ਜ਼ਿਮਨੀ ਚੋਣਾਂ ਦੀ ਮਹੱਤਤਾ

ਹਾਲਾਂਕਿ 10 ਜੁਲਾਈ ਨੂੰ ਹੋ ਰਹੀਆਂ 13 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਨਾਲ ਸੰਬੰਧਤ ਰਾਜਾਂ ਦੀਆਂ ਸਰਕਾਰਾਂ ਹਿੱਲਣ ਨਹੀਂ ਲੱਗੀਆਂ, ਪਰ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਇਹ ਦਿਖਾਉਣਾ ਹੋਵੇਗਾ ਕਿ ਲੋਕ ਸਭਾ ਚੋਣਾਂ ’ਚ ਮਿਲੀ ਨਾਕਾਮੀ ਵਕਤੀ ਸੀ ਅਤੇ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਅਸਲ ਫਤਵੇ ਦਾ ਅਧਿਕਾਰੀ ਉਹੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਨਾਕਾਮ ਰਹੀ, ਜਦਕਿ ਕਾਂਗਰਸ ਨੇ ਆਪਣੀਆਂ ਸੀਟਾਂ ਦੀ ਗਿਣਤੀ ਤੇ ਤਾਕਤ ਵਿਚ ਵਰਨਣਯੋਗ ਸੁਧਾਰ ਕੀਤਾ। ਜਿਨ੍ਹਾਂ 13 ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਹਨ, ਉਹ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਦੀ ਮੌਤ ਜਾਂ ਅਸਤੀਫੇ ਕਾਰਨ ਖਾਲੀ ਹੋਈਆਂ ਹਨ।

ਇਨ੍ਹਾਂ ਸੀਟਾਂ ਵਿਚ ਬਿਹਾਰ ਦੀ ਰੁਪੋਲੀ, ਪੱਛਮੀ ਬੰਗਾਲ ਦੀਆਂ ਰਾਇਗੰਜ, ਰਾਣਾ ਘਾਟ ਦੱਖਣੀ, ਬਾਗਦਾ ਤੇ ਮਾਣਿਕਤੱਲਾ, ਤਾਮਿਲਨਾਡੂ ਦੀ ਵਿਕਰਵੰਡੀ, ਮੱਧ ਪ੍ਰਦੇਸ਼ ਦੀ ਅਮਰਵਾੜਾ, ਉੱਤਰਾਖੰਡ ਦੀਆਂ ਬਦਰੀਨਾਥ ਤੇ ਮੰਗਲੌਰ, ਪੰਜਾਬ ਦੀ ਜਲੰਧਰ ਪੱਛਮੀ ਅਤੇ ਹਿਮਾਚਲ ਦੀਆਂ ਦੇਹਰਾ, ਹਮੀਰਪੁਰ ਤੇ ਨਾਲਾਗੜ੍ਹ ਸੀਟਾਂ ਸ਼ਾਮਲ ਹਨ। ਬੰਗਾਲ ਦੀਆਂ ਜਿਨ੍ਹਾਂ ਚਾਰ ਸੀਟਾਂ ਦੀ ਜ਼ਿਮਨੀ ਚੋਣ ਹੋ ਰਹੀ ਹੈ, ਉਨ੍ਹਾਂ ਵਿੱਚੋਂ ਤਿੰਨ 2021 ਦੀਆਂ ਅਸੰਬਲੀ ਚੋਣਾਂ ’ਚ ਭਾਜਪਾ ਨੇ ਜਿੱਤੀਆਂ ਸਨ। ਹੁਕਮਰਾਨ ਤਿ੍ਰਣਮੂਲ ਕਾਂਗਰਸ ਇਕ ਸੀਟ ਜਿੱਤ ਸਕੀ ਸੀ। ਮਾਣਿਕਤੱਲਾ ਸੀਟ ਤਿ੍ਰਣਮੂਲ ਕਾਂਗਰਸ ਦੇ ਸਾਧਨ ਪਾਂਡੇ ਦੀ ਮੌਤ ਕਾਰਨ ਖਾਲੀ ਹੋਈ ਹੈ। ਪਾਰਟੀ ਨੇ ਉਨ੍ਹਾ ਦੀ ਪਤਨੀ ਸੁਪਤੀ ਪਾਂਡੇ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਕਲਿਆਣ ਚੌਬੇ ਨੂੰ ਮੈਦਾਨ ਵਿਚ ਉਤਾਰਿਆ ਹੈ। ਚੌਬੇ 2021 ਦੀਆਂ ਅਸੰਬਲੀ ਚੋਣਾਂ ਵਿਚ ਇਸ ਸੀਟ ਤੋਂ ਹਾਰ ਗਏ ਸਨ। 2021 ਦੀਆਂ ਅਸੰਬਲੀ ਚੋਣਾਂ ਵਿਚ ਰਾਇਗੰਜ ਸੀਟ ਭਾਜਪਾ ਦੇ ਕਿ੍ਰਸ਼ਨ ਕਲਿਆਣੀ ਨੇ ਕੁਲ ਵੋਟਾਂ ਵਿੱਚੋਂ 49.44 ਫੀਸਦੀ ਵੋਟਾਂ ਹਾਸਲ ਕਰਕੇ ਜਿੱਤੀ ਸੀ।

ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਉਹ ਰਾਇਗੰਜ ਲੋਕ ਸਭਾ ਸੀਟ ਤਿ੍ਰਣਮੂਲ ਕਾਂਗਰਸ ਵੱਲੋਂ ਲੜੇ, ਪਰ ਹਾਰ ਗਏ। ਤਿ੍ਰਣਮੂਲ ਕਾਂਗਰਸ ਹੁਣ ਉਨ੍ਹਾ ਨੂੰ ਅਸੰਬਲੀ ਦੀ ਜ਼ਿਮਨੀ ਚੋਣ ਲੜਾ ਰਹੀ ਹੈ। ਭਾਜਪਾ ਨੇ ਮਾਨਸ ਕੁਮਾਰ ਘੋਸ਼ ਨੂੰ ਉਤਾਰਿਆ ਹੈ। ਬਾਗਦਾ ਸੀਟ 2021 ਵਿਚ ਭਾਜਪਾ ਦੇ ਵਿਸ਼ਵਜੀਤ ਦਾਸ ਨੇ 49.41 ਫੀਸਦੀ ਵੋਟਾਂ ਨਾਲ ਜਿੱਤੀ ਸੀ। ਲੋਕ ਸਭਾ ਚੋਣਾਂ ਵੇਲੇ ਉਹ ਤਿ੍ਰਣਮੂਲ ਕਾਂਗਰਸ ਵਿਚ ਆ ਕੇ ਬਨਗਾਂਵ (ਰਿਜ਼ਰਵ) ਤੋਂ ਲੜੇ, ਪਰ ਹਾਰ ਗਏ। ਤਿ੍ਰਣਮੂਲ ਕਾਂਗਰਸ ਨੇ ਬਾਗਦਾ ਤੋਂ ਮਧੂਪਰਣਾ ਠਾਕੁਰ ਨੂੰ ਉਤਾਰਿਆ ਹੈ। ਭਾਜਪਾ ਨੇ ਸਥਾਨਕ ਆਗੂ ਵਿਨੈ ਕੁਮਾਰ ਉਤਾਰਿਆ ਹੈ। ਰਾਣਾ ਘਾਟ ਦੱਖਣੀ ਵਿਚ 2021 ਵਿਚ ਭਾਜਪਾ ਦੇ ਮੁਕੁਟ ਮਣੀ ਅਧਿਕਾਰੀ 49.34 ਫੀਸਦੀ ਵੋਟਾਂ ਲੈ ਕੇ ਜਿੱਤੇ ਸਨ। ਉਹ ਲੋਕ ਸਭਾ ਚੋਣਾਂ ਦੌਰਾਨ ਤਿ੍ਰਣਮੂਲ ਕਾਂਗਰਸ ਵਿਚ ਚਲੇ ਗਏ, ਪਰ ਹਾਰ ਗਏ। ਤਿ੍ਰਣਮੂਲ ਨੇ ਉਨ੍ਹਾ ਨੂੰ ਜ਼ਿਮਨੀ ਚੋਣ ’ਚ ਫਿਰ ਉਤਾਰਿਆ ਹੈ। ਭਾਜਪਾ ਦੇ ਉਮੀਦਵਾਰ ਮਨੋਜ ਕੁਮਾਰ ਬਿਸਵਾਸ ਹਨ।

