ਬੀਤੇ ਦਿਨੀਂ ਪਾਕਿਸਤਾਨੀ ਪੰਜਾਬ ਜਿਸ ਨੂੰ ਅਸੀਂ ਖਲੂਸ ਨਾਲ ‘ਲਹਿੰਦਾ ਪੰਜਾਬ’ ਪੁਕਾਰਦੇ ਹਾਂ, ਉੱਥੋਂ ਦੀ ਮਰੀਅਮ ਨਵਾਜ਼ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਸੁੱਖੀਂ-ਸਾਂਦੀ ਪੂਰੇ ਕਰ ਲਏ ਹਨ। ਪੰਜਾਬੀ ਜ਼ੁਬਾਨ ਦੀਆਂ ਖ਼ੂਬਸੂਰਤ ਕਹਾਵਤਾਂ ਹਨ ਕਿ ਪਿੰਡ ਦੇ ਭਾਗ ਪਰਾਲੀ ਦੀਆਂ ਧੜਾਂ ਜਾਂ ਘਰ ਦੇ ਭਾਗ ਡਿਓਢੀ ਤੋਂ ਪਛਾਣੇ ਜਾਂਦੇ ਹਨ। ਸੋ ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸਰਕਾਰ ਦੇ ਭਵਿੱਖ ਦਾ ਅੰਦਾਜ਼ਾ ਉਸ ਦੀ ਪਹਿਲੇ 100 ਦਿਨ ਦੀ ਕਾਰਗੁਜ਼ਾਰੀ ਤੋਂ ਲੱਗ ਜਾਂਦਾ ਹੈ। ਮਰੀਅਮ ਨਵਾਜ਼ ਸ਼ਰੀਫ਼ ਲਗਪਗ 50 ਸਾਲਾ ਪੜ੍ਹੀ-ਲਿਖੀ, ਜ਼ਹੀਨ, ਪ੍ਰਬੁੱਧ, ਗਤੀਸ਼ੀਲ ਪਹਿਲੀ ਐਸੀ ਤ੍ਰੀਮਤ ਹਨ ਜਿਨ੍ਹਾਂ ਨੂੰ ਇਸ ਸਾਲ 6 ਫਰਵਰੀ ਨੂੰ ਲਹਿੰਦੇ ਪੰਜਾਬ ਦੀ 20ਵੀਂ ਮੁੱਖ ਮੰਤਰੀ ਬਣਨ ਦਾ ਇਜ਼ਾਜ਼ ਪ੍ਰਾਪਤ ਹੋਇਆ।
ਮਨੁੱਖ ਪ੍ਰਧਾਨ ਪਾਕਿਸਤਾਨ ਇਸਲਾਮਿਕ ਰਿਪਬਲਿਕ ਅੰਦਰ ਇਕ ਔਰਤ ਲਈ ਨਿਸ਼ਚਤ ਤੌਰ ’ਤੇ ਇਹ ਇਕ ਇਤਿਹਾਸਕ ਪ੍ਰਾਪਤੀ ਹੀ ਜਾ ਸਕਦੀ ਹੈ। ਉਸ ਤੋਂ ਪਹਿਲਾਂ ਬੇਨਜ਼ੀਰ ਭੁੱਟੋ ਐਸੀ ਹੀ ਪੜ੍ਹੀ-ਲਿਖੀ, ਪ੍ਰਬੁੱਧ ਅਤੇ ਤੇਜ਼-ਤਰਾਰ ਔਰਤ ਸੀ ਜਿਸ ਨੂੰ 2 ਦਸੰਬਰ 1988 ਤੋਂ 6 ਅਗਸਤ 1990 ਅਤੇ 18 ਅਕਤੂਬਰ 1993 ਤੋਂ 5 ਨਵੰਬਰ 1996 ਤੱਕ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਜੇਕਰ ਇਕ ਚੋਣ ਜਲਸੇ ਵਿਚ 27 ਦਸੰਬਰ 2007 ਨੂੰ ਉਨ੍ਹਾਂ ਦਾ ਘਿਨਾਉਣਾ ਕਲਤ ਨਾ ਹੁੰਦਾ ਤਾਂ ਸ਼ਾਇਦ ਹੁਣ ਤੱਕ ਹੋਰ ਕਈ ਸ਼ਾਨਾਂਮੱਤੀਆਂ ਪ੍ਰਾਪਤੀਆਂ ਉਨ੍ਹਾਂ ਦੇ ਨਾਂ ’ਤੇ ਦਰਜ ਹੁੰਦੀਆਂ। ਮਰੀਅਮ ਨੂੰ ਰਾਜਨੀਤੀ ਅਤੇ ਪ੍ਰਸ਼ਾਸਨ ਦੀ ਕਲਾ ਉਵੇਂ ਹੀ ਆਪਣੇ ਪਿਤਾ ਮੀਆਂ ਨਵਾਜ਼ ਸ਼ਰੀਫ਼ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿੱਚੋਂ ਹਸਿਲ ਹੋਈ ਹੈ ਜਿਵੇਂ ਬੇਨਜ਼ੀਰ ਭੁੱਟੋ ਨੂੰ ਆਪਣੇ ਪਿਤਾ ਜ਼ੁਲਫਿਕਾਰ ਅਲੀ ਭੁੱਟੋ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿੱਚੋਂ ਮਿਲੀ ਸੀ। ਅਜੋਕੇ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਮਹਿੰਗਾਈ, ਭਿ੍ਸ਼ਟਾਚਾਰ, ਰਾਜਨੀਤਕ ਸਾਜ਼ਿਸ਼ੀ ਦੌਰ ਅਤੇ ਤਾਕਤਵਰ ਵਿਰੋਧੀ ਧਿਰ ਦੀ ਬਾਜ਼ ਦੀ ਅੱਖ ਵਾਲੇ ਵਤੀਰੇ ਵਿਚ ਪਾਕਿਸਤਾਨ ਦੇ ਕਰੀਬ 13 ਕਰੋੜ ਆਬਾਦੀ ਵਾਲੇ ਪੰਜਾਬ ਪ੍ਰਾਂਤ ’ਚ ਸਫਲਤਾਪੂਰਕ ਸਰਕਾਰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ।
ਆਪਣੀ ਸਰਕਾਰ ਨੂੰ ਰਾਜਨੀਤਕ ਸਥਿਰਤਾ ਰਾਹੀਂ ਆਧੁਨਿਕ ਆਰਥਿਕ, ਤਕਨੀਕੀ, ਸਾਇੰਸੀ, ਸਨਅਤੀ, ਮੁੱਢਲੇ ਢਾਂਚੇ ਨਾਲ ਸਬੰਧਤ ਪ੍ਰੋਗਰਾਮਾਂ ਬਲਬੂਤੇ ਤਰੱਕੀ ਅਤੇ ਖ਼ੁਸ਼ਹਾਲੀ ਦੇ ਮਾਰਗ ’ਤੇ ਤੋਰਨ ਲਈ ਜਿੱਥੇ ਮਰੀਅਮ ਨੇ ਨਾ ਦਿਨ ਵੇਖਿਆ, ਨਾ ਰਾਤ, ਨਿਰੰਤਰ ਸਖ਼ਤ ਮਿਹਨਤ ਕੀਤੀ, ਉੱਥੇ ਉਸ ਦੇ ਮੈਂਟਰ ਪਿਤਾ ਮੀਆਂ ਨਵਾਜ਼ ਸ਼ਰੀਫ਼ ਦੀ ਨਿੱਤ ਪ੍ਰਤੀ ਅਗਵਾਈ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸਰੀਫ਼ ਜੋ ਮਰੀਅਮ ਦਾ ਚਾਚਾ ਹੈ, ਉਨ੍ਹਾਂ ਦੇ ਸਹਿਯੋਗ ਨੇ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ 100 ਦਿਨਾਂ ਦੌਰਾਨ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਦਿਨ-ਰਾਤ ਸੂਬੇ ਦੇ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਮੁਹੱਲੇ, ਖੇਤ-ਖਲਿਆਨ, ਸਨਅਤਾਂ, ਵਿੱਦਿਅਕ ਸੰਸਥਾਵਾਂ, ਰਾਜਮਾਰਗਾਂ ਦੀ ਉਸਾਰੀ, ਗ਼ਰੀਬਖਾਨਿਆਂ ਦੇ ਗਲਿਆਰੇ ਗਾਹੁੰਦੀ ਵੇਖੀ ਗਈ। ਪੁਲਿਸ ਮੁਖੀ ਆਈਜੀ, ਪ੍ਰਸ਼ਾਸਨ ਮੁਖੀ ਮੁੱਖ ਸਕੱਤਰ, ਵਿਭਾਗੀ ਸਕੱਤਰਾਂ ਅਤੇ ਮੰਤਰੀਆਂ ਤੋਂ ਰੋਜ਼ਾਨਾ ਪ੍ਰੋਗਰੈਸ ਰਿਪੋਰਟ ਤਲਬ ਕਰਦੀ ਵੇਖੀ ਗਈ। ਕਰੀਬ 42 ਜਨਤਕ ਭਲਾਈ ਵਾਲੇ ਪ੍ਰਾਜੈਕਟ ਚਾਲੂ ਕੀਤੇ ਗਏ ਜੋ ਇਕ ਰਿਕਾਰਡ ਹੈ। ਲਹਿੰਦੇ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੁਝ ਯੋਜਨਾਬੱਧ ਪ੍ਰਾਜੈਕਟ ਸੱਚਮੁੱਚ ਮੂੰਹੋਂ ਬੋਲਦੇ ਵਿਖਾਈ ਦੇ ਰਹੇ ਹਨ। ਤੀਹ ਬਿਲੀਅਨ ਰੁਪਏ ਆਧਾਰਤ ਰਮਜ਼ਾਨ ਨਿਗਾਹਬਾਨ ਪੈਕੇਜ ਰਾਹੀਂ ਗ਼ਰੀਬ ਲੋੜਵੰਦ ਸਾਢੇ ਤਿੰਨ ਕਰੋੜ ਲੋਕਾਂ ਨੂੰ 6.5 ਮਿਲੀਅਨ ਬੈਗ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਆਟਾ, ਦਾਲ, ਖੰਡ, ਘਿਉ ਅਤੇ ਵੇਸਣ ਆਦਿ ਹੁੰਦੇ ਹਨ।
ਰੋਟੀ ਦੀ ਕੀਮਤ 20 ਰੁਪਏ ਤੋਂ ਘਟਾ ਦੇ 16 ਰੁਪਏ, ਲਾਹੌਰ ਵਿਚ 14 ਜਦਕਿ ਬਹਾਵਲਪੁਰ, ਬਹਾਵਲਨਗਰ, ਰਹੀਮਯਾਰ ਖ਼ਾਨ ਵਿਖੇ 12 ਰੁਪਏ ਕੀਤੀ ਹੈ। ਸੰਨ 2023-24 ਲਈ ਕਣਕ ਲਈ ਐੱਮਐੱਸਪੀ 3900 ਰੁਪਏ ਪ੍ਰਤੀ 40 ਕਿੱਲੋ ਕੀਤੀ ਹੈ। ਸਿਹਤਮੰਦ ਪੰਜਾਬ ਪ੍ਰੋਗਰਾਮ ਅਧੀਨ ਲਾਹੌਰ ਵਿਖੇ ਕੈਂਸਰ ਹਸਪਤਾਲ, ਨਵਾਜ਼ ਸ਼ਰੀਫ਼ ਕਾਰਡੀਆਲੋਜੀ ਹਸਪਾਤਲ ਸਰਗੋਧਾ, 32 ਫੀਲਡ ਹਸਪਤਾਲ ਖੋਲ੍ਹੇ ਗਏ ਹਨ। ‘ਪਹੀਆਂ ’ਤੇ ਕਲੀਨਿਕ’ ਪ੍ਰੋਗਰਾਮ ਅਧੀਨ 200 ਐਸੀਆਂ ਕਲੀਨਿਕਾਂ ਪਹਿਲੇ ਪੜਾਅ ਵਿਚ 8 ਜ਼ਿਿਲ੍ਹਆਂ ਵਿਚ ਚਾਲੂ ਕੀਤੀਆਂ ਹਨ ਜਿਨ੍ਹਾਂ ਵਿਚ ਇਕ ਡਾਕਟਰ, ਲੇਡੀ ਹੈਲਥ ਵਿਜ਼ਟਰ, ਵੈਕਸੀਨੇਟਰ, ਮੁਫ਼ਤ ਦਵਾਈਆਂ ਅਤੇ ਅਲਟਰਾਸਾਊਂਡ ਸਹੂਲਤਾਂ ਮੌਜੂਦ ਹਨ। 2500 ਮੁੱਢਲੇ ਸਿਹਤ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿਚ ਲੈਬ, ਈਸੀਜੀ, ਐਕਸਰੇ ਅਤੇ ਦਵਾਈਆਂ ਮੌਜੂਦ ਹਨ।
