ਇੱਕ ਰੋਜ਼ਾ ਦਰਜਾਬੰਦੀ ’ਚ ਮੰਧਾਨਾ ਤੀਜੇ ਸਥਾਨ ’ਤੇ

ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅੱਜ ਜਾਰੀ ਆਈਸੀਸੀ ਦੀ ਮਹਿਲਾ ਕ੍ਰਿਕਟ ਇੱਕ ਰੋਜ਼ਾ ਦਰਜਾਬੰਦੀ ਵਿੱਚ ਦੋ ਸਥਾਨ ਉਪਰ ਚੜ੍ਹ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਮੰਧਾਨਾ ਨੇ ਬੀਤੇ ਦਿਨੀਂ ਘਰੇਲੂ ਮੈਦਾਨ ਵਿੱਚ ਆਪਣਾ ਪਹਿਲਾ ਸੈਂਕੜਾ ਜੜਦਿਆਂ 117 ਦੌੜਾਂ ਦੀ ਪਾਰੀ ਖੇਡੀ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਮੰਧਾਨਾ ਦੇ 715 ਅੰਕ ਹਨ ਅਤੇ ਉਹ ਸ੍ਰੀਲੰਕਾ ਦੀ ਸੀ. ਅੱਟਾਪੱਟੂ ਤੋਂ ਪਿੱਛੇ ਹੈ। ਇੰਗਲੈਂਡ ਦੀ ਨਤਾਲੀ ਸਕਾਈਵਰ-ਬਰੰਟ ਸਿਖਰਲੇ ਸਥਾਨ ’ਤੇ ਕਾਬਜ਼ ਹੈ। ਹਰਫਨਮੌਲਾ ਸਕਾਈਵਰ-ਬਰੰਟ ਨੇ ਪਿਛਲੇ ਮਹੀਨੇ ਪਾਕਿਸਤਾਨ ਖ਼ਿਲਾਫ਼ 124 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਇਹ ਸਥਾਨ ਹਾਸਲ ਕੀਤਾ ਸੀ। ਇਸੇ ਤਰ੍ਹਾਂ ਭਾਰਤ ਦੀ ਸੀਨੀਅਰ ਹਰਫਨਮੌਲਾ ਦੀਪਤੀ ਸ਼ਰਮਾ ਤਿੰਨ ਸਥਾਨ ਉਪਰ 20ਵੇਂ ਸਥਾਨ ’ਤੇ ਜਦਕਿ ਪੂਜਾ ਵਸਤ੍ਰਾਕਰ ਵੀ ਤਿੰਨ ਸਥਾਨ ਉਪਰ 38ਵੇਂ ਸਥਾਨ ’ਤੇ ਪਹੁੰਚ ਗਈ ਹੈ।

ਇੱਕ ਰੋਜ਼ਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੀਪਤੀ ਚੌਥੇ ਸਥਾਨ ’ਤੇ ਹੈ। ਉਸ ਨੇ ਲੜੀ ਦੇ ਪਹਿਲੇ ਮੈਚ ਵਿੱਚ 10 ਦੌੜਾਂ ’ਤੇ ਦੋ ਵਿਕਟਾਂ ਹਾਸਲ ਕੀਤੀਆਂ ਸਨ। ਇੰਗਲੈਂਡ ਦੀ ਸਪਿੰਨਰ ਸੋਫੀ ਐਕਲੇਸਟੋਨ ਸਿਖਰ ’ਤੇ ਬਰਕਰਾਰ ਹੈ। ਪਹਿਲੇ ਮੈਚ ਵਿੱਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਇੱਕ-ਰੋਜ਼ਾ ਕ੍ਰਿਕਟ ਮੈਚ ’ਚ ਦੱਖਣੀ ਅਫਰੀਕਾ ਖ਼ਿਲਾਫ਼ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ ਅਤੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰਨਾ ਚਾਹੇਗੀ। ਭਾਰਤ ਨੇ ਭਾਵੇਂ ਪਹਿਲਾ ਮੈਚ 143 ਦੌੜਾਂ ਨਾਲ ਜਿੱਤ ਲਿਆ ਸੀ ਪਰ ਟੀਮ ਕੁਝ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਹੋਵੇਗੀ। ਬੱਲੇਬਾਜ਼ਾਂ ’ਚੋਂ ਸਮ੍ਰਿਤੀ ਮੰਧਾਨਾ ਨੇ ਸੈਂਕੜਾ ਜੜਿਆ ਸੀ ਪਰ ਬਾਕੀ ਬੱਲੇਬਾਜ਼ ਬਹੁਤੀ ਲੈਅ ਵਿੱਚ ਨਜ਼ਰ ਨਹੀਂ ਆਏ ਸਨ। ਭਾਰਤ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦਾ ਖਰਾਬ ਪ੍ਰਦਰਸ਼ਨ ਹੈ। ਉਸ ਨੇ ਇੱਕ-ਰੋਜ਼ਾ ਮੈਚਾਂ ਵਿੱਚ ਆਖਰੀ ਨੀਮ ਸੈਂਕੜਾ 2022 ਵਿੱਚ ਬਣਾਇਆ ਸੀ। ਇਸੇ ਤਰ੍ਹਾਂ ਕਪਤਾਨ ਹਰਮਨਪ੍ਰੀਤ ਕੌਰ ਦੀ ਲੈਅ ਵੀ ਕਾਫੀ ਖ਼ਰਾਬ ਚੱਲ ਰਹੀ ਹੈ। ਪਿਛਲੇ 5 ਮੈਚਾਂ ’ਚ ਉਸ ਨੇ 14, 9, 5, 3 ਅਤੇ 10 ਦੌੜਾਂ ਬਣਾਈਆਂ ਹਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...