ਕੁਦਰਤੀ ਨਿਆਮਤਾਂ ਦਾ ਬਾਗ਼ ‘ਗਾਰਡਨ ਆਫ ਗੌਡਜ਼’

ਅਮਰੀਕਾ ਦੀ ਠਹਿਰ ਦੌਰਾਨ ਹਰ ਐਤਵਾਰ ਕਿਸੇ ਨਾ ਕਿਸੇ ਥਾਂ ’ਤੇ ਘੁੰਮਣ ਦਾ ਪ੍ਰੋਗਰਾਮ ਬਣ ਜਾਂਦਾ ਸੀ। ਇੱਕ ਦਿਨ ਬੇਟੀ ਨੇ ਕਿਹਾ ਕਿ ਅੱਜ ਕਲੋਰਾਡੋ ਸਪਰਿੰਗਜ਼ ਜਾਣਾ ਹੈ ‘ਗਾਰਡਨ ਆਫ ਗੌਡਜ਼’ ਦੇਖਣ। ਈਰੀ ਤੋਂ ਕਲੋਰਾਡੋ ਸਪਰਿੰਗਜ਼ ਪੌਣੇ ਕੁ ਦੋ ਘੰਟਿਆਂ ਦਾ ਰਸਤਾ ਹੈ। ਡੈਨਵਰ ਤੋਂ ਸੜਕ ਦੇ ਨਾਲ ਨਾਲ ਪਹਾੜੀਆਂ ਦੀ ਨਿਰੰਤਰ ਲੜੀ ਚੱਲਦੀ ਜਾਂਦੀ ਹੈ। ਸੋਚਦਾ ਜਾ ਰਿਹਾ ਸਾਂ ਕਿ ਇਹ ਬਾਗ਼ ਕਿਹੋ ਜਿਹਾ ਹੋਵੇਗਾ। ਅਜੇ ਚਾਰ ਪੰਜ ਮੀਲ ਦਾ ਸਫ਼ਰ ਰਹਿੰਦਾ ਸੀ ਕਿ ਡਿਫੈਂਸ ਅਕੈਡਮੀ ਕੋਲ ਰੁਕ ਗਏ। ਇੱਥੇ ਕੁਦਰਤੀ ਦ੍ਰਿਸ਼ਾਂ ਦੀ ਖਿੱਚ ਰਾਹਗੀਰਾਂ ਨੂੰ ਰੁਕਣ ਲਈ ਮਜਬੂਰ ਕਰ ਦਿੰਦੀ ਹੈ। ਜਿਨ੍ਹਾਂ ਲੋਕਾਂ ਕੋਲ ਗਾਰਡਨ ਤੱਕ ਜਾਣ ਦਾ ਸਮਾਂ ਨਹੀਂ ਹੁੰਦਾ, ਉਨ੍ਹਾਂ ਲਈ ਇਸ ਥਾਂ ’ਤੇ ਪਹੁੰਚ ਕੇ ਖ਼ੂਬਸੂਰਤ ਕੁਦਰਤੀ ਦ੍ਰਿਸ਼ਾਂ ਨੂੰ ਆਪਣੀ ਯਾਦ ਦਾ ਹਿੱਸਾ ਬਣਾਉਣਾ ਕੋਈ ਛੋਟੀ ਗੱਲ ਨਹੀਂ।

ਇਸ ਤੋਂ ਅੱਗੇ ਜਾ ਕੇ ਤਿੰਨ ਕੁ ਮੀਲ ਤੱਕ ‘ਗਾਰਡਨ ਆਫ ਗੌਡਜ਼’ ਸੜਕ ’ਤੇ ਚੱਲਦਿਆਂ ਆਪਣੇ ਟਿਕਾਣੇ ’ਤੇ ਪਹੁੰਚ ਗਏ। ਫਿਰ ਰੈਸਟ ਰੂਮ ਦੀ ਭਾਲ ਲਈ ਵਿਜ਼ੀਟਰ ਸੈਂਟਰ ਵੱਲ ਹੋ ਤੁਰੇ। ਇਹੋ ਜਿਹੇ ਸੈਂਟਰ ਅਮਰੀਕਾ ਵਿੱਚ ਹਰ ਦੇਖਣਯੋਗ ਥਾਵਾਂ ’ਤੇ ਬਣੇ ਹੋਏ ਹਨ ਤਾਂ ਜੋ ਯਾਤਰੂਆਂ ਨੂੰ ਉਸ ਥਾਂ ਬਾਰੇ ਜਾਣਕਾਰੀ ਤੇ ਲੋੜੀਂਦੀ ਸਹੂਲਤ ਮਿਲ ਸਕੇ। ਇਸ ਵਿੱਚ ਇੱਕ ਪਾਸੇ ਅਮਰੀਕਾ ਦੇ ਲੋਕਾਂ ਦਾ ਇਤਿਹਾਸ ਤਸਵੀਰਾਂ ਰਾਹੀਂ ਦਰਸਾਇਆ ਗਿਆ ਸੀ।

