ਵਿਕਾਸ ਦੇ ਨਾਂ ’ਤੇ ਵਿਨਾਸ਼

ਮਹੀਨੇ-ਡੇਢ ਮਹੀਨੇ ਤੋਂ ਭਾਰਤ ਦੇ ਕਈ ਸੂਬੇ ਅਸਮਾਨੋਂ ਵਰ੍ਹਦੀ ਅੱਗ ਦੀ ਤਪਸ਼ ਨਾਲ ਝੁਲਸ ਰਹੇ ਹਨ। ਇਸ ਅੱਤ ਦੀ ਗਰਮੀ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪਸ਼ੂ-ਪੰਛੀ, ਜੀਵ-ਜੰਤੂ ਮਰ ਰਹੇ ਹਨ। ਇਨ੍ਹਾਂ ਹਾਲਤਾਂ ਵਿਚ ਸਭ ਪਾਸਿਓਂ ਇਕ ਹੀ ਆਵਾਜ਼ ਬੁਲੰਦ ਹੋ ਰਹੀ ਹੈ “ਪੌਦੇ ਲਗਾਓ, ਰੁੱਖ ਬਚਾਓ”। ਰੁੱਖ ਸਾਨੂੰ ਗਰਮੀ ਦੀ ਮਾਰ ਤੋਂ ਬਚਾਉਂਦੇ ਹਨ। ਹਵਾ ਵਿਚ ਨਮੀ ਨੂੰ ਵਧਾਉਂਦੇ ਹਨ ਅਤੇ ਮੀਂਹ ਵਰ੍ਹਾਉਣ ਵਿਚ ਸਹਾਈ ਹੁੰਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਦੇਸ਼ ਦੀ ਜਰਖੇਜ਼ ਜ਼ਮੀਨ ਨੂੰ ਵਿਕਾਸ ਦੇ ਨਾਂ ‘ਤੇ ਰੁੱਖਾਂ ਤੋਂ ਸੱਖਣਾ ਕੀਤਾ ਜਾ ਰਿਹਾ ਹੈ। ਜੰਗਲਾਂ ਹੇਠਲਾ ਰਕਬਾ ਮਨਫ਼ੀ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਧਰਤੀ ‘ਤੇ ਵਿਨਾਸ਼ਕਾਰੀ ਤਪਸ਼ ਦਾ ਤਾਂਡਵ ਦਿਨ-ਬ-ਦਿਨ ਵਧ ਰਿਹਾ ਹੈ।

