ਸੂਬੇ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਆਏ ਦਿਨ ਕੁੱਤੇ ਲੋਕਾਂ ’ਤੇ ਹਮਲੇ ਕਰ ਰਹੇ ਹਨ ਜਿਨ੍ਹਾਂ ਵਿਚ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਇਸ ਦੇ ਬਾਵਜੂਦ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨਿਕ ਪੱਧਰ ’ਤੇ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਯਤਨ ਕੀਤੇ ਜਾ ਰਹੇ ਹਨ। ਇਸ ਦਾ ਨਤੀਜਾ ਇਹ ਹੈ ਕਿ ਬੀਤੇ ਕੱਲ੍ਹ ਫਿਰ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ’ਚ ਸੈਰ ਲਈ ਨਿਕਲੀ ਇਕ 25 ਸਾਲਾ ਔਰਤ ਨੂੰ ਅਵਾਰਾ ਕੁੱਤਿਆਂ ਨੇ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਉਸ ਦੀ ