ਦੁਖਦੀ ਰਗ ’ਤੇ ਹੱਥ

ਤਿਹਾੜ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਇਕ ਦਿਨ ਬਾਅਦ ਸ਼ਨੀਵਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ’ਚ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਕਿ ਭਾਜਪਾ ਦੇ ਆਗੂ ਬਹੁਤ ਪ੍ਰੇਸ਼ਾਨ ਹੋ ਗਏ। ਕੇਜਰੀਵਾਲ ਨੇ ਇਕ ਗੱਲ ਤਾਂ ਇਹ ਕਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਇਹ ਨਿਯਮ ਬਣਾ ਰੱਖਿਆ ਹੈ ਕਿ 75 ਸਾਲ ਦੀ ਉਮਰ ਟੱਪਣ ਵਾਲੇ ਆਗੂਆਂ ਨੂੰ ਸਿਆਸਤ ਤੋਂ ਰਿਟਾਇਰ ਹੋ ਜਾਣਾ ਚਾਹੀਦਾ ਹੈ। ਐੱਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਸੁਮਿਤਰਾ ਨੂੰ ਇਸੇ ਨਿਯਮ ਤਹਿਤ ਲਾਂਭੇ ਕਰ ਦਿੱਤਾ ਗਿਆ ਸੀ। ਮੋਦੀ ਨੇ ਅਗਲੇ ਸਾਲ ਸਤੰਬਰ ਵਿਚ 75 ਦੀ ਉਮਰ ਟੱਪ ਜਾਣੀ ਹੈ ਤੇ ਉਹ ਇਕ ਤਰ੍ਹਾਂ ਨਾਲ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹੀ ਵੋਟਾਂ ਮੰਗ ਰਹੇ ਹਨ। ਦੂਜੀ ਗੱਲ ਕੇਜਰੀਵਾਲ ਨੇ ਇਹ ਕਹੀ ਕਿ ਜੇ ਮੋਦੀ ਮੁੜ ਸੱਤਾ ਵਿਚ ਆ ਗਏ ਤਾਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਦੋ ਮਹੀਨਿਆਂ ਵਿਚ ਛੁੱਟੀ ਸਮਝੋ। (ਦਰਅਸਲ ਮੋਦੀ ਤੋਂ ਬਾਅਦ ਯੋਗੀ ਹੀ ਖੁਦ ਨੂੰ ਭਾਜਪਾ ਦਾ ਵੱਡਾ ਆਗੂ ਸਮਝਦੇ ਹਨ ਤੇ ਸ਼ਾਹ ਉਨ੍ਹਾ ਨੂੰ ਆਪਣੇ ਰਾਹ ਦਾ ਰੋੜਾ ਮੰਨਦੇ ਹਨ।) ਕੇਜਰੀਵਾਲ ਦੇ ਬਿਆਨ ਨਾਲ ਵੋਟਰਾਂ ਵਿਚ ਪੈਦਾ ਹੋਣ ਵਾਲੇ ਭੰਬਲਭੂਸੇ ਨਾਲ ਹੋਣ ਵਾਲੇ ਨੁਕਸਾਨ ਨੂੰ ਦੇਖਦਿਆਂ ਅਮਿਤ ਸ਼ਾਹ ਨੇ ਵੀ ਹੈਦਰਾਬਾਦ ਵਿਚ ਪ੍ਰੈੱਸ ਕਾਨਫਰੰਸ ਕਰਕੇ ਸਫਾਈ ਦਿੱਤੀ ਕਿ ਪ੍ਰਧਾਨ ਮੰਤਰੀ ਮੋਦੀ ਹੀ ਰਹਿਣਗੇ। ਭਾਜਪਾ ਦੇ ਸੰਵਿਧਾਨ ਵਿਚ ਕਿਤੇ ਇਹ ਨਹੀਂ ਲਿਖਿਆ ਕਿ 75 ਸਾਲ ਦਾ ਹੋਣ ’ਤੇ ਕੋਈ ਪ੍ਰਧਾਨ ਮੰਤਰੀ ਨਹੀਂ ਰਹੇਗਾ। ਇਸ ਕਰਕੇ ਮੋਦੀ ਦੇ 75 ਸਾਲ ਦੇ ਹੋਣ ਬਾਰੇ ਕੇਜਰੀਵਾਲ ਨੂੰ ਖੁਸ਼ ਹੋਣ ਦੀ ਲੋੜ ਨਹੀਂ।

