ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਦੀ ਜੇਲ੍ਹ ਤੋਂ ਰਿਹਾਈ ਹੋਣ ਨਾਲ ਕੌਮਾਂਤਰੀ ਸਾਜਿ਼ਸ਼ਾਂ ਦੀ ਲੰਮੀ ਕਹਾਣੀ ਦਾ ਅੰਤ ਹੋ ਗਿਆ ਹੈ। ਸਰਕਾਰੀ ਭੇਤਾਂ ਦਾ ਪਰਦਾਫ਼ਾਸ਼ ਕਰਨ ਵਾਲੇ ਇਸ ਇੰਟਰਨੈੱਟ ਪ੍ਰਕਾਸ਼ਕ ਦੀ ਵੈੱਬਸਾਈਟ ਵਿਕੀਲੀਕਸ 2010 ਵਿੱਚ ਉਦੋਂ ਸੁਰਖ਼ੀਆਂ ਵਿੱਚ ਆ ਗਈ ਸੀ ਜਦੋਂ ਇਸ ਨੇ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਜੰਗਾਂ ਨਾਲ ਜੁੜੇ ਅਣਗਿਣਤ ਗੁਪਤ ਦਸਤਾਵੇਜ਼ ਨਸ਼ਰ ਕਰ ਕੇ ਤਰਥੱਲੀ ਮਚਾ ਦਿੱਤੀ ਸੀ। ਵਿਕੀਲੀਕਸ ਵੱਲੋਂ ਨਸ਼ਰ ਕੀਤੀ ਗਈ ਸਮੱਗਰੀ ਵਿੱਚ ਇੱਕ ਅਜਿਹੀ ਵੀਡਿਓ ਵੀ ਸੀ ਜਿਸ ਵਿੱਚ ਇਰਾਕ ਵਿੱਚ ਫ਼ੌਜੀ ਹੈਲੀਕਾਪਟਰਾਂ ਰਾਹੀਂ ਨਾਗਰਿਕਾਂ ਨੂੰ ਮਾਰਦਿਆਂ ਦਿਖਾਇਆ ਗਿਆ ਸੀ। ਅਸਾਂਜ ਦੇ ਸਹਿਯੋਗੀਆਂ ਵਿੱਚ ਅਮਰੀਕੀ ਫ਼ੌਜ ਦੀ ਇੰਟੈਲੀਜੈਂਸ ਸਮੀਖਿਅਕ ਚੈਲਸੀ ਮੈਨਿੰਗ ਵੀ ਸੀ ਜਿਸ ਨੂੰ 35 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਬਾਅਦ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਹੁਕਮ ਨਾਲ ਮੁਆਫ਼ ਕਰ ਦਿੱਤੀ ਗਈ ਸੀ।
ਇਸ ਸਬੰਧ ਵਿੱਚ ਅਮਰੀਕਾ ਨਾਲ ਸੰਧੀ ਹੋਣ ਸਦਕਾ ਅਸਾਂਜ ਨੂੰ ਸੁੱਖ ਦਾ ਸਾਹ ਮਿਲਿਆ ਹੈ ਜੋ ਪੰਜ ਸਾਲਾਂ ਤੋਂ ਬਰਤਾਨੀਆ ਦੀ ਜੇਲ੍ਹ ਵਿੱਚ ਬੰਦ ਸੀ ਅਤੇ ਆਪਣੀ ਹਵਾਲਗੀ ਦੇ ਕੇਸ ਲੜ ਰਿਹਾ ਸੀ। ਇਸ ਤੋਂ ਪਹਿਲਾਂ ਉਸ ਦੇ ਖਿ਼ਲਾਫ਼ ਸਵੀਡਨ ਵਿੱਚ ਬਲਾਤਕਾਰ ਦਾ ਕੇਸ ਵੀ ਦਰਜ ਹੋਇਆ ਸੀ ਜਿਸ ਦਾ ਉਸ ਨੇ ਖੰਡਨ ਕੀਤਾ ਸੀ। ਅਸਾਂਜ ਸੱਤ ਸਾਲ ਲੰਡਨ ਵਿਚਲੇ ਐਕੁਆਡੋਰ ਦੇ ਦੂਤਾਵਾਸ ਵਿੱਚ ਪਨਾਹ ਵਿੱਚ ਰਿਹਾ ਸੀ। ਜੂਲੀਅਨ ਅਸਾਂਜ ਦੇ ਕਾਰਜ ਨੇ ਉਸ ਨੂੰ ਸਵੈ-ਪ੍ਰਗਟਾਵੇ ਦੀ ਆਜ਼ਾਦੀ ਲਈ ਜੂਝਣ ਵਾਲੇ ਅਲੰਬਰਦਾਰਾਂ ਵਿੱਚ ਲਿਆ ਖੜ੍ਹਾ ਕੀਤਾ ਸੀ ਕਿਉਂਕਿ ਪੱਤਰਕਾਰਾਂ ਤੋਂ ਅਜਿਹੇ ਇੰਕਸ਼ਾਫ਼ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ। ਉਸ ਦੇ ਹਮਾਇਤੀ ਉਸ ਨੂੰ ਪ੍ਰੈੱਸ ਦੀ ਆਜ਼ਾਦੀ ਦਾ ਚੈਂਪੀਅਨ ਕਰਾਰ ਦਿੰਦੇ ਹਨ ਜਿਸ ਨੇ ਰਾਜਸੀ ਸੱਤਾ ਦੀ ਦੁਰਵਰਤੋਂ ਅਤੇ ਸਰਕਾਰਾਂ ਦੇ ਦੰਭ ਦਾ ਪਰਦਾਫ਼ਾਸ਼ ਕੀਤਾ ਸੀ।
