ਜਦੋਂ ਮੈਨੂੰ ਕਾਰਨ ਦੱਸੋ ਨੋਟਿਸ ਮਿਲਿਆ

ਹਰ ਸਾਲ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਵਿਸ਼ਵ ਪੱਧਰ ’ਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੀ ਬਦੌਲਤ ‘ਅਛੂਤਪਣ’ ਤੇ ਜਾਤ-ਪਾਤ ਦਾ ਪਾੜਾ ਘਟਿਆ ਜ਼ਰੂਰ ਹੈ ਪਰ ਵਿਤਕਰਾ ਵਧਿਆ ਹੈ। ਉਨ੍ਹਾਂ ਨੂੰ 14 ਅਪ੍ਰੈਲ (ਜਨਮ ਦਿਨ) ਤੇ 6 ਦਸੰਬਰ (ਬਰਸੀ ਮੌਕੇ) ਯਾਦ ਕੀਤਾ ਜਾਂਦਾ ਹੈ। ਹੁਣ ਸਰਕਾਰਾਂ ਵੱਲੋਂ ਹੀ ਇਸ ਦਿਨ ਗਜ਼ਟਿਡ ਛੁੱਟੀ ਹੁੰਦੀ ਹੈ ਤੇ ਅਖ਼ਬਾਰਾਂ ’ਚ ਵੱਡੇ-ਵੱਡੇ ਇਸ਼ਤਿਹਾਰ ਛਾਪੇ ਜਾਂਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ‘ਬਾਬਾ ਸਾਹਿਬ’ ਦੀਆਂ ਮੂਰਤੀਆਂ ’ਤੇ ਫੁੱਲ ਮਾਲਾਵਾਂ ਅਰਪਿਤ ਕਰਦੇ ਹਨ। ਇਸ ਵਾਰ 14 ਅਪ੍ਰੈਲ ਨੂੰ ਐਤਵਾਰ ਸੀ। ਸਰਕਾਰੀ ਕਰਮਚਾਰੀਆਂ ਦੀ ਛੁੱਟੀ ਮਾਰੀ ਗਈ ਪਰ ਦਲਿਤਾਂ ਦੇ ਮਨਾਂ ਵਿਚ ਹੋਰ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਡਾ. ਅੰਬੇਡਕਰ ਨੂੰ ਉਨ੍ਹਾਂ ਦੀਆਂ ਹੋਰ ਪ੍ਰਾਪਤੀਆਂ ਤੋਂ ਇਲਾਵਾ ‘ਭਾਰਤੀ ਸੰਵਿਧਾਨ’ ਦੇ ਨਿਰਮਾਤਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਾਰ ਵੀ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ‘ਗਿਆਨ ਪੁਸਤਕ ਦੇ ਪ੍ਰਤੀਕ-(ਯੁੱਗ ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ)’ ਵੀ ਰਿਲੀਜ਼ ਕੀਤੀ ਗਈ।