ਦੂਜੇ ਪਾਸੇ ਇੱਥੇ ਮਿਲਣ ਵਾਲੇ ਪੱਥਰਾਂ ਨੂੰ ਰੱਖਿਆ ਹੋਇਆ ਸੀ ਤੇ ਉਨ੍ਹਾਂ ਨੂੰ ਤਰਾਸ਼ਣ ਤੋਂ ਬਾਅਦ ਉਹ ਕਿਹੋ ਜਿਹਾ ਰੂਪ ਅਖ਼ਤਿਆਰ ਕਰਦੇ ਹਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੋਇਆ ਸੀ। ਇੱਕ ਗੱਲ ਹੋਰ ਜੋ ਬੜੀ ਅਹਿਮ ਲੱਗੀ ਉਹ ਇਹ ਸੀ ਕਿ ਜਿਸ ਕਿਸਮ ਦੇ ਜਾਨਵਰਾਂ ਨਾਲ ਵਾਹ ਪੈ ਸਕਦਾ ਹੈ ਉਨ੍ਹਾਂ ਦੇ ਮਾਡਲ ਟੰਗੇ ਹੋਏ ਸਨ ਤੇ ਉਨ੍ਹਾਂ ਦਾ ‘ਮਲ’ ਕੱਚ ਦੇ ਬਕਸਿਆਂ ਵਿੱਚ ਬੰਦ ਸੀ ਜਿਸ ਨੂੰ ਦੇਖਦਿਆਂ ਮੇਰੀ ਸੋਚ ਪਿਛਾਂਹ ਪਰਤੀ ਜਦੋਂ ਇੱਥੇ ਰਹਿੰਦਿਆਂ ਟਰੇਲ ’ਤੇ ਘੁੰਮਦੇ ਸਮੇਂ ਜੋ ‘ਮਲ’ ਨਜ਼ਰ ਪੈਂਦਾ ਸੀ, ਮੈਂ ਉਸ ਨੂੰ ਅਣਗੌਲਿਆ ਕਰ ਕੇ ਲੰਘ ਜਾਂਦਾ ਸਾਂ। ਜਦੋਂ ਕਿ ਚੌਕਸ ਹੋ ਜਾਣ ਦੀ ਲੋੜ ਹੋਣੀ ਚਾਹੀਦੀ ਸੀ ਕਿ ਉਸ ਨਾਲ ਸਬੰਧਿਤ ਜਾਨਵਰ ਵੀ ਨੇੜੇ-ਤੇੜੇ ਹੀ ਹੋਵੇਗਾ। ਇਹ ਸੈਂਟਰ ਉੱਚੀ ਥਾਂ ’ਤੇ ਬਣਿਆ ਹੋਇਆ ਸੀ ਜਿੱਥੋਂ ਸਾਹਮਣੇ ਬਾਗ਼ ਦਾ ਦ੍ਰਿਸ਼ ਬਹੁਤ ਮਨਮੋਹਣਾ ਲੱਗਦਾ ਹੈ।

ਜਦੋਂ ਅਸੀਂ ਗੱਡੀ ਪਾਰਕਿੰਗ ਵਿੱਚ ਲਾ ਕੇ ਬਾਗ਼ ਦੀ ਸੈਰ ਲਈ ਤੁਰੇ ਤਾਂ ਸਾਡੇ ਸਾਹਮਣੇ ਇੱਕ ਪਾਸੇ ਸਫ਼ੈਦ ਤੇ ਦੂਜੇ ਪਾਸੇ ਲਾਲ ਚੱਟਾਨੀ ਪਹਾੜੀਆਂ ਦਿਓ ਵਾਂਗ ਫੈਲੀਆਂ ਹੋਈਆਂ ਸਨ। ਉਹ ਇੱਕ ਦੂਜੇ ਤੋਂ ਦੂਰੀ ਉੱਪਰ ਆਹਮੋ ਸਾਹਮਣੇ ਸਨ। ਦੋਹਾਂ ਦੇ ਵਿਚਕਾਰੋਂ ਦਿਖਾਈ ਦਿੰਦੀਆਂ ਸਨ ਪਾਈਕਸ ਪੀਕ ਦੀਆਂ ਬਰਫ਼ਾਂ ਲੱਦੀਆਂ ਚੋਟੀਆਂ। ਉਨ੍ਹਾਂ ਤੋਂ ਅੱਗੇ ਹਰਿਆਵਲ ਭਰਪੂਰ ਪਹਾੜੀਆਂ ਦਾ ਅਦਭੁੱਤ ਨਜ਼ਾਰਾ। ਲਾਲ ਚੱਟਾਨੀ ਪਹਾੜੀ ਦੀ ਸਿਖਰ ਦੀ ਬਣਤਰ ਇਉਂ ਲੱਗਦੀ ਸੀ ਜਿਵੇਂ ਦੋ ਊਠ ਇੱਕ ਦੂਜੇ ਨੂੰ ਚੁੰਮ ਰਹੇ ਹੋਣ। ਸ਼ਇਦ ਇਸੇ ਕਰਕੇ ਇਨ੍ਹਾਂ ਨੂੰ ‘ਕਿਸਿੰਗ ਕੈਮਲ’ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ ਹੀ ਲਾਲ ਰੰਗ ਦੀਆਂ ਕੁਝ ਛੋਟੇ ਆਕਾਰ ਦੀਆਂ ਆਕ੍ਰਿਤੀਆਂ ਸਨ ਜੋ ਉਨ੍ਹਾਂ ਦੇ ਬੱਚਿਆਂ ਵਾਂਗ ਜਾਪ ਰਹੀਆਂ ਸਨ। ਦੇਖਦੇ ਦੇਖਦੇ ਜਦੋਂ ਇਨ੍ਹਾਂ ਦੇ ਸਿਰੇ ਤੋਂ ਮੁੜੇ ਤਾਂ ਉਨ੍ਹਾਂ ’ਤੇ ਵੱਡਾ ਬੋਰਡ ਲੱਗਿਆ ਹੋਇਆ ਸੀ, ਜਿਸ ’ਤੇ ਲਿਖਿਆ ਹੋਇਆ ਸੀ ਕਿ ਚਾਰਲਸ ਇਲੀਅਟ ਪਰਕਿੰਨਜ਼ ਨੇ ਇਹ 480 ਏਕੜ ਜਗ੍ਹਾ 10473 ਡਾਲਰ ਵਿੱਚ ਖ਼ਰੀਦੀ ਸੀ।

ਉਸ ਦੀ ਇੱਛਾ ਸੀ ਕਿ ਇਸ ਥਾਂ ਨੂੰ ਸਿਟੀ ਨੂੰ ਇਸ ਸ਼ਰਤ ’ਤੇ ਦੇਵੇਗਾ ਕਿ ਇਹ ਜਨਤਾ ਦੇ ਦੇਖਣ ਲਈ ਸਦਾ ਵਾਸਤੇ ਮੁਫ਼ਤ ਹੋਵੇ। ਉਹ ਆਪਣੀ ਇੱਛਾ ਪੂਰੀ ਹੋਣ ਤੋਂ ਪਹਿਲਾਂ ਹੀ 8 ਨਵੰਬਰ 1907 ਨੂੰ ਦੁਨੀਆ ਤੋਂ ਕੂਚ ਕਰ ਗਿਆ, ਪਰ ਉਸ ਦੇ ਬੱਚਿਆਂ ਨੇ ਆਪਣੇ ਪਿਤਾ ਦੀ ਸੋਚ ਨੂੰ ਪੂਰਾ ਕਰਦਿਆਂ 1909 ਨੂੰ ਇਹ ਬਾਗ਼ ਸਿਟੀ ਕੌਂਸਲ ਨੂੰ ਦੇ ਦਿੱਤਾ। ਇਸ ਦਰਿਆ-ਦਿਲੀ ਦਾ ਧੰਨਵਾਦੀ ਹੁੰਦੇ ਹੋਏ ਇਸ ਤੋਂ ਅੱਗੇ ਚੱਲਦਿਆਂ ਦੇਖ ਰਹੇ ਸਾਂ ਕਿ ਚੱਟਾਨੀ ਪਹਾੜੀਆਂ ਦੀ ਉਚਾਈ ’ਤੇ ਰੰਗ-ਰੂਪ ਬਦਲਦਾ ਜਾ ਰਿਹਾ ਸੀ। ਪਹਾੜੀਆਂ ਵਿੱਚ ਕਿਤੇ ਕਿਤੇ ਕੁਦਰਤੀ ਰੂਪ ’ਚ ਆਲੇੇ ਜਿਹੇ ਬਣੇ ਦਿਖਾਈ ਦਿੱਤੇ ਜਿੱਥੇ ਸ਼ਾਇਦ ਚਮਗਿੱਦੜਾਂ ਨੇ ਡੇਰੇ ਲਾਏ ਹੋਣਗੇ। ਪਥਰੀਲੀਆਂ ਪਹਾੜੀਆਂ ਵਿੱਚ ਕਿਤੇ ਕਿਤੇ ਵਿਰਲਾ-ਟਾਵਾਂ ਹਰਾ ਬੂਟਾ ਵੀ ਵਿਰਲਾਂ ਵਿੱਚ ਦੀ ਝਾਕਦਾ ਦਿਖਾਈ ਦਿੰਦਾ ਸੀ।

ਕੁਦਰਤ ਦੀ ਇਸ ਅਦਭੁੱਤ ਰਚਨਾ ਦੇ ਬਲਿਹਾਰੇ ਜਾਂਦੇ ਹੋਏ ਕੋਈ ਆ ਰਿਹਾ ਸੀ ਤੇ ਕੋਈ ਜਾ ਰਿਹਾ ਸੀ। ਹਰ ਤਰ੍ਹਾਂ ਦੇ ਲੋਕ ਸਨ। ਬਜ਼ੁਰਗ ਵੀ ਪੂਰੇ ਉਤਸ਼ਾਹ ਵਿੱਚ ਵਿਚਰ ਰਹੇ ਸਨ। ਇੱਕ ਸੱਜਣ ਹਿੰਦੀ ’ਚ ‘ਕਿਆ ਹਾਲ ਹੈ’ ਕਹਿ ਕੇ ਅਛੋਪਲੇ ਜਿਹੇ ਕੋਲੋਂ ਗੁਜ਼ਰ ਗਿਆ। ਥੋੜ੍ਹੀ ਦੂਰ ਅੱਗੇ ਇੱਕ ਪਾਸੇ ਦਰੱਖਤ ਹੇਠਾਂ ਹਿਰਨ ਦੁਨੀਆਦਾਰੀ ਤੋਂ ਬੇਖ਼ਬਰ ਹੋ ਕੇ ਆਰਾਮ ਕਰ ਰਿਹਾ ਸੀ। ਦੂਜੇ ਪਾਸੇ ਉੱਚੀਆਂ ਲਾਲ ਪਹਾੜੀਆਂ ਦੀਆਂ ਤਿੰਨ-ਚਾਰ ਪਰਤਾਂ ਨਾਲੋਂ ਨਾਲ ਭੈਣਾਂ-ਭਰਾਵਾਂ ਵਾਂਗ ਖੜ੍ਹੀਆਂ ਸਨ। ਇਨ੍ਹਾਂ ਨੂੰ ਕੈਥਡਰਲ ਰੌਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਛੀਆਂ ਦੀ ਡਾਰ ਸਿਖਰ ’ਤੇ ਆਪਣਾ ਹੱਕ ਜਮਾਈ ਬੈਠੀ ਸੀ। ਇਹ ਵੀ ਪਤਾ ਲੱਗਾ ਕਿ ਇਸ ਬਾਗ਼ ਵਿੱਚ ਰੈਟਲ ਸਨੈਕ ਤੇ ਵੱਡੇ ਸਿੰਗਾਂ ਵਾਲੀ ਭੇਡ ਨਾਲ ਵੀ ਟਾਕਰਾ ਹੋ ਸਕਦਾ ਹੈ।

ਸਾਹਮਣੇ ਇੱਕ ਚੱਟਾਨ ’ਤੇ ਲੋਕ ਉੱਪਰ ਚੜ੍ਹ ਕੇ ਬੈਠੇ ਦਿਖਾਈ ਦਿੱਤੇ ਤਾਂ ਸਾਡੇ ਕਦਮ ਵੀ ਆਪ-ਮੁਹਾਰੇ ਓਧਰ ਵੱਲ ਹੋ ਤੁਰੇ। ਰਾਹ ਵਿੱਚ ਵਿਸ਼ੇਸ਼ ਥਾਵਾਂ ਉੱਪਰ ਹਾਈਕਿੰਗ ਤੇ ਚੜ੍ਹਾਈ ਨਾ ਕਰਨ ਦੇ ਚਿਤਾਵਨੀ ਬੋਰਡ ਲੱਗੇ ਹੋਏ ਸਨ। ਪਹਾੜੀ ਦੇ ਪੈਰਾਂ ਵਿੱਚ ਪਹੁੰਚ ਕੇ ‘ਉੱਪਰ ਜਾਣਾ’ ਦੋਚਿਤੀ ਵਿੱਚ ਪਾ ਰਿਹਾ ਸੀ। ਪਹਾੜਾਂ ’ਤੇ ਚੜ੍ਹਨ ਲਈ ਪਹਾੜਾਂ ਜਿੱਡਾ ਹੀ ਹੌਸਲਾ ਚਾਹੀਦਾ ਹੈ। ਇਹ ‘ਸਿਟਿੰਗ ਰੌਕ’ ਸੀ। ਇਸ ਦੀ ਬਣਤਰ ਇਸ ਤਰ੍ਹਾਂ ਸੀ ਕਿ ਇਸ ਉੱਪਰ ਚੜ੍ਹਨਾ ਔਖਾ ਨਹੀਂ ਸੀ ਜਾਪ ਰਿਹਾ। ਮੈਂ ਵੀ ਪੈਰ ਸੋਚ ਸਮਝ ਕੇ ਧਰਦਾ ਔਖੇ ਸੌਖੇ ਉੱਪਰ ਜਾ ਕੇ ਬੈਠ ਗਿਆ।

ਕੁਦਰਤ ਦਾ ਨਜ਼ਾਰਾ ਮਾਣਦਿਆਂ ਐਡਮੰਡ ਹਿਲੇਰੀ ਨੂੰ ਮਨ ਹੀ ਮਨ ਦਾਦ ਦੇ ਰਿਹਾ ਸਾਂ ਤੇ ਉਸ ਦੇ ਕਥਨ ਦੀ ਸਚਾਈ ਨੂੰ ਮਹਿਸੂਸ ਕਰ ਰਿਹਾ ਸਾਂ ਕਿ ਬੈਠ ਕੇ ਪਹਾੜਾਂ ਨੂੰ ਦੇਖਦੇ ਰਹਿਣਾ ਇੱਕ ਪੂਜਾ ਹੀ ਹੈ। ਮਨ-ਮਸਤਕ ’ਚ ਦਸਤਕ ਹੋ ਰਹੀ ਸੀ ਕਿ ਕਿਵੇਂ ਚੌਂਤੀ ਸੌ ਸਾਲ ਪਹਿਲਾਂ ਬਰਫ਼ੀਲੀਆਂ ਪਹਾੜੀਆਂ ਦੇ ਕਦਮਾਂ ਵਿੱਚ ਧਰਤੀ ਦੀ ਕੁੱਖ ਵਿੱਚੋਂ ਲਾਵਾ ਫੁੱਟਿਆ ਹੋਵੇਗਾ ਤੇ ਲਾਲ ਚੱਟਾਨਾਂ ਹੋਂਦ ਵਿੱਚ ਆਈਆਂ ਹੋਣਗੀਆਂ। ਇਹ ਵੀ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਚੱਟਾਨਾਂ ਦੇ ਸਾਹਮਣੇ ਹੀ ਜੋ ਲਾਵਾ ਨਿਕਲਿਆ ਹੋਵੇਗਾ ਉਸ ਦਾ ਰੰਗ ਚਿੱਟੀ ਭਾਅ ਮਾਰਦਾ ਪਹਾੜੀਆਂ ਦੀ ਸ਼ਕਲ ਗ੍ਰਹਿਣ ਕਰ ਗਿਆ। ਪਹਾੜੀ ਤੋਂ ਹੇਠਾਂ ਉਤਰਨ ਸਮੇਂ ਡਰ ਲੱਗ ਰਿਹਾ ਸੀ ਕਿ ਕਿਤੇ ਪੈਰ ਫਿਸਲ ਨਾ ਜਾਵੇ। ਸਾਹਮਣੇ ਤੋਂ ਇੱਕ ਰੰਗਦਾਰ ਪੰਛੀ ਉਡਾਰੀ ਮਾਰ ਕੇ ਦੂਜੇ ਪਾਸੇ ਜਾ ਬੈਠਾ ਸੀ। ਮੇਰੀ ਦੋ ਸਾਲ ਦੀ ਦੋਹਤੀ ਰਾਵੀ ਵੀ ਉੱਪਰ ਚੜ੍ਹਨ ਦਾ ਯਤਨ ਕਰ ਰਹੀ ਸੀ। ਪਾਰਕਾਂ ’ਚ ਘੁੰਮਦੇ ਸਮੇਂ ਦੇਖਿਆ ਸੀ ਕਿ ਇੱਥੇ ਪਹਾੜੀ ਚੜ੍ਹਨ ਦਾ ਅਭਿਆਸ ਬਹੁਤ ਸਾਰੇ ਪਾਰਕਾਂ ਵਿੱਚ ਬੱਚਿਆਂ ਨੂੰ ਆਪ ਮੁਹਾਰੇ ਹੀ ਹੋ ਜਾਂਦਾ ਹੈ।

ਇੱਕ ਹੋਰ ਲਾਲ ਚੱਟਾਨ ਦੇ ਝਰੋਖੇ ਵਿੱਚੋਂ ਬੱਦਲਾਂ ਦੇ ਦ੍ਰਿਸ਼ ਕਿਸੇ ਕਵਿਤਾ ਨੂੰ ਰੂਪਮਾਨ ਕਰਦੇ ਜਾਪ ਰਹੇ ਸਨ। ਕੋਈ ਹਿਰਨ ਪਹਾੜੀਆਂ ਦੇ ਨਾਲ ਖਹਿੰਦਾ ਖਹਿੰਦਾ ਓਹਲੇ ਹੋ ਗਿਆ। ਉਹ ਦੂਜੇ ਪਾਸੇ ਜਾਣ ’ਤੇ ਝਾੜੀਆਂ ਵਿੱਚ ਫਿਰਦਾ ਦਿਖਾਈ ਦਿੱਤਾ ਜਿਸ ਨੂੰ ਕੈਮਰਾਬੱਧ ਕਰਕੇ ਇੱਕ ਅੰਗਰੇਜ਼ ਮੁਟਿਆਰ ਬਹੁਤ ਖ਼ੁਸ਼ ਹੋਈ। ਜਿਵੇਂ ਜਿਵੇਂ ਇਸ ਬਾਗ਼ ਵਿੱਚ ਸੈਰ ਕਰਦੇ ਅੱਗੇ ਵਧਦੇ ਜਾਂਦੇ ਹਾਂ ਤਾਂ ਪਲ ਪਲ ਲਾਲ ’ਤੇ ਚਿੱਟੀਆਂ ਚੱਟਾਨੀ ਪਹਾੜੀਆਂ ਦਾ ਬਦਲਦਾ ਹੋਇਆ ਰੂਪ ਸਾਹਮਣੇ ਆਉਂਦਾ ਜਾਂਦਾ ਹੈ। ਉਨ੍ਹਾਂ ਵਿੱਚ ਚਾਂਦੀ ਰੰਗੇ ਵਸਤਰ ਪਹਿਨੀ ਬਰਫ਼ੀਲੀਆਂ ਪਹਾੜੀਆਂ ਦਾ ਜਲੌਅ ਵੀ ਲੁਕਣ-ਮੀਟੀ ਖੇਡਦਾ ਜਾਪਦਾ ਹੈ।