ਉਂਝ, ਅਮਰੀਕਾ ਵਿੱਚ ਉਸ ਨੂੰ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਖ਼ਲਨਾਇਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਬਰਤਾਨਵੀ ਸਰਕਾਰ ਨੇ 2022 ਵਿਚ ਹਵਾਲਗੀ ਸੰਧੀ ’ਤੇ ਸਹੀ ਪਾਈ ਸੀ। ਪਿਛਲੇ ਮਹੀਨੇ ਦੋ ਜੱਜਾਂ ਨੇ ਕਿਹਾ ਸੀ ਕਿ ਜੂਲੀਅਨ ਅਸਾਂਜ ਇਸ ਸਵਾਲ ਮੁਤੱਲਕ ਅਪੀਲ ਕਰ ਸਕਦਾ ਹੈ ਕਿ ਕੀ ਬਤੌਰ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਮੁਕੱਦਮੇ ਦਾ ਸਾਹਮਣਾ ਕਰਦਿਆਂ ਉਸ ਨੂੰ ਸੰਵਿਧਾਨ ਦੀ ‘ਪ੍ਰਥਮ ਸੋਧ’ ਤਹਿਤ ਬੋਲਣ ਦੀ ਆਜ਼ਾਦੀ ਦੇ ਹਕੂਕ ਹਾਸਿਲ ਹੋਣਗੇ। ਇਸ ਸੰਧੀ ਮੁਤਾਬਿਕ ਅਸਾਂਜ ਨੇ ਇਕਮਾਤਰ ਜਾਸੂਸੀ ਕਾਨੂੰਨ ਦੀ ਉਲੰਘਣਾ ਦਾ ਗੁਨਾਹ ਕਬੂਲ ਕੀਤਾ ਹੈ ਜਿਸ ਕਰ ਕੇ ਹੁਣ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਵਤਨ ਆਸਟਰੇਲੀਆ ਵਾਪਸ ਜਾ ਰਿਹਾ ਹੈ ਜਿਸ ਲਈ ਕੈਨਬਰਾ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਇਹ ਅਨੁਮਾਨ ਲਾਉਣਾ ਮੁਸ਼ਕਿਲ ਹੈ ਕਿ ਇਸ ਮਾਮਲੇ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਕਿਸ ਤਰ੍ਹਾਂ ਲਿਆ ਜਾਵੇਗਾ। 2016 ਦੀ ਰਾਸ਼ਟਰਪਤੀ ਚੋਣ ਵਿੱਚ ਇਹ ਸ਼ੱਕ ਕੀਤਾ ਗਿਆ ਸੀ ਕਿ ਵਿਕੀਲੀਕਸ ਵੱਲੋਂ ਈਮੇਲਾਂ ਜਾਰੀ ਕਰਨ ਦੇ ਮਾਮਲੇ ਪਿੱਛੇ ਰੂਸ ਦਾ ਹੱਥ ਸੀ ਜਿਸ ਕਰ ਕੇ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਨੂੰ ਝਟਕਾ ਵੱਜਿਆ ਸੀ ਅਤੇ ਡੋਨਲਡ ਟਰੰਪ ਨੂੰ ਇਸ ਦਾ ਲਾਹਾ ਮਿਲਿਆ ਸੀ। ਉਂਝ, ਬਾਅਦ ਵਿੱਚ ਟਰੰਪ ਹੀ ਹੱਥ ਧੋ ਕੇ ਅਸਾਂਜ ਦੇ ਪਿੱਛੇ ਪੈ ਗਿਆ ਸੀ।