ਦਾਗੀਆਂ ਦੀ ਵਜ਼ਾਰਤ

18ਵੀਂ ਲੋਕ ਸਭਾ ਵਿਚ ਦਾਗੀ ਸਾਂਸਦ 17ਵੀਂ ਲੋਕ ਸਭਾ ਨਾਲੋਂ ਵੱਧ ਨਜ਼ਰ ਆਉਣਗੇ। ਸਭ ਤੋਂ ਵੱਧ ਦਾਗੀ ਸਾਂਸਦ ਭਾਜਪਾ ਦੇ ਅਤੇ ਉਸ ਤੋਂ ਬਾਅਦ 31 ਕਾਂਗਰਸ ਤੇ 17 ਸਮਾਜਵਾਦੀ ਪਾਰਟੀ ਦੇ ਹਨ। ਨਰਿੰਦਰ ਮੋਦੀ ਦੀ ਤੀਜੀ ਵਜ਼ਾਰਤ ਵਿਚ ਵੀ ਦਾਗੀ ਮੰਤਰੀਆਂ ਦੀ ਗਿਣਤੀ ਵਧੀ ਹੈ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਨਾਂਅ ਦੀ ਗੈਰ-ਸਰਕਾਰੀ ਜਥੇਬੰਦੀ ਵੱਲੋਂ ਸਾਂਸਦਾਂ ਦੇ ਹਲਫਨਾਮਿਆਂ ਤੋਂ ਜੁਟਾਏ ਗਏ ਅੰਕੜਿਆਂ ਮੁਤਾਬਕ ਮੋਦੀ ਦੇ 71 ਮੰਤਰੀਆਂ (ਜਾਰਜ ਕੁਰੀਅਨ ਨੂੰ ਛੱਡ ਕੇ, ਕਿਉਕਿ ਉਹ ਸਾਂਸਦ ਨਹੀਂ ਹਨ) ਤੋਂ ਪਤਾ ਲਗਦਾ ਹੈ ਕਿ 19 ਮੰਤਰੀਆਂ ਦੇ ਖਿਲਾਫ ਗੰਭੀਰ ਫੌਜਦਾਰੀ ਕੇਸ ਦਰਜ ਹਨ। ਅੱਠ ਮੰਤਰੀਆਂ ਖਿਲਾਫ ਤਾਂ ਨਫਰਤੀ ਭਾਸ਼ਣ ਦੇਣ ਨੂੰ ਲੈ ਕੇ ਐੱਫ ਆਈ ਆਰ ਦਰਜ ਹੈ। ਪੱਛਮੀ ਬੰਗਾਲ ਤੋਂ ਆਉਦੇ ਦੋ ਮੰਤਰੀਆਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਕੇਸ ਹਨ।

ਨਫਰਤੀ ਭਾਸ਼ਣ ਦੇਣ ਵਾਲੇ ਮੰਤਰੀਆਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਗਿਰੀਰਾਜ ਸਿੰਘ, ਧਰਮਿੰਦਰ ਪ੍ਰਧਾਨ, ਬੰਡੀ ਸੰਜੇ ਕੁਮਾਰ, ਸ਼ਾਂਤਨੂੰ ਠਾਕੁਰ, ਸੁਕਾਂਤਾ ਮਜੂਮਦਾਰ, ਸ਼ੋਭਾ ਕਰੰਦਲਾਜੇ ਤੇ ਨਿਤਿਆਨੰਦ ਰਾਇ ਹਨ। ਸ਼ਾਂਤਨੂੰ ਤੇ ਸੁਕਾਂਤਾ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਐੱਫ ਆਈ ਆਰ ਦਰਜ ਹੈ। ਅਮਿਤ ਸ਼ਾਹ ਤੇ ਨਿਤਿਆਨੰਦ ਰਾਇ ਸਣੇ ਕਈ ਮੰਤਰੀਆਂ ਨੂੰ ਉਤਲੀਆਂ ਅਦਾਲਤਾਂ ਤੋਂ ਰਾਹਤ ਮਿਲ ਚੁੱਕੀ ਹੈ, ਪਰ ਮਾਮਲੇ ਅਜੇ ਖਤਮ ਨਹੀਂ ਹੋਏ। ਮੰਤਰੀਆਂ ਖਿਲਾਫ ਕੁਝ ਮਾਮਲੇ ਪੰਜ ਸਾਲ ਪੁਰਾਣੇ ਹਨ। ਦੋਸ਼ੀ ਸਾਬਤ ਹੋਣ ’ਤੇ ਦੋ ਸਾਲ ਤੋਂ ਵੱਧ ਦੀ ਸਜ਼ਾ ਹੋਣ ’ਤੇ ਉਹ ਰਿਹਾਈ ਤੋਂ ਬਾਅਦ ਵੀ 6 ਸਾਲ ਚੋਣ ਨਹੀਂ ਲੜ ਸਕਣਗੇ।