ਹਿਮਾਚਲ ਦੀਆਂ ਤਿੰਨੇ ਸੀਟਾਂ ਆਜ਼ਾਦਾਂ ਦੇ ਅਸਤੀਫੇ ਦੇ ਕੇ ਭਾਜਪਾ ਵਿਚ ਜਾਣ ਕਾਰਨ ਖਾਲੀ ਹੋਈਆਂ ਸਨ ਤੇ ਇਹ ਤਿੰਨੇ ਆਜ਼ਾਦ ਹੁਣ ਭਾਜਪਾ ਦੇ ਉਮੀਦਵਾਰ ਹਨ। ਦੇਹਰਾ ਸੀਟ ’ਤੇ ਭਾਜਪਾ ਦੇ ਹੁਸ਼ਿਆਰ ਸਿੰਘ ਚੰਬਿਆਲ ਦੇ ਮੁਕਾਬਲੇ ਕਾਂਗਰਸ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ, ਹਮੀਰਪੁਰ ਵਿਚ ਭਾਜਪਾ ਦੇ ਆਸ਼ੀਸ਼ ਸ਼ਰਮਾ ਦੇ ਮੁਕਾਬਲੇ ਪੁਸ਼ਪਿੰਦਰ ਵਰਮਾ ਤੇ ਨਾਲਾਗੜ੍ਹ ਤੋਂ ਭਾਜਪਾ ਦੇ ਕੇ ਐੱਲ ਠਾਕੁਰ ਦੇ ਮੁਕਾਬਲੇ ਹਰਦੀਪ ਸਿੰਘ ਬਾਵਾ ਨੂੰ ਉਤਾਰਿਆ ਹੈ। ਉੱਤਰਾਖੰਡ ਦੀ ਬਦਰੀਨਾਥ ਸੀਟ ਕਾਂਗਰਸ ਵਿਧਾਇਕ ਰਜਿੰਦਰ ਭੰਡਾਰੀ ਦੇ ਮਾਰਚ ਵਿਚ ਭਾਜਪਾ ’ਚ ਚਲੇ ਜਾਣ ਅਤੇ ਮੰਗਲੌਰ ਸੀਟ ਬਸਪਾ ਵਿਧਾਇਕ ਸਰਵਤ ਕਰੀਮ ਅਨਸਾਰੀ ਦੀ ਮੌਤ ਕਾਰਨ ਖਾਲੀ ਹੋਈ ਸੀ। ਭਾਜਪਾ ਨੇ ਬਦਰੀਨਾਥ ਤੋਂ ਭੰਡਾਰੀ ਤੇ ਮੰਗਲੌਰ ਤੋਂ ਕਰਤਾਰ ਸਿੰਘ ਭੜਾਨਾ ਨੂੰ ਉਮੀਦਵਾਰ ਬਣਾਇਆ ਹੈ।

ਕਾਂਗਰਸ ਨੇ ਬਦਰੀਨਾਥ ਤੋਂ ਲਖਪਤ ਬੁਟੋਲਾ ਤੇ ਮੰਗਲੌਰ ਤੋਂ ਕਾਜ਼ੀ ਨਿਜ਼ਾਮੂਦੀਨ ਨੂੰ ਉਤਾਰਿਆ ਹੈ। ਤਾਮਿਲਨਾਡੂ ਦੀ ਵਿਕਰਵੰਡੀ ਸੀਟ ਡੀ ਐੱਮ ਕੇ ਵਿਧਾਇਕ ਐੱਨ ਪੁਘਾਜੇਂਥੀ ਦੇ ਦੇਹਾਂਤ ਨਾਲ ਖਾਲੀ ਹੋਈ ਹੈ। ਇੱਥੇ ਡੀ ਐੱਮ ਕੇ ਨੇ ਅਨੀਯੁਰ ਸ਼ਿਵਾ ਨੂੰ ਉਤਾਰਿਆ ਹੈ। ਮੁੱਖ ਵਿਰੋਧੀ ਅੰਨਾ ਡੀ ਐੱਮ ਕੇ ਇਹ ਸੀਟ ਨਹੀਂ ਲੜ ਰਹੀ। ਐੱਨ ਡੀ ਏ ਵਿਚ ਸ਼ਾਮਲ ਪੀ ਐੱਮ ਕੇ ਨੇ ਉਮੀਦਵਾਰ ਉਤਾਰਿਆ ਹੈ।
