ਭਾਜਪਾ ਦੀਆਂ ਵੋਟਾਂ ਨੂੰ ਵੱਡਾ ਖੋਰਾ

2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਬਹੁਮਤ ਹਾਸਲ ਕਰਨ ਵਿਚ ਹੀ ਨਾਕਾਮ ਨਹੀਂ ਰਹੀ, ਵੋਟਾਂ ਦੇ ਮਾਮਲੇ ਵਿਚ ਵੀ ਉਸ ਨੂੰ ਜ਼ਬਰਦਸਤ ਢਾਹ ਲੱਗੀ ਹੈ। ਉਸ ਨੇ 2019 ਵਿਚ 303 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿਚ 224 ਸੀਟਾਂ ਅਜਿਹੀਆਂ ਸਨ, ਜਿਨ੍ਹਾਂ ਵਿਚ ਉਸ ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਉਹ ਬਹੁਮਤ ਤੋਂ ਕਾਫੀ ਪਿੱਛੇ 240 ਸੀਟਾਂ ’ਤੇ ਅਟਕ ਗਈ ਤੇ ਸਿਰਫ 156 ਸੀਟਾਂ ’ਤੇ ਹੀ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਸਕੀ। 2019 ਵਿਚ ਭਾਜਪਾ ਨੂੰ 224 ਵਿੱਚੋਂ 7 ਸੀਟਾਂ ’ਤੇ 70 ਫੀਸਦੀ ਤੋਂ ਵੱਧ, 77 ਸੀਟਾਂ ’ਤੇ 60 ਤੋਂ 70 ਫੀਸਦੀ ਅਤੇ 140 ਸੀਟਾਂ ’ਤੇ 50 ਤੋਂ 60 ਫੀਸਦੀ ਵੋਟਾਂ ਮਿਲੀਆਂ ਸਨ। 2024 ਵਿਚ 7 ਸੀਟਾਂ ’ਤੇ 70 ਫੀਸਦੀ ਤੋਂ ਵੱਧ ਵੋਟਾਂ ਤਾਂ ਮਿਲ ਗਈਆਂ, ਪਰ 2019 ਦੇ ਮੁਕਾਬਲੇ ਸਿਰਫ 39 ਸੀਟਾਂ ਅਜਿਹੀਆਂ ਹਨ, ਜਿਹੜੀਆਂ ਉਹ 60 ਤੋਂ 70 ਫੀਸਦੀ ਵੋਟਾਂ ਲੈ ਕੇ ਜਿੱਤ ਸਕੀ ਅਤੇ 50 ਤੋਂ 60 ਫੀਸਦੀ ਵੋਟਾਂ ਨਾਲ ਜਿੱਤੀਆਂ ਸੀਟਾਂ ਦੀ ਗਿਣਤੀ 140 ਤੋਂ ਖਿਸਕ ਕੇ 110 ਰਹਿ ਗਈ।

