਿਉਂ ਨਹੀਂ ਦੇ ਪਾਉਂਦੇ? ਇਹ ਪ੍ਰਸ਼ਨ ਇਸ ਲਈ, ਕਿਉਂਕਿ ਕਈ ਵਾਰ ਅਜਿਹੇ ਆਯੋਜਨਾਂ ਵਿਚ ਭਾਜੜ ਦਾ ਕਾਰਨ ਲੋਕਾਂ ਦਾ ਗ਼ੈਰ-ਸੰਜਮੀ ਵਿਵਹਾਰ ਵੀ ਬਣਦਾ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...