ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਹੈ। ਵਧੀ ਹੋਈ ਤਪਸ਼ ਤੇ ਗਰਮ ਹਵਾਵਾਂ ਮਨੁੱਖੀ ਸਰੀਰ ਨੂੰ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਤਾਪਮਾਨ ਵਧਣ ਨਾਲ ਕਈ ਸਰੀਰਕ ਸਮੱਸਿਆਵਾਂ, ਜਿਵੇਂ ਪੇਟ ਦਰਦ, ਸਿਰ ਦਰਦ, ਉਲਟੀਆਂ ਤੇ ਲੂ ਲੱਗਣਾ ਆਮ ਜਿਹੀ ਗੱਲ ਹੈ। ਇਸ ਮੌਸਮ ’ਚ ਸਰੀਰ ਨੂੰ ਐਨਰਜੀ ਦੀ ਕਾਫ਼ੀ ਲੋੜ ਹੁੰਦੀ ਹੈ। ਅਜਿਹੇ ’ਚ ਸਾਨੂੰ ਆਪਣੇ ਖਾਣ-ਪੀਣ ਦਾ ਬੇਹੱਦ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕੀਏ।
ਗਰਮੀ ਦੇ ਮੌਸਮ ਵਿਚ ਮਿੱਠੇ ਤੇ ਰਸਭਰੇ ਫਲ ਵੱਧ ਤੋਂ ਵੱਧ ਖਾਣੇ ਚਾਹੀਦੇ ਹਨ। ਸਬਜ਼ੀਆਂ ’ਚ ਕੱਦੂ, ਘੀਆ, ਭਿੰਡੀ, ਕਰੇਲੇ, ਲੌਕੀ, ਤੋਰੀ ਆਦਿ ਖਾਣੀਆਂ ਚਾਹੀਦੀਆਂ ਹਨ। ਇਸ ਮੌਸਮ ’ਚ ਐਸੀਡਿਟੀ, ਪੇਟ ਵਿਚ ਜਲਣ, ਕਬਜ਼, ਮੂੰਹ ’ਚ ਛਾਲੇ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਸਟੋਰੇਜ ਕੀਤੀਆ ਸਬਜ਼ੀਆਂ, ਚਾਟ, ਫਾਸਟ ਫੂਡ ਤੇ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਰਾਬ, ਸਿਗਰਟਨੋਸ਼ੀ, ਤੰਬਾਕੂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਰ ਮੌਸਮ ’ਚ ਖ਼ਤਰਨਾਕ ਹੈ ਪਰ ਗਰਮੀ ’ਚ ਅੰਤੜੀਆਂ ਤੇ ਲਿਵਰ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਸਵੇਰ ਦੇ ਨਾਸ਼ਤੇ ’ਚ ਫਲ ਜਾਂ ਜੂਸ, ਦਹੀਂ, ਠੰਢਾ ਦੁੱਧ ਆਦਿ ਪੀਣਾ ਚਾਹੀਦਾ ਹੈ।
ਸਰੀਰ ਨੂੰ ਠੰਢਾ ਰੱਖਣ ਲਈ ਲੱਸੀ, ਨਿੰਬੂ ਪਾਣੀ, ਸ਼ਰਬਤ ਆਦਿ ਪੀ ਸਕਦੇ ਹੋ ਪਰ ਅਲਕੋਹਲ ਤੇ ਕੋਲਡ ਡਰਿੰਕ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਾਤ ਜਾਂ ਸ਼ਾਮ ਦੇ ਭੋਜਨ ’ਚ ਦਹੀਂ, ਤਰਬੂਜ਼, ਖ਼ਰਬੂਜ਼ਾ, ਨਾਰੀਅਲ, ਸੌਂਫ ਦਾ ਮਿੱਠਾ ਪਾਣੀ ਆਦਿ ਬਹੁਤ ਲਾਭ ਪਹੁੰਚਾਉਂਦਾ ਹੈ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਕਾ ਗਰਮ ਦੁੱਧ ਤੇ ਤਿ੍ਰਫਲਾ ਚੂਰਨ ਖਾਣਾ ਚਾਹੀਦਾ ਹੈ। ਧੁੱਪ ਵਿਚ ਘੱਟ ਤੋਂ ਘੱਟ ਘਰੋਂ ਬਾਹਰ ਜਾਣਾ ਚਾਹੀਦਾ ਹੈ। ਜੇ ਘਰ ਤੋਂ ਬਾਹਰ ਜਾਣਾ ਪਵੇ ਤਾਂ ਨਿੰਬੂ ਪਾਣੀ ਜਾਂ ਸਾਦਾ ਪਾਣੀ ਪੀ ਕੇ ਬਾਹਰ ਜਾਓ। ਦਿਨ ਵਿਚ ਘੱਟੋ-ਘੱਟ ਦੋ ਵਾਰ ਨਹਾਓ। ਨਹਾਉਣ ਸਮੇਂ ਪਾਣੀ ਵਿਚ ਗੁਲਾਬ ਜਲ ਪਾਓ, ਤਾਂ ਜੋ ਸਰੀਰ ਤਰੋਤਾਜ਼ਾ ਰਹੇ ਤੇ ਪਸੀਨੇ ’ਚੋਂ ਉਤਪੰਨ ਹੋਏ ਜਰਮ ਨਸ਼ਟ ਹੋ ਜਾਣ।
ਅੰਬ ਨੂੰ ਗਰਮੀਆਂ ਦੇ ਫਲਾਂ ਦਾ ਰਾਜਾ ਮੰਨਿਆ ਜਾਦਾ ਹੈ। ਇਹ ਬਹੁਤ ਹੀ ਪੌਸ਼ਟਿਕ ਫਲ ਹੈ ਪਰ ਦਿਨ ਵਿਚ ਵੱਧ ਤੋਂ ਵੱਧ ਡੇਢ ਸੌ ਗ੍ਰਾਮ ਤਕ ਖਾਧਾ ਜਾਵੇ। ਜ਼ਿਆਦਾ ਮਾਤਰਾ ’ਚ ਖਾਧਾ ਅੰਬ ਸਰੀਰ ’ਚ ਸ਼ੂਗਰ ਤੇ ਕੈਲੋਰੀਜ਼ ਵਧਾ ਸਕਦਾ ਹੈ। ਅੰਬ ਨੂੰ ਪਸੰਦ ਕਰਨ ਵਾਲੇ ਮੈਂਗੋ ਸ਼ੇਕ ਦੇ ਰੂਪ ’ਚ ਇਸ ਦਾ ਸੇਵਨ ਕਰ ਸਕਦੇ ਹਨ।
ਗਰਮੀਆਂ ’ਚ ਅਜਿਹੇ ਖ਼ੁਰਾਕੀ ਪਦਾਰਥ ਖਾਧੇ ਜਾਣ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਗਰਮੀਆਂ ਵਿਚ ਪਸੀਨਾ ਨਿਕਲਣ ਕਾਰਨ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ। ਇਨ੍ਹਾਂ ਦਿਨਾਂ ’ਚ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਸਵੇਰ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚਕਾਰ ਲੱਸੀ ਜਾਂ ਕੋਈ ਤਰਲ ਪਦਾਰਥ ਪੀ ਲੈਣਾ ਚਾਹੀਦਾ ਹੈ। ਦੁਪਹਿਰ ਦੇ ਭੋਜਨ ਵਿਚ ਮੌਸਮੀ ਫਲ ਜਾਂ ਹਰੀਆ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਦੀ ਹੈ। ਸ਼ਾਮ ਦਾ ਖਾਣਾ ਹਲਕਾ ਖਾਣਾ ਚਾਹੀਦਾ ਹੈ ਤੇ ਸ਼ਾਮ ਦੇ ਸੱਤ ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ। ਸਵੇਰ ਦਾ ਨਾਸ਼ਤਾ ਜ਼ਰੂਰੀ ਹੈ ਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜ੍ਹਾ ਜ਼ਿਆਦਾ ਹੋਣਾ ਚਾਹੀਦਾ ਹੈ। ਗਰਮੀਆਂ ਵਿਚ ਘੱਟ ਮਸਾਲਿਆਂ ਵਾਲਾ ਸਾਦਾ ਭੋਜਨ ਖਾਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।
ਗਰਮੀ ਦੇ ਮੌਸਮ ’ਚ ਤਲਿਆ, ਜ਼ਿਆਦਾ ਘਿਉ, ਫੈਟ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਭੋਜਨ ਪਚਣ ’ਚ ਜ਼ਿਆਦਾ ਸਮਾਂ ਲਾਉਂਦਾ ਹੈ ਅਤੇ ਢਿੱਡ ਭਰਿਆ ਭਰਿਆ ਲੱਗਦਾ ਹੈ, ਜਿਸ ਕਾਰਨ ਅਸੀਂ ਲੋੜੀਂਦਾ ਪੌਸ਼ਟਿਕ ਆਹਾਰ ਨਹੀਂ ਲੈਂਦੇ। ਇਸ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ, ਜੋ ਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਇਸ ਮੌਸਮ ’ਚ ਚਾਹ, ਕੌਫੀ ਤੇ ਕੋਲਡ ਡਰਿੰਕ ਵੀ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।