ਅਮਿਤ ਸ਼ਾਹ ਨੇ 2019 ਵਿਚ ਕੋਂਟਈ ’ਚ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹੋਣ ’ਤੇ ਮਮਤਾ ਸਰਕਾਰ ਡਿਗ ਜਾਵੇਗੀ ਤੇ ਫਿਰ ਉਹ ਹਿੰਸਾ ਭੜਕਾ ਸਕਦੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਸਟੇਅ ਦੇ ਰੱਖਿਆ ਹੈ। ਬਿਹਾਰ ਦੇ ਨਿਤਿਆਨੰਦ ਨੇ 2018 ਵਿਚ ਅਰਰੀਆ ਵਿਚ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਰਾਜਦ ਦੇ ਸਰਫਰਾਜ਼ ਆਲਮ ਜਿੱਤੇ ਤਾਂ ਇਹ ਇਲਾਕਾ ਆਈ ਐੱਸ ਆਈ ਐੱਸ ਦਾ ਗੜ੍ਹ ਬਣ ਜਾਵੇਗਾ। ਸਰਫਰਾਜ਼ ਜਿੱਤ ਗਏ ਸਨ। ਗਿਰੀਰਾਜ ਸਿੰਘ ਨੇ 2019 ਵਿਚ ਬੇਗੂਸਰਾਏ ਦੀ ਚੋਣ ਲੜਦਿਆਂ ਕਿਹਾ ਸੀ ਕਿ ਜਿਹੜੇ ਵੰਦੇ ਮਾਤਰਮ ਨਹੀਂ ਕਹਿ ਸਕਦੇ, ਮਾਤ ਭੂਮੀ ਦਾ ਸਨਮਾਨ ਨਹੀਂ ਕਰ ਸਕਦੇ, ਦੇਸ਼ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਮੇਰੇ ਪੂਰਵਜ਼ਾਂ ਦੀ ਮੌਤ ਸਿਮਰੀਆ ਘਾਟ ’ਤੇ ਹੋਈ ਸੀ ਤੇ ਉਨ੍ਹਾਂ ਨੂੰ ਕਬਰ ਦੀ ਲੋੜ ਨਹੀਂ ਸੀ, ਪਰ ਤੁਹਾਨੂੰ ਤਿੰਨ ਹੱਥ ਦੀ ਥਾਂ ਦੀ ਲੋੜ ਹੈ। ਕਰਨਾਟਕ ਦੀ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਖਿਲਾਫ ਦੋ ਐੱਫ ਆਈ ਆਰ ਪੈਂਡਿੰਗ ਹਨ। ਸੋ ਇਸ ਤਰ੍ਹਾਂ ਦਾ ਹੈ ਮੋਦੀ ਦਾ ਮੰਤਰੀ ਮੰਡਲ, ਜਿਹੜੇ ਹਮੇਸ਼ਾ ਰਾਮ ਰਾਜ ਲਿਆਉਣ ਦੇ ਦਾਅਵੇ ਕਰਦੇ ਹਨ।

ਸਾਂਝਾ ਕਰੋ

ਪੜ੍ਹੋ