ਪਰਵਾਸ ਦਾ ਵਧਦਾ ਰੁਝਾਨ

ਪੰਜਾਬ ਦਾ ਨੌਜਵਾਨ ਵਰਗ ਇੱਥੇ ਰੁਜ਼ਗਾਰ ਦੀ ਘਾਟ ਕਾਰਨ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵੱਲ ਰੁਖ਼ ਕਰ ਰਿਹਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਪਿੰਡਾਂ ਤੇ ਸ਼ਹਿਰਾਂ ’ਚ ਜ਼ਿਆਦਾਤਰ ਘਰਾਂ ’ਚੋਂ ਕੋਈ ਨਾ ਕੋਈ ਨੌਜਵਾਨ ਮੁੰਡਾ-ਕੁੜੀ ਵਿਦੇਸ਼ ਗਿਆ ਹੋਇਆ ਹੈ। ਕਈ ਘਰਾਂ ਵਿਚ ਤਾਂ ਸਿਰਫ਼ ਬਿਰਧ ਹੀ ਨਜ਼ਰ ਆਉਂਦੇ ਹਨ। ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।

ਅਜਿਹਾ ਕਰਨ ਲਈ ਉਹ ਆਪਣੀ ਜ਼ਮੀਨ-ਜਾਇਦਾਦ ਵੇਚ ਰਹੇ ਹਨ ਜਾਂ ਗਹਿਣੇ ਰੱਖ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਮੁੰਡੇ-ਕੁੜੀਆਂ ਜੋ ਪੰਜਾਬ ’ਚ ਰਹਿ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਨ, ਵਿਦੇਸ਼ ਜਾ ਕੇ ਬੁਰੇ ਹਾਲਾਤ ਵਿਚ ਰਹਿੰਦੇ ਹਨ ਤੇ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਮੰਦੇ ਭਾਗੀਂ ਜੇ ਬੱਚਾ ਉੱਥੇ ਜਾ ਕੇ ਨਾ ਟਿਕ ਸਕੇ ਤਾਂ ਮਾਪਿਆਂ ਦੁਆਰਾ ਚੁੱਕਿਆ ਹੋਇਆ ਕਰਜ਼ਾ ਉਮਰ ਭਰ ਉਨ੍ਹਾਂ ਲਈ ਬੋਝ ਬਣਿਆ ਰਹਿੰਦਾ ਹੈ। ਕਰਜ਼ੇ ਤੋਂ ਤੰਗ ਆ ਕੇ ਕਈ ਲੋਕ ਖ਼ੁਦਕੁਸ਼ੀ ਲਈ ਮਜਬੂਰ ਹੋ ਜਾਂਦੇ ਹਨ। ਵਿਦੇਸ਼ ਜਾਣ ਦੀ ਇਹ ਦੌੜ ਬੇਵਜ੍ਹਾ ਨਹੀਂ ਲੱਗੀ।

ਪੰਜਾਬ ਖੇਤੀ ਪ੍ਰਧਾਨ ਰਾਜ ਹੈ। ਪਿੰਡਾਂ ’ਚ ਖੇਤੀ ਹੀ ਰੁਜ਼ਗਾਰ ਦਾ ਇਕ ਮੁੱਖ ਸਾਧਨ ਹੈ ਪਰ ਅਜੋਕੀ ਖੇਤੀ ਅਨੇਕ ਸਮੱਸਿਆਵਾਂ ’ਚ ਘਿਰੀ ਹੋਈ ਹੈ। ਇਨ੍ਹਾਂ ਦਾ ਹੱਲ ਲੱਭਣ ਦੀ ਲੋੜ ਹੈ। ਅਲਪ-ਰੁਜ਼ਗਾਰ, ਖੇਤੀ ਦੇ ਕੰਮ ਦਾ ਮੌਸਮੀ ਸੁਭਾਅ, ਸਹਿਯੋਗੀ ਧੰਦਿਆਂ ਦੀ ਘਾਟ, ਖੇਤੀ ਉਪਜਾਂ ਦਾ ਦੋਸ਼ਪੂਰਨ ਮੰਡੀਕਰਨ, ਉਨ੍ਹਾਂ ਦੀ ਦੂਜੇ ਸੂਬਿਆਂ ਤੇ ਵਿਦੇਸ਼ ਵਿਚ ਘੱਟ ਮੰਗ ਤੇ ਖੇਤੀ ਸਬੰਧੀ ਉਦਯੋਗਾਂ ਦੀ ਘਾਟ ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਸਦਕਾ ਕਿਸਾਨਾਂ ਦੀ ਆਮਦਨ ’ਚ ਅਸਾਵਾਂਪਣ ਆਇਆ ਹੈ। ਇਸੇ ਲਈ ਕਿਸਾਨ ਪਰਿਵਾਰਾਂ ਨਾਲ ਸਬੰਧਤ ਬੱਚੇ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ।

ਕਿਸੇ ਵੀ ਰਾਜ ’ਚ ਰੁਜ਼ਗਾਰ ਦਾ ਦੂਜਾ ਵੱਡਾ ਸਾਧਨ ਉਦਯੋਗ ਹੁੰਦੇ ਹਨ ਪਰ ਪੰਜਾਬ ’ਚ ਇਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ। ਵੱਖ-ਵੱਖ ਸਰਕਾਰਾਂ ਦੀਆਂ ਦੋਸ਼-ਪੂਰਨ ਸਨਅਤੀ ਨੀਤੀਆਂ ਕਾਰਨ ਪੰਜਾਬ ਦੇ ਬਹੁਤ ਸਾਰੇ ਉਦਯੋਗ ਹੋਰ ਰਾਜਾਂ ’ਚ ਚਲੇ ਗਏ। ਸਰਕਾਰਾਂ ਨੇ ਨਵੇਂ ਉਦਯੋਗ ਲਗਾਉਣ ’ਚ ਖ਼ਾਸ ਰੁਚੀ ਨਹੀਂ ਵਿਖਾਈ। ਇਸ ਕਾਰਨ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਸਕੇ। ਵਧਦੀ ਵਸੋਂ ਕਾਰਨ ਪੈਦਾ ਹੋਈ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਡਰੋਂ ਵੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ।

ਇਸ ਸਮੱਸਿਆ ਦਾ ਹੱਲ ਲੱਭਣ ਲਈ ਖੇਤੀ ਖੇਤਰ ’ਚ ਨਵੇਂ ਸਿਰੇ ਤੋਂ ਖੋਜ ਦੀ ਲੋੜ ਹੈ। ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣਾ ਜ਼ਰੂਰੀ ਹੋ ਗਿਆ ਹੈ। ਅਜਿਹਾ ਕਰਨ ਨਾਲ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ। ਐਗਰੋ ਇੰਡਸਟਰੀ ਨੂੰ ਵੀ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਜੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕਾਰਖਾਨੇ ਪੰਜਾਬ ਵਿਚ ਵੱਡੇ ਪੱਧਰ ’ਤੇ ਲਗਾਏ ਜਾਣ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਣ ਲੱਗੇਗਾ ਤੇ ਨੌਜਵਾਨ ਵਰਗ ਦਾ ਵਿਦੇਸ਼ ਪ੍ਰਤੀ ਮੋਹ ਘਟ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...