ਟਰੰਪ ਤੇ ਬਾਇਡਨ ਦੀ ਬਹਿਸ

ਜੋਅ ਬਾਇਡਨ 81 ਸਾਲਾਂ ਦੇ ਹਨ, ਉਨ੍ਹਾਂ ਦਾ ਮੁਕਾਬਲਾ ਕਰ ਰਹੇ ਡੋਨਾਲਡ ਟਰੰਪ 78 ਵਰ੍ਹਿਆਂ ਦੇ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਇਨ੍ਹਾਂ ਦੋ ਉਮੀਦਵਾਰਾਂ ਦਰਮਿਆਨ ਹੋਈ ਪਹਿਲੀ ਬਹਿਸ ’ਚ ਉਮਰ ਦਾ ਇਹ ਫ਼ਰਕ ਕੁਝ ਜਿ਼ਆਦਾ ਹੀ ਜਾਪਿਆ ਹੈ। ਰਾਸ਼ਟਰਪਤੀ ਬਾਇਡਨ ਲਈ ਸਭ ਤੋਂ ਮਹੱਤਵਪੂਰਨ ਕੰਮ ਸੀ ਕਿ ਉਹ ਆਪਣੀ ਸਭ ਤੋਂ ਵੱਡੀ ਕਮਜ਼ੋਰੀ- ਵਡੇਰੀ ਉਮਰ ਦੇ ਮੱਦੇਨਜ਼ਰ ਅਹੁਦੇ ਲਈ ਲੋੜੀਂਦੀ ਸਮਰੱਥਾ ਸਬੰਧੀ ਜਨਤਾ ਦੇ ਖ਼ਦਸ਼ਿਆਂ ਨੂੰ ਦੂਰ ਕਰਦੇ। ਉਹ ਇਸ ਵਿੱਚ ਨਾਕਾਮ ਹੋ ਗਏ ਹਨ, ਉਹ ਵੀ ਬੁਰੀ ਤਰ੍ਹਾਂ। ਟਰੰਪ ਦੂਜੇ ਕਾਰਜਕਾਲ ਲਈ ਆਪਣਾ ਕੇਸ ਮਜ਼ਬੂਤੀ ਨਾਲ ਰੱਖ ਗਏ ਹਨ ਤੇ ਉਨ੍ਹਾਂ ਨੂੰ ਬਹੁਤੇ ਵਿਰੋਧ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ। ਬਾਇਡਨ ਬਹਿਸ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੰਦਿਆਂ ਚੀਜ਼ਾਂ ਭੁੱਲਦੇ ਤੇ ਬੁੜਬੁੜਾਉਂਦੇ ਹੋਏ ਨਜ਼ਰ ਆਏ।

ਇੱਕ ਅਜਿਹੇ ਉਮੀਦਵਾਰ ਵਜੋਂ ਜੋ ਲਗਾਤਾਰ ਬਾਇਡਨ ਨੂੰ ਉਨ੍ਹਾਂ ਦੀ ਉਮਰ ’ਤੇ ਨਿਸ਼ਾਨਾ ਬਣਾਉਂਦੇ ਰਹੇ ਹਨ, ਟਰੰਪ ਨੇ ਸੰਜਮ ਧਾਰਿਆ। ਅਜਿਹਾ ਜਾਪਦਾ ਸੀ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਪਾਲੇ ’ਚ ਹੀ ਗੋਲ ਕਰਨ ਦੇਣਾ ਚਾਹੁੰਦੇ ਹਨ। ਇੱਕ ਨੁਕਤੇ ’ਤੇ ਜਦੋਂ ਬਾਇਡਨ ਸਰਹੱਦੀ ਸੁਰੱਖਿਆ ’ਤੇ ਆਪਣੇ ਕਦਮਾਂ ਦਾ ਬਚਾਅ ਕਰਦਿਆਂ ਬੋਲਣ ਵੇਲੇ ਢਲਦੇ ਜਿਹੇ ਦਿਸੇ ਤਾਂ ਟਰੰਪ ਨੇ ਕਿਹਾ, ‘ਮੈਨੂੰ ਬਿਲਕੁਲ ਸਮਝ ਨਹੀਂ ਆਇਆ ਕਿ ਉਨ੍ਹਾਂ ਵਾਕ ਦੇ ਅੰਤ ’ਚ ਕੀ ਕਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਵੀ ਪਤਾ ਹੋਵੇਗਾ ਕਿ ਉਨ੍ਹਾਂ ਕੀ ਕਿਹਾ ਹੈ।’ ਡੈਮੋਕਰੈਟਾਂ ਲਈ ਇਹ ਝਟਕੇ ਤੋਂ ਘੱਟ ਨਹੀਂ ਜਿਹੜੇ ਬਾਇਡਨ ਤੋਂ ਆਸ ਕਰ ਰਹੇ ਹਨ ਕਿ ਉਹ ਵੋਟਰਾਂ ਨੂੰ ਡੋਨਾਲਡ ਦੇ ਰਾਸ਼ਟਰਪਤੀ ਕਾਰਜਕਾਲ ਦੀ ਅਰਾਜਕ ਸਥਿਤੀ ਦਾ ਚੇਤਾ ਕਰਵਾ ਕੇ ਇਸ ਚੋਣ ਨੂੰ ਉਸ (ਟਰੰਪ) ਖਿ਼ਲਾਫ਼ ਰਾਇਸ਼ੁਮਾਰੀ ਵਜੋਂ ਪਲਟ ਦੇਣਗੇ।