ਹਾਲਾਂਕਿ ਸ਼ਾਹ ਨੇ ਕੇਜਰੀਵਾਲ ਦੇ ਦਾਅਵੇ ਨੂੰ ਖਾਰਜ ਕੀਤਾ, ਪਰ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨੇ ਜਿਸ ਤਰ੍ਹਾਂ ਸਵਾਲ ਕੀਤੇ, ਉਸ ਤੋਂ ਉਹ ਅਸਹਿਜ ਨਜ਼ਰ ਆਏ। ਜਦੋਂ ਇਕ ਪੱਤਰਕਾਰ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਹੈ ਕਿ ਜਿਵੇਂ ਮੋਦੀ ਨੇ ਅਡਵਾਨੀ ਦਾ ਸਿਆਸੀ ਕੈਰੀਅਰ ਖਤਮ ਕੀਤਾ, ਉਸੇ ਤਰ੍ਹਾਂ ਯੋਗੀ ਦਾ ਕਰ ਦੇਣਗੇ, ਤਾਂ ਸ਼ਾਹ ਨੇ ਮਾਮਲਾ ਟਾਲਦਿਆਂ ਕਿਹਾ ਕਿ ਤੁਹਾਡੇ ਇਲਾਵਾ ਅਜਿਹੀਆਂ ਗੱਲਾਂ ਨੂੰ ਕੋਈ ਨਹੀਂ ਮੰਨਦਾ। ਜਦੋਂ ਇਕ ਹੋਰ ਪੱਤਰਕਾਰ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਹੈ ਕਿ ਮੋਦੀ ਤੁਹਾਡੇ ਲਈ ਵੋਟਾਂ ਮੰਗ ਰਹੇ ਹਨ ਤਾਂ ਸ਼ਾਹ ਖਿਝੇ ਨਜ਼ਰ ਆਏ ਤੇ ਕਿਹਾਭਰਾਵਾ ਕੇਜਰੀਵਾਲ ਜੋ ਮਰਜ਼ੀ ਕਹਿਣ, ਮੋਦੀ ਜੀ ਨੂੰ ਨਹੀਂ ਬਦਲਿਆ ਜਾਵੇਗਾ, ਮੈਂ ਸਪੱਸ਼ਟ ਕਰ ਦਿੱਤਾ, ਹੁਣ ਬੈਠ ਜਾਓ।

ਸ਼ਾਹ ਜੋ ਮਰਜ਼ੀ ਕਹਿਣ, ਕੇਜਰੀਵਾਲ ਨੇ ਭਾਜਪਾ ਦੀ ਦੁਖਦੀ ਰਗ ’ਤੇ ਹੱਥ ਧਰ ਦਿੱਤਾ ਹੈ। ਮੋਦੀ ਦੀ ਰਿਟਾਇਰਮੈਂਟ ਦਾ ਮੁੱਦਾ ਸੋਸ਼ਲ ਮੀਡੀਆ ਵਿਚ ਛਾ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਸ਼ਾਹ ਦੀ 2019 ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ 75 ਸਾਲ ਤੋਂ ਉੱਪਰ ਵਾਲੇ ਆਗੂਆਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਯੂ ਪੀ ਦੀ ਮੌਜੂਦਾ ਰਾਜਪਾਲ ਆਨੰਦੀਬੇਨ ਪਟੇਲ ਨੇ 2016 ਵਿਚ ਇਸੇ ਆਧਾਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾ ਟਵੀਟ ਕਰਕੇ ਉਮਰ ਦਾ ਹਵਾਲਾ ਦਿੱਤਾ ਸੀ।

ਸਾਂਝਾ ਕਰੋ

ਪੜ੍ਹੋ