ਅੱਤ ਦੀ ਗਰਮੀ ਵਿਚ ਪਾਣੀ ਤੇ ਬਿਜਲੀ ਦੀ ਬੱਚਤ ਕਰਨ ਦੇ ਇੱਛੁਕ ਲੋਕਾਂ ਲਈ ਬੁੱਧਵਾਰ ਛਪੀਆਂ ਖਬਰਾਂ ਪੇ੍ਰਰਕ ਸਾਬਤ ਹੋ ਸਕਦੀਆਂ ਹਨ। ਰੋਜ਼ਾਨਾ ਪੰਜਾਬੀ ਟਿ੍ਰਬਿਊਨ ਦੀਆਂ ਖਬਰਾਂ ਮੁਤਾਬਕ ਪੰਜਾਬ ਵਿਚ ਬਿਜਲੀ ਦੀ ਮੰਗ ਨਵਾਂ ਰਿਕਾਰਡ ਬਣਾਉਦਿਆਂ ਮੰਗਲਵਾਰ 15390 ਮੈਗਾਵਾਟ ਤੱਕ ਪੁੱਜ ਗਈ ਤੇ ਝੋਨੇ ਦੀ ਲੁਆਈ ਦੇ ਹੋਰ ਰਫਤਾਰ ਫੜਨ ਨਾਲ ਇਹ ਤਾਜ਼ਾ ਰਿਕਾਰਡ ਵੀ ਟੁੱਟ ਜਾਣਾ ਹੈ। ਦੂਜੀ ਖਬਰ ਇਹ ਹੈ ਕਿ ਪਟਿਆਲਾ ਦੇ ਰਣਬੀਰਪੁਰਾ ਵਿਚ ਲਿੰਕ ਰੋਡ ’ਤੇ ਪੰਜ ਏਕੜ ’ਚ ਇਕ ਟਿਊਬਵੈੱਲ ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ 8 ਘੰਟੇ ਮੁਫਤ ਦੀ ਬਿਜਲੀ ਵਰਤ ਰਿਹਾ ਹੈ। ਖੇਤਾਂ ਵਿਚ 10 ਇੰਚ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ, ਜਦਕਿ ਝੋਨਾ ਲਾਉਣ ਦੀ ਕੋਈ ਹਰਕਤ ਨਹੀਂ। ਦਰਅਸਲ ਜਿਨ੍ਹਾਂ ਕਿਸਾਨਾਂ ਨੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਅੱਗ ਲਾ ਦਿੱਤੀ ਸੀ, ਉਹ ਖੇਤ ਠੰਢੇ ਕਰਨ ਲਈ ਇਹ ਢੰਗ ਵਰਤ ਰਹੇ ਹਨ। ਅਜਿਹੇ ਕਿਸਾਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਖੁਰਾਕ ਤੇ ਵਪਾਰ ਨੀਤੀ ਮਾਹਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਬਰਬਾਦੀ ਸਭ ਕਰ ਰਹੇ ਹਨ, ਸਿਰਫ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਵਾਜਬ ਨਹੀਂ।
ਸਰਕਾਰ ਕਿਸਾਨਾਂ ਦੀ ਆਮਦਨ ਵਧਾਵੇ ਤਾਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਲੋੜ ਹੀ ਨਹੀਂ ਰਹੇਗੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਨਅਤੀ ਅਦਾਰੇ ਸਾਰਾ ਸਾਲ ਪਾਣੀ ਦੀ ਸਭ ਤੋਂ ਵੱਧ ਦੁਰਵਰਤੋਂ ਕਰਦੇ ਹਨ, ਪਰ ਦੋਸ਼ ਕਿਸਾਨਾਂ ’ਤੇ ਮੜ੍ਹਿਆ ਜਾਂਦਾ ਹੈ। ਸਰਕਾਰ ਕੋਲਡ ਡਿ੍ਰੰਕ ਤੇ ਸ਼ਰਾਬ ਦੀਆਂ ਫੈਕਟਰੀਆਂ ’ਤੇ ਨਕੇਲ ਪਾਵੇ ਤਾਂ ਪਾਣੀ ਦੀ ਕਾਫੀ ਬੱਚਤ ਹੋ ਸਕਦੀ ਹੈ। ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿਗਣੋਂ ਰੋਕਣ ਲਈ ਸੁਝਾਅ ਤੇ ਸਲਾਹਾਂ ਦਿੰਦੇ ਰਹਿੰਦੇ ਹਨ, ਪਰ ਸਮੇਂ ਦੀਆਂ ਸਰਕਾਰਾਂ ਕੰਨ ਨਹੀਂ ਧਰਦੀਆਂ। ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਲਈ ਪੰਜਾਬ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਵਿਚ ਉਲਝਾਇਆ ਹੋਇਆ ਹੈ। ਉਹ ਇਨ੍ਹਾਂ ਫਸਲਾਂ ਲਈ ਤਾਂ ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਦਿੰਦੀ ਹੈ, ਪਰ ਪਾਣੀ ਦੀ ਘੱਟ ਵਰਤੋਂ ਵਾਲੀਆਂ ਹੋਰਨਾਂ ਫਸਲਾਂ ਦੀ ਐੱਮ ਐੱਸ ਪੀ ’ਤੇ ਖਰੀਦ ਨਹੀਂ ਕਰਦੀ। ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਹੋਰਨਾਂ ਫਸਲਾਂ ’ਤੇ ਭਾਅ ਦੀ ਗਰੰਟੀ ਦੇਣ ਵਿਚ ਨਾਕਾਮ ਹੈ। ਨਤੀਜਾ ਪਾਣੀ ਦਾ ਪੱਧਰ ਹਰ ਸਾਲ ਡਿੱਗਣ ਵਿਚ ਨਿਕਲ ਰਿਹਾ ਹੈ।
ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਟੈਲੀਗ੍ਰਾਫ’ ਦੀ ਖਬਰ ਹੈ ਕਿ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਮਨੱਰਕੜ ਵਿਚ ਦਾਰੂਨੰਜਤ ਹਾਇਰ ਸੈਕੰਡਰੀ ਸਕੂਲ ਦੇ ਕਰੀਬ 400 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਹਰ ਬੁੱਧਵਾਰ ਨੂੰ ਕੱਪੜੇ ਨਾ ਪ੍ਰੈੱਸ ਕਰਨ ਦਾ ਫੈਸਲਾ ਕੀਤਾ ਹੈ। ਕੇਰਲਾ ਰਾਜ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਪੈਂਦੇ ਸਕੂਲ ਦੇ ਸੋਸ਼ਲ ਕਲੱਬ ਨੇ ਬਿਜਲੀ ਅਧਿਕਾਰੀਆਂ ਨਾਲ ਬਿਜਲੀ ਬਚਾਉਣ ਬਾਰੇ ਸਲਾਹ-ਮਸ਼ਵਰੇ ਕਰਕੇ ਇਹ ਫੈਸਲਾ ਕੀਤਾ ਹੈ। ਸੋਸ਼ਲ ਕਲੱਬ ਦੇ ਕੋਆਰਡੀਨੇਟਰ ਸੀ ਕੇ ਰਿਆਜ਼ ਮੁਤਾਬਕ ਵਿਦਿਆਰਥੀਆਂ ਨੂੰ ਵੱਟਾਂ ਵਾਲੇ ਕੱਪੜੇ ਪਾ ਕੇ ਸਕੂਲ ਆਉਣ ਲਈ ਮਨਾਉਣ ਦਾ ਦੂਰਰਸ ਨਤੀਜਾ ਨਿਕਲੇਗਾ। ਹਾਲਾਂਕਿ ਬਿਜਲੀ ਬਚਾਉਣ ਦੇ ਅਨੇਕਾਂ ਢੰਗ ਹਨ, ਪਰ ਇਸ ਪਹਿਲਕਦਮੀ ਵਿਚ ਬੱਚਿਆਂ ਦੀ ਸ਼ਮੂਲੀਅਤ ਨਾਲੋਂ ਬਿਹਤਰ ਗੱਲ ਹੋਰ ਨਹੀਂ ਹੋ ਸਕਦੀ। ਉਹ ਛੇਤੀ ਸਿੱਖਦੇ ਹਨ ਤੇ ਪਰਵਾਰ ਲਈ ਮਿਸਾਲ ਬਣਦੇ ਹਨ।
ਜਿਹੜੇ ਬੱਚੇ ਬਿਜਲੀ ਦੀ ਬੱਚਤ ਦੀਆਂ 10 ਮਿਸਾਲਾਂ ਪੇਸ਼ ਕਰਨਗੇ ਤੇ ਘਟਿਆ ਬਿਜਲੀ ਬਿੱਲ ਦਿਖਾਉਣਗੇ, ਉਨ੍ਹਾਂ ਨੂੰ ਇਨਾਮ ਦਿੱਤੇ ਜਾਣਗੇ। ਹਰ ਵਿਦਿਆਰਥੀ ਵਰਦੀ ਪ੍ਰੈੱਸ ਕਰਨ ਲਈ ਰੋਜ਼ਾਨਾ 15 ਮਿੰਟ ਲਾਉਦਾ ਹੈ। 1500 ਵਾਟ ਦੀ ਇਕ ਪ੍ਰੈੱਸ 15 ਮਿੰਟ ਵਿਚ ਡੇਢ ਯੂਨਿਟ ਬਿਜਲੀ ਫੂਕਦੀ ਹੈ। ਚਾਰ ਹਜ਼ਾਰ ਵਿਦਿਆਰਥੀ ਤੇ ਸਟਾਫ ਮੈਂਬਰ ਕੱਪੜੇ ਪ੍ਰੈੱਸ ਕਰਨ ਤਾਂ ਰੋਜ਼ਾਨਾ ਲਗਭਗ ਛੇ ਹਜ਼ਾਰ ਯੂਨਿਟ ਬਿਜਲੀ ਫੂਕ ਹੋਵੇਗੀ। ਇਕ ਯੂਨਿਟ ਘਰੇਲੂ ਬਿਜਲੀ ਪ੍ਰਤੀ ਯੂਨਿਟ 5 ਰੁਪਏ 37 ਪੈਸੇ ਦੀ ਪੈਂਦੀ ਹੈ। ਜੇ ਕੱਪੜੇ ਹਫਤੇ ਵਿਚ ਇਕ ਵਾਰ ਹੀ ਪ੍ਰੈੱਸ ਕੀਤੇ ਜਾਣ ਤਾਂ ਕਾਫੀ ਬੱਚਤ ਹੋ ਸਕਦੀ ਹੈ। ਦੇਸ਼ ਦੇ ਸਾਰੇ ਵਿਦਿਆਰਥੀ ਇਹ ਪ੍ਰੋਗਰਾਮ ਲਾਗੂ ਕਰਨ ਤਾਂ ਬਿਜਲੀ ਦੀ ਬਹੁਤ ਬੱਚਤ ਹੋ ਸਕਦੀ ਹੈ। ਬਿਜਲੀ ਦੀ ਬੱਚਤ ਦੇ ਹੋਰ ਵੀ ਕਈ ਤਰੀਕੇ ਹਨ। ਘੱਟੋ-ਘੱਟ ਮਾਨਸੂਨ ਦੀ ਆਮਦ ਤੱਕ ਤਾਂ ਉਹ ਅਪਣਾਏ ਹੀ ਜਾ ਸਕਦੇ ਹਨ।