ਮੋਬਾਈਲ ਫੋਨਾਂ ਰਾਹੀਂ ਬਣੇ ਰਿਸ਼ਤਿਆਂ ਦਾ ਅੰਤ ਹੁੰਦਾ ਹੈ ਭਿਆਨਕ

ਲੰਘੇ ਸਮੇਂ ’ਤੇ ਅਗਰ ਪੰਛੀ ਝਾਤ ਮਾਰੀ ਜਾਵੇ ਤਾਂ ਸੋਚ-ਸੋਚ ਕੇ ਬੇਹੱਦ ਹੈਰਾਨੀ ਹੁੰਦੀ ਹੈ ਕਿ ਦੁਨੀਆ ਕਿੰਨੀ ਬਦਲ ਗਈ ਹੈ। ਹੁਣ ਮੋਹ-ਮੁਹੱਬਤ ਤੇ ਅਪਣੱਤ ਰਿਸ਼ਤਿਆਂ ਵਿੱਚੋਂ ਬਿਲਕੁਲ ਮਨਫੀ਼ ਹੁੰਦੀ ਜਾ ਰਹੀ ਹੈ। ਵੱਡੇ ਤਾਂ ਕੀ, ਬੱਚਿਆਂ ਦੇ ਜੀਵਨ ਜਿਊਣ ਦੇ ਢੰਗ ’ਚ ਬੇਇੰਤਹਾ ਫ਼ਰਕ ਪੈ ਗਿਆ ਹੈ। ਅੱਜ-ਕੱਲ੍ਹ ਦੇ ਬੱਚਿਆਂ ਨੂੰ ਨਾ ਤਾਂ ਮਾਪਿਆਂ ਦਾ ਕੋਈ ਡਰ-ਭੈਅ ਰਿਹਾ ਹੈ ਤੇ ਨਾ ਹੀ ਅਧਿਆਪਕਾਂ ਦਾ। ਉਨ੍ਹਾਂ ਦੇ ਮਨਾਂ ਅੰਦਰ ਆਪਣੇ ਵੱਡਿਆਂ ਪ੍ਰਤੀ ਸਤਿਕਾਰ ਘਟ ਗਿਆ ਹੈ। ਉਨ੍ਹਾਂ ਨੂੰ ਵੱਡਿਆਂ ਦਾ ਕੋਈ ਲਿਹਾਜ਼ ਹੀ ਨਹੀਂ ਰਿਹਾ। ਛੋਟੀ ਉਮਰੇ ਹੀ ਇਕ ਨਿੱਕੀ ਜਿਹੀ ਡਿਵਾਈਸ ਮੋਬਾਈਲ ਫੋਨ ‘ਚ ਪੂਰਾ ਦਿਨ ਐਨੇ ਗ੍ਰਸੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਦੀ ਦੁਨੀਆ ਤਾਂ ਇਹ ਮੋਬਾਈਲ ਫੋਨ ਹੀ ਹੈ। ਇਸ ਤੋਂ ਉਹ ਚੰਗੀਆਂ ਗੱਲਾਂ ਘੱਟ ਤੇ ਮਾੜੀਆਂ ਵੱਧ ਸਿੱਖ ਰਹੇ ਹਨ। ਆਪਣੇ ਪਰਿਵਾਰ ‘ਚ ਰਹਿ ਕੇ ਵੀ ਉਹ ਉਸ ਨਾਲੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਸਿਰਫ਼ ਆਪਣੀ ਸਮਝ-ਸਿਆਣਪ ਹੀ ਵੱਡੀ ਲੱਗਦੀ ਹੈ। ਆਪਣੇ ਬਜ਼ੁਰਗਾਂ ਨੂੰ ਉਹ ਬਿਲਕੁਲ ਨਾਸਮਝ ਸਮਝਦੇ ਹਨ।

ਬੱਚਿਆਂ ਅੰਦਰੋਂ ਨੈਤਿਕ ਕਦਰਾਂ-ਕੀਮਤਾਂ ਖ਼ਤਮ ਹੋ ਜਾਣ ਕਰਕੇ ਉਨ੍ਹਾਂ ਨੂੰ ਵੱਡੇ-ਛੋਟੇ ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ। ਉਹ ਆਪ-ਹੁਦਰੀਆਂ ਹੀ ਕਰਦੇ ਫਿਰਦੇ ਹਨ। ਉਨ੍ਹਾਂ ਨੇ ਆਪਣੇ ਖਾਣ-ਪੀਣ ਤੇ ਪਹਿਨਣ ਦੇ ਢੰਗ ਨੂੰ ਬਿਲਕੁਲ ਬਦਲ ਲਿਆ ਹੈ। ਆਪਣੀ ਅਮੀਰ ਤਹਿਜ਼ੀਬ ਅਤੇ ਰਵਾਇਤੀ ਪਹਿਰਾਵੇ ਨੂੰ ਤੱਜ ਕੇ ਉਹ ਤੇਜ਼ੀ ਨਾਲ ਪੱਛਮ ਦਾ ਪ੍ਰਭਾਵ ਕਬੂਲ ਰਹੇ ਹਨ। ਆਧੁਨਿਕਤਾ ਨੂੰ ਅਪਣਾਉਣਾ ਬਹੁਤ ਚੰਗੀ ਗੱਲ ਹੈ ਪਰ ਬੇਢੰਗੇ ਕੱਪੜੇ ਪਾ ਕੇ ਸਰੀਰ ਦੀ ਨੁਮਾਇਸ਼ ਕਰਨਾ ਸਰਾਸਰ ਗ਼ਲਤ ਹੈ। ਉਹ ਸੈਲੀਬ੍ਰਿਟੀਜ਼ ਨੂੰ ਆਪਣਾ ਰੋਲ-ਮਾਡਲ ਮੰਨ ਕੇ ਉਨ੍ਹਾਂ ਦੀ ਨਕਲ ਕਰਦੇ ਹਨ ਪਰ ਇਹ ਨਹੀਂ ਸਮਝਦੇ ਕਿ ਆਮ ਜ਼ਿੰਦਗੀ ਨਾਲੋਂ ਉਨ੍ਹਾਂ ਦੀ ਜ਼ਿੰਦਗੀ ਜਿਊਣ ਵਿਚਾਲੇ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ। ਜਦੋਂ ਘਰ ਦੇ ਬਜ਼ੁਰਗ ਉਨ੍ਹਾਂ ਨੂੰ ਬੇਢੰਗੇ ਕੱਪੜੇ ਪਹਿਨਣ ਅਤੇ ਜੰਕ ਫੂਡ ਖਾਣ ਤੋਂ ਵਰਜਦੇ ਹਨ ਤਾਂ ਉਹ ਗੱਲ ਨੂੰ ਮੰਨਣ ਦੀ ਬਜਾਏ ਉਨ੍ਹਾਂ ਨੂੰ ਚਾਰ ਗੱਲਾਂ ਸੁਣਾ ਕੇ ਚੁੱਪ ਕਰਾ ਦਿੰਦੇ ਹਨ। ਇਹ ਵਰਤਾਰਾ ਉੱਕਾ ਹੀ ਸਹੀ ਨਹੀਂ ਹੈ। ਇਸ ਤਰ੍ਹਾਂ ਘਰਾਂ ਦੇ ਬਜ਼ੁਰਗਾਂ ਦਾ ਕਹਿਣਾ ਨਾ ਮੰਨਣਾ ਕਈ ਵਾਰ ਬੱਚਿਆਂ ਲਈ ਮੁਸੀਬਤ ਬਣ ਜਾਂਦਾ ਅਤੇ ਉਸ ਦੀ ਵੱਡੀ ਕੀਮਤ ਚੁਕਾਉਣੀ ਪੈ ਜਾਂਦੀ ਹੈ ਜਿਸ ਦਾ ਪਛਤਾਵੇ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।

ਹੁਣ ਜਾਨਵਰਾਂ ਭਾਵ ਕੁੱਤੇ-ਬਿੱਲਿਆਂ ਦੀ ਜਾਨ ਦੀ ਤਾਂ ਕੋਈ ਕੀਮਤ ਹੈ ਪਰ ਮਨੁੱਖ ਦਾ ਮਨੁੱਖ ਦਰਦੀ ਨਾ ਰਹਿਣ ਕਾਰਨ ਉਸ ਦੀ ਜਾਨ ਦੀ ਕੀਮਤ ਘਟ ਗਈ ਹੈ। ਹਰ ਰੋਜ਼ ਅੰਨ੍ਹੇਵਾਹ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ‘ਚ ਵੀ 