ਅਜਿਹਾ ਪਹਿਲੀ ਵਾਰ ਹੈ ਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਅਤੇ ਉਸ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਆਗੂ ਵਿਚਾਲੇ ਬਹਿਸ ਹੋ ਰਹੀ ਹੈ। ਸਮੀਖਿਅਕਾਂ ਮੁਤਾਬਿਕ ਚਾਰ ਸਾਲ ਪਹਿਲਾਂ ਇਨ੍ਹਾਂ ਵਿਚਾਲੇ ਹੋਈ ਅਜਿਹੀ ਹੀ ਬਹਿਸ ਅਤੇ ਹੁਣ ਹੋਏ ਸਵਾਲਾਂ ਜਵਾਬਾਂ ਵਿਚਾਲੇ ਕਾਫ਼ੀ ਅੰਤਰ ਹੈ। ਉਸ ਸਮੇਂ ਬਾਇਡਨ ਨੇ ਟਰੰਪ ਦੇ ਰਿਕਾਰਡ ਨੂੰ ਬਾਰੀਕੀ ਨਾਲ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਸੀ ਤੇ ਦੇਸ਼ ਨੂੰ ਵੱਖਰਾ ਨਜ਼ਰੀਆ ਦੇ ਕੇ ਉਮੀਦ ਬੰਨ੍ਹੀ ਸੀ। ਇਸ ਵਾਰ ਉਹ ਆਪਣੇ ਰਿਪਬਲਿਕਨ ਮੁਕਾਬਲੇਬਾਜ਼ ਨੂੰ ਜਿ਼ਆਦਾ ਘੇਰਨ ’ਚ ਅਯੋਗ ਸਾਬਿਤ ਹੋਏ ਹਾਲਾਂਕਿ ਟਰੰਪ ਦੇ ਕਈ ਕਥਨ ਤੱਥਾਂ ਤੋਂ ਦੂਰ ਸਨ। ਰਾਸ਼ਟਰਪਤੀ ਦਾ ਖ਼ਰਾਬ ਪ੍ਰਦਰਸ਼ਨ ਯਕੀਨਨ ਤੌਰ ’ਤੇ ਪਾਰਟੀ ’ਚ ਅੰਦਰਖਾਤੇ ਹਲਚਲ ਪੈਦਾ ਕਰੇਗਾ। ਮਾਮੂਲੀ ਵਿਰੋਧ ਨਾਲ ਬਾਇਡਨ ਨੂੰ ਦੂਜੀ ਨਾਮਜ਼ਦਗੀ ਸੌਂਪੇ ਜਾਣ ਦੇ ਮੁੱਦੇ ’ਤੇ ਡੈਮੋਕਰੈਟ ਆਗੂ ਇੱਕ-ਦੂਜੇ ’ਤੇ ਵੀ ਨਿਸ਼ਾਨਾ ਸੇਧ ਸਕਦੇ ਹਨ। ਉਨ੍ਹਾਂ ਨੂੰ ਨਾਮਜ਼ਦਗੀ ਦੇਣ ਦੇ ਫ਼ੈਸਲੇ ਉੱਤੇ ਸਵਾਲ ਉੱਠ ਸਕਦੇ ਹਨ। ਕੁਝ ਇਹ ਵੀ ਸੋਚ ਰਹੇ ਹੋਣਗੇ ਕਿ ਉਨ੍ਹਾਂ ਨੂੰ ਹੋਰ ਉਮੀਦਵਾਰ ਕਿਵੇਂ ਮਿਲ ਸਕਦਾ ਹੈ। ਸਤੰਬਰ ਵਿੱਚ ਦੂਜੀ ਬਹਿਸ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣ ਲਈ ਬਾਇਡਨ ਦੀ ਪ੍ਰਚਾਰ ਟੀਮ ਕੋਲ ਦੋ ਮਹੀਨੇ ਬਾਕੀ ਹਨ। ਫਿਲਹਾਲ ਤਾਂ ਜਿ਼ਆਦਾ ਲੋਕ ਰਾਸ਼ਟਰਪਤੀ ਵਜੋਂ ਟਰੰਪ ਬਾਰੇ ਚਰਚਾ ਕਰਨ ਦੀ ਥਾਂ ਬਹਿਸ ਵਿੱਚ ਬਾਇਡਨ ਦੀ ਕਾਰਗੁਜ਼ਾਰੀ ਬਾਰੇ ਵੱਧ ਗੱਲ ਕਰ ਰਹੇ ਹਨ।

ਸਾਂਝਾ ਕਰੋ

ਪੜ੍ਹੋ