ਨਵੇਂ ਥਲ ਸੈਨਾ ਮੁਖੀ

ਜਨਰਲ ਉਪੇਂਦਰ ਦਿਵੇਦੀ ਨੇ ਥਲ ਸੈਨਾ ਦੇ 30ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਫਰਵਰੀ ਮਹੀਨੇ ਤੱਕ ਉਹ ਥਲ ਸੈਨਾ ਦੇ ਉਪ ਮੁਖੀ ਸਨ ਅਤੇ ਉਨ੍ਹਾਂ ਜਨਰਲ ਮਨੋਜ ਪਾਂਡੇ ਕੋਲੋਂ ਚਾਰਜ ਲੈ ਲਿਆ ਹੈ ਜਿਨ੍ਹਾਂ ਦੀ ਮਿਆਦ ਵਿੱਚ ਇਕ ਮਹੀਨੇ ਦਾ ਵਾਧਾ ਕੀਤਾ ਗਿਆ ਸੀ। ਨਵੇਂ ਥਲ ਸੈਨਾ ਮੁਖੀ ਨੇ ਇਹ ਗੱਲ ਆਖੀ ਹੈ ਕਿ ਉਹ ਫ਼ੌਜ ਦੇ ਆਧੁਨਿਕੀਕਰਨ ਦਾ ਸਵਾਲ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨਵੀਂ ਤਕਨਾਲੋਜੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਅਤੇ ਤੇਜ਼ੀ ਨਾਲ ਬਦਲ ਰਹੇ ਭੂ-ਰਾਜਸੀ ਮਾਹੌਲ ਅੰਦਰ ਆਤਮ-ਨਿਰਭਰਤਾ ਉੱਪਰ ਵਧੇਰੇ ਜ਼ੋਰ ਦਿੱਤਾ ਹੈ। ਕੁਝ ਖ਼ਾਸ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਫ਼ੌਜ ਦੀ ਸਮੱਰਥਾ ਅਤੇ ਤਿਆਰੀ ਦਾ ਪੂਰਾ ਭਰੋਸਾ ਦਿਵਾਇਆ ਹੈ। ਪੂਰਬੀ ਲੱਦਾਖ ਵਿੱਚ ਚੀਨ ਨਾਲ ਲੱਗਦੀ ਕੰਟਰੋਲ ਰੇਖਾ (ਐੱਲਏਸੀ) ਉੱਪਰ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਵੇਂ ਹੀ ਥਲ ਸੈਨਾ ਮੁਖੀ ਲਈ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਹਮਲਿਆਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਤਰੀ ਕਮਾਂਡ ਦੇ ਕਮਾਂਡਰ ਵਜੋਂ ਉਨ੍ਹਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਵੱਡੀ ਰੱਦੋਬਦਲ ਅਮਲ ਵਿੱਚ ਲਿਆਂਦੀ ਸੀ।

ਵੱਖ-ਵੱਖ ਯੋਜਨਾਵਾਂ ਅਤੇ ਢਾਂਚਾਗਤ ਸੁਧਾਰਾਂ ਦੇ ਸਵਾਲਾਂ ਉੱਪਰ ਵੀ ਕੰਮ ਜਾਰੀ ਰਹਿਣਾ ਚਾਹੀਦਾ ਹੈ ਹਾਲਾਂਕਿ ਇਨ੍ਹਾਂ ਦੀ ਦੇਖ-ਰੇਖ ਤਿੰਨੋ ਸੈਨਾਵਾਂ ਦੇ ਸਾਂਝੇ ਮੁਖੀ ਵੱਲੋਂ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਵਸੀਹ ਸਲਾਹਕਾਰੀ ਚੌਖਟੇ ਕੰਮ ਕਰਦੇ ਹਨ ਜਿਨ੍ਹਾਂ ਲਈ ਕਾਫ਼ੀ ਸਮਾਂ ਖਰਚ ਹੁੰਦਾ ਹੈ ਅਤੇ ਇਹ ਠੀਕ ਵੀ ਹੈ। ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ ਮੁੱਦੇ ਨੂੰ ਬਿਨਾਂ ਕਿਸੇ ਵਿਰੋਧ ਤੋਂ ਜਬਰੀ ਪ੍ਰਵਾਨ ਨਾ ਕਰਵਾ ਲਿਆ ਜਾਵੇ। ਥਲ, ਹਵਾਈ ਤੇ ਜਲ ਸੈਨਾਵਾਂ ਦਰਮਿਆਨ ਜਿਸ ਸਹਿਯੋਗ ਦੀ ਕਲਪਨਾ ਕੀਤੀ ਗਈ ਹੈ, ਉਸ ਤਹਿਤ ਸਾਂਝੇ ਟੀਚੇ ਅਤੇ ਉਦੇਸ਼ ਸੁਭਾਵਿਕ ਤੌਰ ’ਤੇ ਪ੍ਰਾਪਤ ਹੋਣੇ ਚਾਹੀਦੇ ਹਨ। ਇਸ ਨੁਕਤੇ ਨੂੰ ਅਮਲੀ ਤੌਰ ’ਤੇ ਸਿਰੇ ਚੜ੍ਹਾਉਣ ਵਿੱਚ ਵੱਖ-ਵੱਖ ਸੈਨਾਵਾਂ ਦੇ ਮੁਖੀਆਂ ਦੀ ਭੂਮਿਕਾ ਬੇਹੱਦ ਅਹਿਮ ਬਣ ਜਾਂਦੀ ਹੈ। ਚਾਰ ਸਾਲਾਂ ਦਾ ਸਮਾਂ ਮੁੱਕਣ ’ਤੇ ਵੱਧ ਤੋਂ ਵੱਧ ਅਗਨੀਵੀਰਾਂ ਨੂੰ ਸੈਨਾ ਵਿੱਚ ਕਾਇਮ ਰੱਖਣ ਦੀ ਮੰਗ ਹੁਣ ਸਿਆਸੀ ਗਲਿਆਰਿਆਂ ’ਚ ਜ਼ੋਰ ਫੜ ਰਹੀ ਹੈ, ਖ਼ਾਸ ਤੌਰ ’ਤੇ ਹਾਲੀਆ ਚੋਣਾਂ ਵਿੱਚ ਇਸ ਦੇ ਵੱਡਾ ਮੁੱਦਾ ਬਣਨ ਤੋਂ ਬਾਅਦ ਇਹ ਹੋਰ ਮਜ਼ਬੂਤ ਹੋਈ ਹੈ।

ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਨਰਲ ਦਿਵੇਦੀ ਅਗਨੀਪਥ ਭਰਤੀ ਸਕੀਮ ਬਾਰੇ ਜ਼ਾਹਿਰ ਕੀਤੇ ਗਏ ਫਿ਼ਕਰਾਂ ਨਾਲ ਕਿਵੇਂ ਨਜਿੱਠਦੇ ਹਨ। ਵਕਤ ਵੰਗਾਰ ਭਰਪੂਰ ਹੈ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਆਪਣੀਆਂ ਯੋਜਨਾਵਾਂ ਅਤੇ ਤਰਜੀਹਾਂ ਨੂੰ ਅਮਲੀ ਰੂਪ ਦੇਣਾ ਪਵੇਗਾ। ਅਸਲ ਵਿਚ, ਫ਼ੌਜ ਲਈ ਇਹ ਤਰਜੀਹਾਂ ਹੀ ਅਗਲੇ ਰਾਹ ਮੋਕਲੇ ਕਰਨ ਵਿੱਚ ਸਹਾਈ ਹੋਣਗੀਆਂ। ਜੰਮੂ ਤੇ ਕਸ਼ਮੀਰ ਰਾਈਫਲਜ਼ ਵਿੱਚ 1984 ਵਿੱਚ ਕਮਿਸ਼ਨ ਲੈਣ ਵਾਲੇ ਜਨਰਲ ਦਿਵੇਦੀ ਮੱਧ ਪ੍ਰਦੇਸ਼ ਦੇ ਰੇਵਾ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹਨ। ਉਹ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਸਕੂਲ ਵਿੱਚ ਇਕੱਠੇ ਸਨ। ਹਥਿਆਰਬੰਦ ਸੈਨਾਵਾਂ ਦੀ ਬਰਾਦਰੀ ਲਈ ਇਹ ਤਸੱਲੀਬਖ਼ਸ਼ ਇਤਫ਼ਾਕ ਹੈ। ਤਵੱਕੋ ਕੀਤੀ ਜਾ ਰਹੀ ਹੈ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਨਵੇਂ ਪੂਰਨੇ ਪਾਉਣਗੇ ਅਤੇ ਫ਼ੌਜ ਨੂੰ ਬੁਲੰਦੀ ਉਤੇ ਲੈ ਕੇ ਜਾਣਗੇ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...