ਜਲੰਧਰ ਪੱਛਮੀ ਸੀਟ ਲਈ ਖੜ੍ਹੇ ਉਮੀਦਵਾਰਾਂ ਦੀ ਸਥਿਤੀ ਦਿਲਚਸਪ ਹੈ। ਅਸੰਬਲੀ ਚੋਣਾਂ ਵਿਚ ਭਾਜਪਾ ਤੋਂ ਆਮ ਆਦਮੀ ਪਾਰਟੀ ਵਿਚ ਆਉਣ ਵਾਲੇ ਸ਼ੀਤਲ ਅੰਗੂਰਾਲ ਨੇ ਜਿੱਤ ਹਾਸਲ ਕੀਤੀ ਸੀ। ਜਲੰਧਰ ਤੋਂ ਲੋਕ ਸਭਾ ’ਚ ਕਾਂਗਰਸ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਲੋਕ ਸਭਾ ਦੀ ਜ਼ਿਮਨੀ ਸੀਟ ਜਿੱਤ ਲਈ ਸੀ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਕੇ ਲੜੇ, ਪਰ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੋਂ ਹਾਰ ਗਏ। ਅੰਗੂਰਾਲ ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਚਲੇ ਗਏ। ਇਸ ਤੋਂ ਪਹਿਲਾਂ ਉਨ੍ਹਾ ਅਸੰਬਲੀ ਤੋਂ ਅਸਤੀਫਾ ਦੇ ਦਿੱਤਾ ਸੀ। ਸਪੀਕਰ ਵੱਲੋਂ ਅਸਤੀਫਾ ਮਨਜ਼ੂਰ ਕਰ ਲੈਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਖਾਲੀ ਹੋ ਗਈ। ਹੁਣ ਅੰਗੂਰਾਲ ਭਾਜਪਾ ਦੇ ਉਮੀਦਵਾਰ ਹਨ, ਜਦਕਿ ਕਾਂਗਰਸ ਨੇ ਸੁਰਿੰਦਰ ਕੌਰ ਨੂੰ ਖੜ੍ਹਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਉਤਾਰਿਆ ਹੈ, ਜਿਨ੍ਹਾ ਦੇ ਪਿਤਾ ਚੂਨੀ ਲਾਲ ਭਗਤ ਬਾਦਲ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਭਾਜਪਾ ਚਾਹੇਗੀ ਕਿ ਉਹ ਸੀਟ ’ਤੇ ਮੁੜ ਕਾਬਜ਼ ਹੋ ਜਾਵੇ ਜਾਂ ਚੰਨੀ ਵੱਲੋਂ ਇਸ ਹਲਕੇ ਵਿਚ ਲਈ ਲੀਡ ਨੂੰ ਘਟਾ ਦੇਵੇ, ਕਾਂਗਰਸ ਆਪਣੀ ਚੜ੍ਹਤ ਕਾਇਮ ਰੱਖਣੀ ਚਾਹੇਗੀ, ਜਦਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਮੋਹਰ ਲੁਆਉਣਾ ਚਾਹੇਗੀ।

ਸਾਂਝਾ ਕਰੋ