ਛੋਟੇ-ਛੋਟੇ ਭਾਸ਼ਣ ਕੀਤੇ ਗਏ। ਮੈਨੂੰ ਵੀ ਡਾ. ਭੀਮ ਰਾਓ ਬਾਰੇ ਆਪਣੇ ਵਿਚਾਰ ਰੱਖਣ ਲਈ ਕਿਹਾ ਗਿਆ। ਮੈਂ ਵੀ ਬਾਬਾ ਸਾਹਿਬ ਦੀਆਂ ਪ੍ਰਾਪਤੀਆਂ ਬਾਰੇ ਬੋਲਿਆ। ਬਾਬਾ ਸਾਹਿਬ ਵੱਲੋਂ 14 ਅਕਤੂਬਰ 1956 ਨੂੰ ਬੁੱਧ ਧਰਮ ਗ੍ਰਹਿਣ ਕਰਨ ਸਮੇਂ ਲਈ ਗਈ ਪ੍ਰਤਿੱਗਿਆ ਦਾ ਮੈਂ ਆਪਣੇ ਸੰਬੋਧਨ ਵਿਚ ਹਵਾਲਾ ਦਿੱਤਾ ਤਾਂ ਸਰੋਤਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਛੋਟਾ ਜਿਹਾ ਫੰਕਸ਼ਨ ਦੋ ਘੰਟਿਆਂ ’ਚ ਖ਼ਤਮ ਹੋ ਗਿਆ। ਦਲਿਤ ਸਰੋਤੇ ਖ਼ੁਸ਼ ਸਨ। ਉਪਰੰਤ ਲੰਗਰ ਵਜੋਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਮੇਰੇ ਕੁਝ ਸਾਥੀਆਂ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਮੈਂ ਆਪਣੇ ਸੰਬੋਧਨ ’ਚ ਇਕ ਵਰਗ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਹਨ। ਮੈਂ ਅਜਿਹੀ ਕੋਈ ਗੱਲ ਨਹੀਂ ਕਹੀ ਸੀ। ਮੈਂ ਤਾਂ ਉਸ ਕਿਤਾਬ ਵਿੱਚੋਂ ਇਕ ਲਾਈਨ ਬਾਬਾ ਸਾਹਿਬ ਦੇ ਹਵਾਲੇ ਨਾਲ ਪੜ੍ਹੀ ਸੀ। ਮੈਨੂੰ ਖੇਦ ਪ੍ਰਗਟ ਲਈ ਕਿਹਾ ਗਿਆ। ਮੈਂ ਸਹਿਮਤ ਨਹੀਂ ਹੋਇਆ। ਸ਼ਿਕਾਇਤ ’ਚ ਜੋ ਲਿਖਿਆ ਸੀ, ਉਹ ਮੈਂ ਕਿਹਾ ਹੀ ਨਹੀਂ ਸੀ। ਮਾਫ਼ੀ ਕਿਸ ਗੱਲ ਦੀ, ਜੋ ਕਿਹਾ ਉਹ ਬਾਬਾ ਸਾਹਿਬ ਦੇ ਹਵਾਲੇ ਨਾਲ ਕਿਹਾ। ਪਰ ਉਨ੍ਹਾਂ ਦੀ ਤਸੱਲੀ ਨਾ ਹੋਈ। ਮੈਂ ਕਿਹਾ ਕਿ ਜੋ ਸ਼ਿਕਾਇਤ ’ਚ ਲਿਖਿਆ (ਦੋਸ਼ ਲਾਇਆ) ਉਹ ਮੈਂ ਕਿਹਾ ਨਹੀਂ। ਜੋ ਮੈਂ ਕਿਹਾ, ਉਹ ਕਿਤਾਬ ’ਚੋਂ ਪੜ੍ਹ ਕੇ ਕਿਹਾ ਤੇ ਉਹ ਡਾ. ਅੰਬੇਡਕਰ ਦੇ ਹਵਾਲੇ ਨਾਲ ਕਿਹਾ। ਜੇ ਡਾ. ਅੰਬੇਡਕਰ ਨੇ ਗ਼ਲਤ ਕਿਹਾ ਤਾਂ ਕਿਤਾਬਾਂ ਬੈਨ ਕਰਵਾਈਆਂ ਜਾ ਸਕਦੀਆਂ ਹਨ। ਭਾਰਤ ਸਰਕਾਰ ਨੇ ਤਾਂ ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਆ ਹੈ। ਪਿਛਲੀਆਂ ਕਈ 14 ਅਪ੍ਰੈਲਾਂ ਨੂੰ ਮੈਨੂੰ ਮਾਣ-ਸਨਮਾਨ ਮਿਲੇ ਪਰ ਇਸ ਵਾਰ ਬਾਬਾ ਸਾਹਿਬ ਦੇ ਜਨਮ ਦਿਨ ਦੇ ਸਬੰਧ ’ਚ ਮੈਨੂੰ ਕਾਰਨ ਦੱਸੋ ਨੋਟਿਸ ਮਿਲਿਆ।

ਸਾਂਝਾ ਕਰੋ

ਪੜ੍ਹੋ

ਪੰਜਾਬ ਭਾਜਪਾ ਨੇ MC ਚੋਣਾਂ ਦੀ ਖਿੱਚੀ

ਚੰਡੀਗੜ੍ਹ, 27 ਨਵੰਬਰ – ਭਾਵੇਂਕਿ ਪੰਜਾਬ ਦੇ ਅੰਦਰ ਐਮਸੀ ਚੋਣਾਂ...