ਪ੍ਰਿਯੰਕਾ ਗਾਂਧੀ ਚੋਣ ਮੈਦਾਨ ’ਚ

ਹਾਲੀਆ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਤਸ਼ਾਹਜਨਕ ਪ੍ਰਦਰਸ਼ਨ ਨੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਏਬਰੇਲੀ ਸੀਟ ਆਪਣੇ ਕੋਲ ਰੱਖਣ ਤੇ ਕੇਰਲਾ ਦੀ ਵਾਇਨਾਡ ਸੀਟ ਖਾਲੀ ਕਰਨ ਲਈ ਪ੍ਰੇਰਿਤ ਕੀਤਾ ਹੈ। ਰਾਹੁਲ ਦੀ ਭੈਣ, ਪ੍ਰਿਯੰਕਾ ਗਾਂਧੀ ਵਾਡਰਾ, ਜਿਸ ਨੂੰ 2019 ਵਿਚ ਕਾਂਗਰਸ ’ਚ ਜਨਰਲ ਸਕੱਤਰ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ ਸੀ, ਵਾਇਨਾਡ ਜ਼ਿਮਨੀ ਚੋਣ ’ਚ ਆਪਣੀ ਚੁਣਾਵੀ ਪਾਰੀ ਦੀ ਸ਼ੁਰੂਆਤ ਕਰੇਗੀ। ਕਾਂਗਰਸ, ਜਿਸ ਦੀ ਯੂਪੀ ’ਚ ਮੌਜੂਦਗੀ ਲਗਭਗ ਸਿਫ਼ਰ ਹੋ ਗਈ ਸੀ, ਨੇ 2024 ਦੀਆਂ ਸੰਸਦੀ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰ ਕੇ ਚੰਗੀ ਵਾਪਸੀ ਕੀਤੀ ਹੈ। ਕਾਂਗਰਸ ਦੇ ਹਿੱਸੇ ਛੇ ਸੀਟਾਂ ਆਈਆਂ ਹਨ, ਜਿਨ੍ਹਾਂ ਵਿਚ ਗਾਂਧੀ ਪਰਿਵਾਰ ਦਾ ਗੜ੍ਹ ਰਹੇ ਰਾਏਬਰੇਲੀ ਤੇ ਅਮੇਠੀ ਹਲਕੇ ਵੀ ਸ਼ਾਮਿਲ ਹਨ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਦੋਵੇਂ ਵੱਕਾਰੀ ਸੀਟਾਂ ਜਿੱਤਣ ਵਿਚ ਪ੍ਰਿਯੰਕਾ ਦੀ ਭੂਮਿਕਾ ਕਾਫ਼ੀ ਅਹਿਮ ਰਹੀ ਹੈ, ਖ਼ਾਸ ਤੌਰ ’ਤੇ ਅਮੇਠੀ ਵਿਚ ਉਨ੍ਹਾਂ ਨੇ ਕਾਫ਼ੀ ਜ਼ੋਰ ਲਾਇਆ ਸੀ, ਜਿੱਥੋਂ 2019 ਵਿੱਚ ਰਾਹੁਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪ੍ਰਤੱਖ ਹੈ ਕਿ ਕਾਂਗਰਸ ਯੂਪੀ ’ਚ ਮਿਲੇ ਲਾਭ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨੂੰ ਲਾਂਭੇ ਕਰਨ ਲਈ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੀ ਸਰਗਰਮ ਸਹਾਇਕ ਬਣਨਾ ਚਾਹੁੰਦੀ ਹੈ। ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਲਈ ਰਾਜ ਵਿੱਚ ਰਾਹੁਲ ਦੀ ਲੰਮੀ ਮੌਜੂਦਗੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ, 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕਾਫੀ ਨਿੱਘਰ ਗਈ ਸੀ, ਰਾਜਨੀਤਕ ਤੌਰ ’ਤੇ ਸਭ ਤੋਂ ਅਹਿਮ ਰਾਜ ਵਿੱਚ ਪਾਰਟੀ ਨੇ ਸਿਰਫ਼ ਦੋ ਸੀਟਾਂ ਹੀ ਜਿੱਤੀਆਂ ਸਨ।

ਹਾਲ ਦੇ ਸਾਲਾਂ ਵਿੱਚ ਦੱਖਣੀ ਭਾਰਤ ’ਚ ਵੱਡੀ ਥਾਂ ਬਣਨ ਦੇ ਮੱਦੇਨਜ਼ਰ ਕਾਂਗਰਸ ਨੇ ਪ੍ਰਿਯੰਕਾ ਲਈ ਜ਼ਾਹਿਰਾ ਤੌਰ ’ਤੇ ਸੌਖੀ ਸੀਟ ਚੁਣੀ ਹੈ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੈਟਿਕ ਫਰੰਟ ਨੇ ਰਾਜ ਵਿੱਚ ਲੋਕ ਸਭਾ ਚੋਣਾਂ ’ਤੇ ਇੱਕ ਕਿਸਮ ਦਾ ਹੂੰਝਾ ਫੇਰਿਆ ਹੈ ਤੇ 20 ਵਿੱਚੋਂ 18 ਸੀਟਾਂ ਜਿੱਤੀਆਂ ਹਨ, ਭਾਜਪਾ ਵੀ ਆਪਣਾ ਖਾਤਾ ਖੋਲ੍ਹਣ ਵਿੱਚ ਸਫ਼ਲ ਰਹੀ ਹੈ। ਭਾਜਪਾ ਤੇ ਸੀਪੀਆਈ ਦੋਵਾਂ ਨੇ ਰਾਹੁਲ ’ਤੇ ਨਿਸ਼ਾਨਾ ਸੇਧਿਆ ਹੈ ਤੇ ਦੋਸ਼ ਲਾਇਆ ਹੈ ਕਿ ਕਾਂਗਰਸ ਆਗੂ ਨੇ ਵਾਇਨਾਡ ਦੇ ਵੋਟਰਾਂ ਨੂੰ ਦੋ ਹਲਕਿਆਂ ਤੋਂ ਚੋਣ ਲੜਨ ਦੀ ਆਪਣੀ ਯੋਜਨਾ ਬਾਰੇ ਪਹਿਲਾਂ ਨਹੀਂ ਦੱਸਿਆ। ਫੇਰ ਵੀ, ਕਾਂਗਰਸ ਨੂੰ ਭਰੋਸਾ ਹੈ ਕਿ ਇਸ ਹਲਕੇ ਦੇ ਵੋਟਰ ਇੱਕ ਹੋਰ ਗਾਂਧੀ ਨੂੰ ਲੋਕ ਸਭਾ ਭੇਜਣਗੇ, ਜੋ ਕਿ ਪਹਿਲੀ ਵਾਰ ਸੰਸਦ ਜਾਵੇਗਾ, ਇਸ ਤਰ੍ਹਾਂ ਵਿਰੋਧੀ ਧਿਰ ਤਕੜੀ ਹੋਵੇਗੀ।

ਸਾਂਝਾ ਕਰੋ

ਪੜ੍ਹੋ