‘ਅਪਨਾ ਘਰ-ਅਪਨੀ ਛੱਤ’ ਪ੍ਰੋਗਰਾਮ ਤਹਿਤ ਪਹਿਲੇ ਪੜਾਅ ਵਿਚ ਇਕ ਲੱਖ ਘਰ ਉਸਾਰੇ ਜਾ ਰਹੇ ਹਨ। ਵਿਦਿਆਰਥੀਆਂ ਦੀ ਆਵਾਜਾਈ ਲਈ 20000 ਬਾਈਕਾਂ, 657 ਨਵੀਆਂ ਬੱਸਾਂ ਦਾ ਪ੍ਰਬੰਧ ਕੀਤਾ ਹੈ। ਸੱਤਰ ਪ੍ਰਤੀਸ਼ਤ ਲੜਕਿਆਂ ਅਤੇ 30 ਪ੍ਰਤੀਸ਼ਤ ਲੜਕੀਆਂ ਨੂੰ ਬਾਈਕ ਦਿੱਤੇ ਜਾਣਗੇ। ਨਵਾਜ਼ ਸ਼ਰੀਫ ਆਈਟੀ ਸਿਟੀ ਪ੍ਰਾਜੈਕਟ ਲਈ 10 ਬਿਲੀਅਨ ਰੁਪਏ ਸ਼ੁਰੂ ਵਿਚ ਰੱਖੇ ਹਨ। ਪਾਕਿਸਤਾਨ ਕਿਡਨੀ ਤੇ ਲਿਵਰ ਸੰਸਥਾ ਅਤੇ ਖੋਜ ਕੇਂਦਰ ਲਾਹੌਰ 853 ਏਕੜ ’ਚ ਤਿਆਰ ਹੋ ਰਿਹਾ ਹੈ। ਚਾਰ ਆਈਟੀ ਜ਼ਿਲ੍ਹਾ, ਸਿੱਖਿਆ ਸਿਟੀ, ਫਿਲਮ ਸਿਟੀ, ਕਾਰੋਬਾਰੀ ਤੇ ਰਿਹਾਇਸ਼ੀ ਖੇਤਰ ਉਸਾਰੇ ਜਾ ਰਹੇ ਹਨ। ਇਨ੍ਹਾਂ ਅਧੀਨ 10 ਲੱਖ ਰੁਜ਼ਗਾਰ ਪੈਦਾ ਹੋਣਗੇ। ਸਪੈਸ਼ਲ ਸਥਾਨਕ ਅਤੇ ਕੌਮਾਂਤਰੀ ਖਿੱਚ ਦੇ ਕੇਂਦਰਾਂ ਵਜੋਂ ਵਿਸ਼ੇਸ਼ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਇਨ੍ਹਾਂ ਨੂੰ ਭਾਰਤ ਦੀ ਅਟਲ ਵਿਹਾਰੀ ਵਾਜਪਾਈ ਸਰਕਾਰ ਵੱਲੋਂ ਪਹਾੜੀ ਰਾਜਾਂ ਵਿਚ ਸਥਾਪਤ ਤੇ ਵਿਕਸਤ ਕਰਨ ਦੀ ਤਰਜ਼ ’ਤੇ 10 ਸਾਲਾਂ ਲਈ ਟੈਕਸ ਮਾਫ਼ੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਚੀਨੀ ਮਸ਼ੀਨਰੀ ਇੰਜੀਨੀਅਰਿੰਗ ਕਾਰਪੋਰੇਸ਼ਨ ਨਾਲ ਇਸ ਮੰਤਵ ਲਈ ਸਮਝੌਤਾ ਕੀਤਾ ਗਿਆ ਹੈ।
ਨਵਾਜ਼ ਸ਼ਰੀਫ ਕਿਸਾਨ ਕਾਰਡ ਜ਼ਰੀਏ ਕਿਸਾਨਾਂ ਦਾ ਭਵਿੱਖ ਉਸਾਰਨ ਲਈ 150 ਬਿਲੀਅਨ ਕਰਜ਼ੇ ਦਾ ਪ੍ਰਬੰਧ 5 ਲੱਖ ਕਿਸਾਨਾਂ ਲਈ ਕੀਤਾ ਹੈ। ਵਧੀਆ ਬੀਜਾਂ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਖ਼ਰੀਦ ਲਈ 30 ਹਜ਼ਾਰ ਪ੍ਰਤੀ ਏਕੜ ਦਿੱਤੇ ਜਾਣਗੇ। ਨਿੱਜੀ ਖੇਤਰਾਂ ਭਾਵ ਕਾਰਪੋਰੇਟਰਾਂ ਦੇ ਸਹਿਯੋਗ ਨਾਲ ਮਾਡਲ ਖੇਤੀ ਕੇਂਦਰ ਸਥਾਪਤ ਕੀਤੇ ਜਾਣਗੇ। ਲੇਕਿਨ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਕਿਤੇ ਖੇਤਰੀ ਖੇਤਰ ਹੀ ਹੜੱਪ ਨਾ ਜਾਣ। ਚੀਨ ਦੀ ਮਦਦ ਨਾਲ ਫੈਸਲਾਬਾਦ ਯੂਨੀਵਰਸਿਟੀ ਵਿਚ 2 ਬਿਲੀਅਨ ਰੁਪਏ ਦੀ ਲਾਗਤ ਨਾਲ ਖੇਤੀ ਖੋਜ ਤੇ ਵਿਕਾਸ ਕੇਂਦਰ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਵਿਚ 500 ਖੇਤੀ ਗ੍ਰੈਜੂਏਟ ਭਰਤੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 12.6 ਬਿਲੀਅਨ ਰੁਪਏ ਨਾਲ ਸੋਲਰ ਸਿਸਟਮ ਵਿਕਸਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
ਆਰਥਿਕ ਵਿਕਾਸ, ਆਪਸੀ ਮਿਲਵਰਤਨ, ਸੂਬੇ ਨੂੰ ਤੇਜ਼ ਗਤੀ ਬੱਸ ਸੇਵਾਵਾਂ ਨਾਲ ਜੋੜਨ, ਟ੍ਰਾਂਸਪੋਰਟ ਵਿਕਾਸ, ਕਾਰੋਬਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ 5 ਐਕਸਪ੍ਰੈਸਵੇਅ ਜਿਵੇਂ ਮੁਲਤਾਨ ਤੋਂ ਵੇਹਾਰੀ, ਫੈਸਲਾਬਾਦ ਤੋਂ ਚਿਨੌਟ, ਬਹਾਵਲਪੁਰ ਤੋਂ ਚੰਗਾਰਾ, ਸਾਹੀਵਾਲ ਤੋਂ ਸਮੁੰਦਰੀ ਤੇ ਚੀਚਾਵਤਨੀ ਤੋਂ ਲਾਯਾ ਤੱਕ ਵਿਕਸਤ ਕੀਤੇ ਜਾਣਗੇ। ‘ਮੇਰੀ ਆਵਾਜ਼ ਮਰੀਅਮ ਨਵਾਜ਼’ ਪੰਜਾਬ ਸੁਰੱਖਿਅਤ ਸਿਟੀ ਅਥਾਰਟੀ ਅਧੀਨ ਮਾਡਲ ਔਰਤ ਪੁਲਿਸ ਸਟੇਸ਼ਨ ਮਹਿਲਾ ਸੁਰੱਖਿਆ ਲਈ ਖੋਲ੍ਹੇ ਹਨ। ਯੂਨੀਵਰਸਿਟੀਆਂ, ਕਾਲਜਾਂ, ਮਾਰਕੀਟਾਂ, ਚੌਰਾਹਿਆਂ ਵਿਚ ਸੁਰੱਖਿਆ ਲਈ ਪੈਨਕਬਟਨ ਲਗਾਏ ਹਨ। ਅੱਤਵਾਦ, ਬਲਾਤਕਾਰ, ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਪੁਲਿਸ ਅਤੇ ਖ਼ੁਫ਼ੀਆ ਤੰਤਰ ਚੁਸਤ-ਦਰੁਸਤ ਕੀਤਾ ਹੈ ਪਰ ਵੀਆਈਪੀ ਕਲਚਰ ਖ਼ਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਪੁਲਿਸ ਦਾ ਬਸਤੀਵਾਦੀ ਕਰੂਰ ਚਿਹਰਾ ਮਾਨਵਵਾਦੀ ਚਿਹਰੇ ਤੇ ਅਮਲ ਵਿਚ ਬਦਲਣ ਲਈ ਮਰੀਅਮ ਸਰਕਾਰ ਨੂੰ ਸੰਨ 1861 ਦਾ ਪੁਲਿਸ ਐਕਸ ਖ਼ਤਮ ਕਰ ਕੇ ਆਧੁਨਿਕ ਐਕਟ ਬਣਾਉਣਾ ਚਾਹੀਦਾ ਹੈ।
ਟੈਕਸ ਰਹਿਤ ਬਜਟ ਅੱਛਾ ਕਦਮ ਹੈ। ਤਨਖ਼ਾਹਾਂ ਵਿਚ 20 ਤੋਂ 25%, ਪੈਨਸ਼ਨਾਂ ’ਚ 15% ਵਾਧਾ ਸ਼ਲਾਘਾਯੋਗ ਕਦਮ ਹੈ। ਕਿਫ਼ਾਇਤ ਕਰਨੀ ਜ਼ਰੂਰੀ ਹੈ। ਈਸਟਰ ਤੇ ਹੋਲੀ ਪੈਕੇਜ ਅਤਿ ਉਸਾਰੂ ਸੰਦੇਸ਼ ਹੈ। ਵਾਤਾਵਰਨ ਸੰਭਾਲ, ਪੌਦੇ ਲਾਉਣੇ, ਪਲਾਸਟਿਕ ਮੌਤ ਹੈ, ਸੋ ਇਸ ’ਤੇ ਅਤੇ ਘਾਤਕ ਮੈਟਾਂਲਿਕ ਡੋਰ ’ਤੇ ਪਾਬੰਦੀ ਤੇ ਪ੍ਰਦੂਸ਼ਣ ਰੋਕਥਾਮ ਚੰਗੇ ਕਦਮ ਹਨ। ਪਰ ਪੰਜਾਬ ਦੇ ਸਾਰੇ ਸ਼ਹਿਰ ਸਮੇਤ ਰਾਜਧਾਨੀ ਲਾਹੌਰ ਦੇ ਬੰਦ ਗਟਰਾਂ ’ਤੇ ਖੜ੍ਹੇ ਹੋਣ ਕਰਕੇ ਗੰਦਗੀ ਤੇ ਬਿਮਾਰੀ ਦੇ ਗੜ੍ਹ ਬਣੇ ਪਏ ਹਨ। ਵਪਾਰ ਤੇ ਵਿਕਾਸ ਲਈ ਚੜ੍ਹਦੇ ਪੰਜਾਬ ਨਾਲ ਸਰਹੱਦਾਂ ਖੋਲ੍ਹਣੀਆਂ ਜ਼ਰੂਰੀ ਹਨ। ਜੇ ਚੀਨ ਤੇ ਭਾਰਤ ਵਿਚਾਲੇ ਵਪਾਰ ਵੱਡੇ ਪੱਧਰ ’ਤੇ ਜਾਰੀ ਹੈ ਤਾਂ ਭਾਰਤ ਤੇ ਪਾਕਿਸਤਾਨ ’ਚ ਕਿਉਂ ਨਹੀਂ? ਵਿਰੋਧੀ ਧਿਰ ਪੀਟੀਆਈ ਦੇ ਆਗੂ ਮਲਿਕ ਅਹਿਮਦ ਖ਼ਾਨ ਬਚਰ ਨੇ ਮਾਣਹਾਨੀ ਬਿੱਲ ਤੇ ਕਣਕ ਖ਼ਰੀਦ ਦੇ ਮੁੱਦਿਆਂ ’ਤੇ ਮਰੀਅਮ ਸਰਕਾਰ ਨੂੰ ਘੇਰਿਆ ਹੈ। ਖ਼ੈਰ! ਮਰੀਅਮ ਨਵਾਜ਼ ਨੇ ਉਮਦਾ ਸ਼ੁਰੂਆਤ ਦਾ ਮੁਜ਼ਾਹਰਾ ਕੀਤਾ ਹੈ। ਆਸ ਹੈ ਕਿ ਉਹ ਪੰਜਾਬੀਆਂ ਦੀਆਂ ਆਸਾਂ-ਉਮੀਦਾਂ ’ਤੇ ਪੂਰੀ ਉਤਰੇਗੀ।