ਇਸ ਮਹਾ-ਵਿਨਾਸ਼ ਲਈ ਮਨੁੱਖ ਇਕੱਲਾ ਹੀ ਨਹੀਂ ਸਗੋਂ ਸਮੇਂ ਦੀਆਂ ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਵਾਤਾਵਰਨ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਲਾਗੂ ਨਹੀਂ ਕੀਤੇ ਜਾ ਰਹੇ। ਉੱਤਰ ਪ੍ਰਦੇਸ਼ ਸਰਕਾਰ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਸੂਚਿਤ ਕੀਤਾ ਹੈ ਕਿ ਸਰਕਾਰ ਨੇ ਕਾਂਵੜੀਆਂ ਦੀ ਸਹੂਲਤ ਲਈ ਪੱਛਮੀ ਉੱਤਰ ਪ੍ਰਦੇਸ਼ ਵਿਚ ਇਕ ਵਿਸ਼ੇਸ਼ ਮਾਰਗ ਦਾ ਨਿਰਮਾਣ ਕਰਨਾ ਹੈ। ਇਸ ਖ਼ਾਤਰ ਗਾਜ਼ੀਆਬਾਦ, ਮੇਰਠ ਅਤੇ ਮੁਜ਼ੱਫਰਨਗਰ ਵਿਚ ਕਰੀਬ 111 ਕਿੱਲੋਮੀਟਰ ਲੰਬੀ ਕਾਂਵੜ ਮਾਰਗ ਪਰਿਯੋਜਨਾ ਲਈ 33 ਹਜ਼ਾਰ ਤੋਂ ਵੱਧ ਪੂਰੀ ਤਰ੍ਹਾਂ ਵਿਕਸਤ ਅਤੇ 80 ਕੁ ਹਜ਼ਾਰ ਦਰਮਿਆਨੇ ਆਕਾਰ ਦੇ ਰੁੱਖਾਂ ਨੂੰ ਕੱਟਿਆ ਜਾਵੇਗਾ। ਇਸ ਮਾਰਗ ’ਤੇ ਵੱਡੇ ਤੇ ਛੋਟੇ ਕੁੱਲ 37 ਪੁਲ ਅਤੇ ਇਕ ਰੇਲਵੇ ਓਵਰਬ੍ਰਜ ਦਾ ਨਿਰਮਾਣ ਕੀਤਾ ਜਾਣਾ ਹੈ ਅਤੇ ਇਸ ਪ੍ਰਾਜੈਕਟ ‘ਤੇ ਕੁੱਲ 658 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਇੰਨੀ ਵੱਡੀ ਗਿਣਤੀ ਵਿਚ ਰੁੱਖਾਂ ਦਾ ਕੱਟਿਆ ਜਾਣਾ ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਸਮੇਂ ਕਈ ਸੂਬੇ ਅੱਤ ਦੀ ਗਰਮੀ ਨਾਲ ਝੁਲਸ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਵਾਤਾਵਰਨ ਮੰਤਰਾਲੇ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਉਕਤ ਪ੍ਰਾਜੈਕਟ ਲਈ ਕੁੱਲ 1,10,000 ਪੇੜ-ਪੌਦੇ ਕੱਟਣ ਦੀ ਦਿੱਤੀ ਗਈ ਆਗਿਆ ‘ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ।

ਭਾਵੇਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਲਿਤਪੁਰ ਜ਼ਿਲ੍ਹੇ ਵਿਚ ਪੌਦੇ ਲਗਾਉਣ ਲਈ 222 ਹੈਕਟੇਅਰ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਪਰ ਕੀ ਇਨ੍ਹਾਂ ਲਗਾਏ ਜਾਣ ਵਾਲੇ ਨਵੇਂ ਬੂਟਿਆਂ ਨਾਲ ਕੱਟੇ ਜਾਣ ਵਾਲੇ ਵਿਕਸਤ ਰੁੱਖਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇਗੀ? ਵਾਤਾਵਰਨ ਮਾਹਿਰਾਂ ਅਨੁਸਾਰ ਜੇ ਧਰਤੀ ਦੇ ਕੁੱਲ ਹਿੱਸੇ ਦਾ 34% ਭਾਗ ਹਰਿਆ-ਭਰਿਆ ਹੋਵੇਗਾ ਤਾਂ ਹੀ ਸਾਡਾ ਜੀਵਨ ਸੁਰੱਖਿਅਤ ਰਹਿ ਸਕਦਾ ਹੈ। ਇਸ ਲਈ ਜੇ ਆਪਣੀ ਜ਼ਿੰਦਗੀ ਨੂੰ ਸੌਖੀ ਰੱਖਣਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਚੌਗਿਰਦਾ ਦੇਣਾ ਹੈ ਤਾਂ ਸਾਨੂੰ ਰੁੱਖਾਂ ਨੂੰ ਅੰਨ੍ਹੇਵਾਹ ਕੱਟਣਾ ਬੰਦ ਕਰਨਾ ਹੋਵੇਗਾ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਹੋਣਗੇ। ਇਸ ਨੂੰ ਇਕ ਲੋਕ ਲਹਿਰ ਵਜੋਂ ਵਿਕਸਤ ਕਰਨ ਦੀ ਲੋੜ ਹੈ।

ਸਾਂਝਾ ਕਰੋ

ਪੜ੍ਹੋ