ਉਸ ਨੇ 40 ਤੋਂ 50 ਫੀਸਦੀ ਵੋਟਾਂ ਨਾਲ 78 ਤੇ 30 ਤੋਂ 40 ਫੀਸਦੀ ਵੋਟਾਂ ਨਾਲ 5 ਸੀਟਾਂ ਜਿੱਤੀਆਂ ਹਨ। 2019 ਵਿਚ ਭਾਜਪਾ ਨੇ 50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿਹੜੀਆਂ 224 ਸੀਟਾਂ ਜਿੱਤੀਆਂ ਸਨ, ਉਨ੍ਹਾਂ ਵਿੱਚੋਂ ਉਹ ਇਸ ਵਾਰ 176 ਹੀ ਜਿੱਤ ਸਕੀ। ਹਾਰਨ ਵਾਲੀਆਂ ਸੀਟਾਂ ਵਿੱਚੋਂ 29 ਕਾਂਗਰਸ ਤੇ 8 ਸਮਾਜਵਾਦੀ ਪਾਰਟੀ ਖੋਹ ਕੇ ਲੈ ਗਈਆਂ, ਯਾਨਿ ਭਾਜਪਾ ਖਿਲਾਫ ਬਹੁਤੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ। ਇਹ ਅੰਕੜਾ ਹੋਰ ਹੈਰਾਨ ਕਰਨ ਵਾਲਾ ਹੈ ਕਿ 2019 ਵਿਚ ਉਸ ਨੇ 50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿਹੜੀਆਂ 176 ਸੀਟਾਂ ਜਿੱਤੀਆਂ ਸਨ, ਉਨ੍ਹਾਂ ਵਿੱਚੋਂ 132 ਵਿਚ ਉਸ ਦਾ ਵੋਟ ਸ਼ੇਅਰ 2019 ਦੇ ਮੁਕਾਬਲੇ ਡਿੱਗਿਆ ਹੈ ਅਤੇ ਸਿਰਫ 12 ਸੀਟਾਂ ’ਤੇ ਹੀ ਉਸ ਨੇ 50 ਫੀਸਦੀ ਤੋਂ ਵੱਧ ਵੋਟਾਂ ਲਈਆਂ। ਰਾਜਸਥਾਨ ਦੇ ਬਾੜਮੇਰ ਵਿਚ ਤਾਂ ਨਵੀਂ ਕਹਾਣੀ ਲਿਖੀ ਗਈ। 2019 ਵਿਚ ਭਾਜਪਾ ਨੇ ਇਹ ਸੀਟ 59.52 ਫੀਸਦੀ ਵੋਟਾਂ ਲੈ ਕੇ ਜਿੱਤੀ ਸੀ ਤੇ ਐਤਕੀਂ ਉਹ 17 ਫੀਸਦੀ ਵੋਟਾਂ ਹੀ ਲੈ ਸਕੀ। ਇਹ ਸੀਟ ਕਾਂਗਰਸ ਨੇ ਜਿੱਤੀ।

ਭਾਜਪਾ ਨੂੰ 50 ਫੀਸਦੀ ਤੋਂ ਵੱਧ ਵੋਟਾਂ, ਜਿਨ੍ਹਾਂ ਸੀਟਾਂ ’ਤੇ ਮਿਲੀਆਂ, ਉਨ੍ਹਾਂ ਵਿੱਚੋਂ 25 ਮੱਧ ਪ੍ਰਦੇਸ਼ ਤੇ 23 ਗੁਜਰਾਤ ਦੀਆਂ ਹਨ, ਜਿਹੜੇ ਉਸ ਦੇ ਗੜ੍ਹ ਚੱਲੇ ਆ ਰਹੇ ਹਨ। ਉੱਤਰਾਖੰਡ ਦੀਆਂ 5, ਹਿਮਾਚਲ ਦੀਆਂ 4 ਤੇ ਤਿ੍ਰਪੁਰਾ ਦੀਆਂ 2 ਸੀਟਾਂ ਵੀ 50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤੀ ਹੈ। ਇਸ ਦੇ ਬਾਵਜੂਦ ਯੂ ਪੀ, ਰਾਜਸਥਾਨ ਤੇ ਮਹਾਰਾਸ਼ਟਰ ਵਰਗੇ ਵੱਡੇ ਰਾਜਾਂ ਵਿਚ ਉਸ ਦੀ ਸਾਖ ਨੂੰ ਵੱਟਾ ਲੱਗਾ ਹੈ। 2019 ਵਿਚ ਇਨ੍ਹਾਂ ਰਾਜਾਂ ’ਚ ਉਸ ਨੇ ਕਾਫੀ ਸੀਟਾਂ 50 ਫੀਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤੀਆਂ ਸਨ। ਉਸ ਨੇ ਪਿਛਲੀ ਵਾਰ ਯੂ ਪੀ ਦੀਆਂ 80 ਵਿੱਚੋਂ 40 ਸੀਟਾਂ 50 ਫੀਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤੀਆਂ ਸਨ, ਪਰ ਇਸ ਵਾਰ ਸਿਰਫ 13 ਸੀਟਾਂ ਹੀ 50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਸਕੀ। ਮਹਾਰਾਸ਼ਟਰ ਵਿਚ ਇਸ ਦੀਆਂ 50 ਫੀਸਦੀ ਤੋਂ ਵੱਧ ਵੋਟਾਂ ਵਾਲੀਆਂ ਸੀਟਾਂ 15 ਤੋਂ ਘਟ ਕੇ 5 ਅਤੇ ਰਾਜਸਥਾਨ ਵਿਚ 23 ਤੋਂ ਘਟ ਕੇ 12 ਰਹਿ ਗਈਆਂ।

ਸਾਂਝਾ ਕਰੋ

ਪੜ੍ਹੋ