75% ਕਾਰਨ ਮੋਬਾਈਲ ਫੋਨ ਦੀ ਵਰਤੋਂ ਹੀ ਹੁੰਦਾ ਹੈ। ਜਦੋਂ ਕੋਈ ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਕਰਦਾ ਹੈ ਤਾਂ ਮੱਲੋ-ਮੱਲੀ ਧਿਆਨ ਡਰਾਈਵਿੰਗ ਤੋਂ ਹਟ ਜਾਂਦਾ ਹੈ ਤੇ ਅਣਚਾਹਿਆ ਹਾਦਸਾ ਵਾਪਰ ਜਾਂਦਾ ਹੈ। ਫਿਰ ਉਹੀ ਗੱਲ ਕਿ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਹਰ ਕੋਈ ਇਸ ਮੋਬਾਈਲ ਫੋਨ ਨੂੰ ਆਪਣੇ ਭੈਣ-ਭਰਾ, ਮਾਂ-ਬਾਪ, ਦੋਸਤ-ਮਿੱਤਰ ਤੇ ਰਿਸ਼ਤੇਦਾਰ ਸਮਝਣ ਲੱਗ ਪਿਆ ਹੈ। ਕਿਸੇ ਨਾਲ ਕਿਸੇ ਨੂੰ ਕੋਈ ਬਹੁਤਾ ਹੇਜ ਨਹੀਂ ਰਹਿ ਗਿਆ ਹੈ। ਕੋਈ ਰੁੱਸਦਾ ਹੈ ਤਾਂ ਰੁੱਸੀ ਜਾਵੇ। ਲੋਕ ਵਾਈਫਾਈ ਵਰਗੇ ਹੋ ਗਏ ਹਨ ਅਰਥਾਤ ਜਦੋਂ ਕੋਈ ਕਿਸੇ ਨਾਲੋਂ ਜ਼ਰਾ ਜਿੰਨਾ ਵੀ ਦੂਰ ਹੁੰਦਾ ਹੈ ਤਾਂ ਝੱਟ ਹੀ ਦੂਸਰੇ ਪਾਸੇ ਕੁਨੈਕਟ ਹੋ ਜਾਂਦਾ ਹੈ ਕਿਉਂਕਿ ਦਿਲੀ ਮੋਹ ਦੀ ਬਿਲਕੁਲ ਘਾਟ ਹੈ।

ਰਿਸ਼ਤਾ ਤਾਂ ਦਿਮਾਗ ਤੋਂ ਨਿਭਾਇਆ ਜਾ ਰਿਹਾ ਹੁੰਦਾ ਤੇ ਦਿਮਾਗ ਤੋਂ ਨਿਭਾਏ ਜਾਣ ਵਾਲੇ ਰਿਸ਼ਤਿਆਂ ਦੀ ਉਮਰ ਥੋੜ੍ਹ-ਚਿਰੀ ਹੁੰਦੀ ਹੈ। ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਬਣੇ ਰਿਸ਼ਤਿਆਂ ਦਾ ਅੰਤ ਵੀ ਭਿਆਨਕ ਹੀ ਹੁੰਦਾ ਹੈ। ਪਿੱਛੇ ਜਿਹੇ ਮੋਹਾਲੀ ਵਿਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਇਕ ਸੁਖਚੈਨ ਨਾਂ ਦੇ ਮੁੰਡੇ ਨੇ ਕੁੜੀ ਦੀ ਉਸ ਨਾਲ ਵਿਆਹ ਦੀ ਰਜ਼ਾਮੰਦੀ ਨਾ ਹੋਣ ਕਰਕੇ ਉਸ ਦਾ ਦਿਨ-ਦਿਹਾੜੇ ਸੜਕ ‘ਤੇ ਸਾਰਿਆਂ ਦੇ ਸਾਹਮਣੇ ਕਤਲ ਕਰ ਦਿੱਤਾ। ਕੀ ਕਿਸੇ ਨੂੰ ਇਨਕਾਰ ਕਰਨ ਦਾ ਕੋਈ ਹੱਕ ਨਹੀਂ ਰਿਹਾ? ਇਹ ਕਿਹੋ ਜਿਹਾ ਪਿਆਰ ਹੈ? ਅਜਿਹੇ ਪਾਗਲਪਣ ’ਚ ਬਣਾਏ ਰਿਸ਼ਤੇ ਦੂਸਰਿਆਂ ਨੂੰ ਕੀ ਸੇਧ ਦਿੰਦੇ ਹਨ? ਉਸ ਦੇ ਮਾਪਿਆਂ ਨੇ ਭਾਵੇਂ ਨਾਮ ਤਾਂ ਉਸ ਦਾ ਸੁਖਚੈਨ ਰੱਖਿਆ ਸੀ ਪਰ ਉਸ ਦੇ ਇਸ ਤਰ੍ਹਾਂ ਦੇ ਅਣਮਨੁੱਖੀ ਕਾਰੇ ਨੇ ਪਤਾ ਨਹੀਂ ਕਿੰਨਿਆਂ ਦਾ ਸੁੱਖ-ਚੈਨ ਖੋਹ ਲਿਆ ਹੈ। ਕੀ ਇਸ ਤਰ੍ਹਾਂ ਪਿਆਰ ਜਤਾਉਣ ਦਾ ਤਰੀਕਾ ਸਹੀ ਹੈ?

ਪਿਆਰ ਦੇ ਮਾਅਨੇ ਹੀ ਬਦਲ ਗਏ ਜਾਪਦੇ ਹਨ। ਪਿਆਰ ਕਰਨ ਵਾਲੇ ਤਾਂ ਟਾਹਣੀ ਨਾਲੋਂ ਫੁੱਲ ਨੂੰ ਵੀ ਤੋੜਨਾ ਪਸੰਦ ਨਹੀਂ ਕਰਦੇ। ਸਗੋਂ ਨਿੱਤ ਉਸ ਦੀ ਦੇਖਭਾਲ ਕਰਦੇ ਹਨ। ਉਸ ਨੂੰ ਟਾਹਣੀ ਨਾਲ ਲੱਗੇ ਨੂੰ ਹੀ ਵਧਦਾ-ਫੁੱਲਦਾ ਵੇਖ ਕੇ ਧੁਰ ਅੰਦਰ ਤੱਕ ਖ਼ੁਸ਼ ਹੁੰਦੇ ਹਨ। ਅੱਜ-ਕੱਲ੍ਹ ਬੱਚਿਆਂ ’ਚ ਆਤਮਹੱਤਿਆ ਕਰਨ ਦਾ ਰੁਝਾਨ ਵੀ ਬਹੁਤ ਵਧ ਗਿਆ ਹੈ। ਹਾਰ ਜਾਂ ਫੇਲ੍ਹ ਹੋ ਜਾਣਾ ਉਨ੍ਹਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦਾ। ਰਾਤੋ-ਰਾਤ ਸਟਾਰ ਬਣਨ ਦੇ ਸੁਪਨੇ ਵੇਖ ਕੇ ਜ਼ਿਆਦਾ ਸਮਾਂ ਮੋਬਾਈਲ ’ਚ ਉਲਝੇ ਰਹਿੰਦੇ ਹਨ। ਜਦੋਂ ਮਨਚਾਹਿਆ ਮੁਕਾਮ ਹਾਸਲ ਨਹੀਂ ਕਰ ਪਾਉਂਦੇ ਤਾਂ ਆਤਮਹੱਤਿਆ ਦਾ ਰਸਤਾ ਅਪਣਾ ਲੈਂਦੇ ਹਨ ਜਿਸ ਦਾ ਦੁੱਖ ਪਰਿਵਾਰ ਦੇ ਜੀਅ ਆਪਣੇ ਆਖ਼ਰੀ ਸਾਹ ਤੱਕ ਭੁਗਤਦੇ ਰਹਿੰਦੇ ਹਨ। ਰੁੱਸੇ ਨੂੰ ਮਨਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ। ਕਿਸੇ ਦੀ ਗੱਲ ਪਸੰਦ ਨਾ ਆਉਣ ‘ਤੇ ਮਨ-ਮੁਟਾਅ ਹੋ ਜਾਣ ’ਤੇ ਕੋਈ ਨਹੀਂ ਮਨਾਉਂਦਾ ਸਗੋਂ ਕਹਿੰਦੇ ਹਨ ‘ਨਹੀਂ ਤਾਂ ਨਾ ਸਹੀ, ਦਫ਼ਾ ਹੋਵੇ।’ ਫਿਰ ਮੋਬਾਈਲ ’ਤੇ ਬਲਾਕ ਕਰਨ ਦਾ ਰੁਝਾਨ ਸ਼ੁਰੂ ਹੋ ਜਾਂਦਾ ਜਾਂ ਨਫ਼ਰਤ ਭਰੇ ਸਟੇਟਸ ਪਾਏ ਜਾਂਦੇ ਹਨ। ਕੋਈ ਕਿਸੇ ਨਾਲ ਮਿਲ-ਵਰਤ ਕੇ ਖ਼ੁਸ਼ ਨਹੀਂ। ਇਸ ਰੁਝਾਨ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸੱਚ ਸਾਬਿਤ ਹੋ ਗਿਆ ਕਿ ‘ਨਾਨਕ ਦੁਨੀਆ ਕੈਸੀ ਹੋਈ।। ਸਾਲਕੁ ਮਿਤੁ ਨ ਰਹਿਓ ਕੋਈ।’

ਪਤਾ ਨਹੀਂ ਕਿਹੋ ਜਿਹੀ ਪੜ੍ਹਾਈ ਕਰ ਰਹੇ ਹਨ? ਕੀ ਸਿੱਖ ਰਹੇ ਹਨ? ਕਿੱਧਰ ਨੂੰ ਤੁਰੇ ਜਾ ਰਹੇ ਹਨ? ਮੋਬਾਇਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਨੂੰ ਵਰਤੋ, ਨਾ ਕਿ ਇਹ ਤੁਹਾਨੂੰ ਵਰਤੇ। ਚੰਗੇ ਇਨਸਾਨ ਬਣਨ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਮੈਨੂੰ ਸਤਿੰਦਰ ਸਰਤਾਜ ਦੀਆਂ ਕਹੀਆਂ ਇਹ ਸਤਰਾਂ ਵਾਰ-ਵਾਰ ਯਾਦ ਆਉਂਦੀਆਂ ਹਨ : “ਕੋਈ ਵੇਖੇ ਥੋਡੇ ਵੱਲ ਜਦੋਂ, ਉਹਦਾ ਗੱਲ ਕਰਨ ਨੂੰ ਜੀਅ ਕਰਜੇ। ਇਸੇ ਕਰਕੇ ਤਾਂ ਚਿਹਰੇ ‘ਤੇ ਹਲਕੀ ਮੁਸਕਾਨ ਜ਼ਰੂਰੀ ਹੈ। ਨਿੱਘ, ਜੋਸ਼ , ਲਿਆਕਤ, ਦਰਦ, ਅਪਣੱਤ, ਹਲੀਮੀ, ਸੱਚਾਈ ਚੰਗੀ ਸ਼ਖ਼ਸੀਅਤ ਲਈ ਬੇਹੱਦ ਜ਼ਰੂਰੀ ਹਨ। ਬਦਲਾ ਤਾਂ ਸਾਰੇ ਲੈਂਦੇ ਨੇ ਪਰ ਮਾਫ਼ ਕਰਨ ਦਾ ਜੇਰਾ ਬਹੁਤ ਘੱਟ ਲੋਕ ਕਰ ਪਾਉਂਦੇ ਹਨ। ਇਸ ਲਈ ਥੋੜ੍ਹੀਆਂ-ਬਹੁਤੀਆਂ ਕਿਸੇ ਦੀਆਂ ਕਹੀਆਂ-ਸੁਣੀਆਂ ਗੱਲਾਂ ਨੂੰ ਅਣਡਿੱਠਾ ਕਰ ਕੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਕ-ਦੂਜੇ ਦੇ ਕੋਲ ਆਉਣਾ ਚਾਹੀਦਾ ਹੈ, ਨਾ ਕਿ ਦੂਰ ਜਾਣ ਦੇ ਬਹਾਨੇ ਲੱਭਣੇ ਚਾਹੀਦੇ ਹਨ।

ਸਾਂਝਾ ਕਰੋ

ਪੜ੍ਹੋ