ਆਕਾਸ਼ ’ਚ ਫੈਲੇ ਬੱਦਲਾਂ ਨੇ ਦ੍ਰਿਸ਼ ਨੂੰ ਹੋਰ ਮਨਮੋਹਣਾ ਬਣਾ ਦਿੱਤਾ ਸੀ। ਭੂਰ ਜਿਹੀ ਪੈਣ ਲੱਗੀ ਸੀ। ਬੱਦਲਾਂ ਦੇ ਪਰਛਾਵਿਆਂ ਨਾਲ ਦ੍ਰਿਸ਼ ਹੋਰ ਵੀ ਵਿਸਮਾਦੀ ਤੇ ਰਹੱਸਮਈ ਬਣਦੇ ਪ੍ਰਤੀਤ ਹੋ ਰਹੇ ਸਨ। ਇੱਥੇ ਫਿਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਸੱਚਮੁੱਚ ‘ਗਾਰਡਨ ਆਫ ਗੌਡਜ਼’ ਵਿੱਚ ਘੁੰਮ ਰਹੇ ਹੋ, ਇਹ ਕਾਵਿਕ ਨਾਂ ਰਫਸ ਕੈਬਲ ਨੇ ਦਿੱਤਾ ਸੀ ਤੇ ਚਾਰਲਸ ਈਲੀਅਟ ਨੇ ਵੀ ਇਸ ਕਥਨ ਦੀ ਪ੍ਰੋੜਤਾ ’ਤੇ ਮੋਹਰ ਲਾਉਂਦਿਆਂ ਇਸ ਥਾਂ ਨੂੰ ਜਨਤਕ ਕਰਨ ਦੀਆਂ ਲਾਈਆਂ ਗਈਆਂ ਪਾਬੰਦੀਆਂ ਵਿੱਚ ਇਹ ਵੀ ਦਰਜ ਕੀਤਾ ਸੀ ਕਿ ਇਸ ਦਾ ਨਾਂ ਸਦਾ ਲਈ ‘ਗਾਰਡਨ ਆਫ ਗੌਡਜ਼’ ਰਹੇਗਾ ਤੇ ਇੱਥੇ ਕੋਈ ਨਸ਼ੀਲਾ ਪਦਾਰਥ ਨਾ ਤਾਂ ਬਣਾਇਆ ਜਾਵੇਗਾ ਨਾ ਵੇਚਿਆ ਜਾਵੇਗਾ।

ਗੱਡੀ ’ਚ ਬੈਠ ਕੇ ਵਾਪਸ ਚੱਲੇ ਤਾਂ ਕੋਈ ਤਿੰਨ-ਚਾਰ ਮੀਲ ਤੱਕ ਛੋਟੀਆਂ ਵੱਡੀਆਂ ਲਾਲ ਪਹਾੜੀਆਂ ਵਲਦਾਰ ਸੜਕ ਦੇ ਨਾਲ ਨਾਲ ਆਪਣੀ ਮਹਿਕ ਨੂੰ ਵੰਡਦੀਆਂ ਜਾ ਰਹੀਆਂ ਸਨ। ਬਾਗ਼ ਵਿੱਚ ਘੁੰਮਦੇ ਫਿਰਦੇ ਲੋਕੀਂ ਨਜ਼ਰ ਪੈ ਰਹੇ ਸੀ। ਕੋਈ 1367 ਏਕੜ ਵਿੱਚ ਫੈਲਿਆ ਇਹ ਕੋਈ ਆਮ ਬਾਗ਼ ਨਹੀਂ। ਇਹ ਫ਼ਲਾਂ ਤੇ ਫੁੱਲਾਂ ਦਾ ਵੀ ਬਾਗ਼ ਨਹੀਂ। ਇਹ ਕੁਦਰਤੀ ਰੰਗਾਂ ਦਾ ਬਾਗ਼ ਹੈ। ਨਵੀਆਂ ਉਮੰਗਾਂ ਦਾ ਬਾਗ਼ ਹੈ। ਦੇਵਤਿਆਂ ਦਾ ਬਾਗ਼ ਹੈ। ਐਵੇਂ ਤਾਂ ਨਹੀਂ ਇਸ ਨੂੰ ਹਰ ਸਾਲ ਕੋਈ ਚਾਰ ਮਿਲੀਅਨ ਤੋਂ ਵੀ ਵੱਧ ਲੋਕ ਦੇਖਣ ਲਈ ਆਉਂਦੇ।

ਸਾਂਝਾ ਕਰੋ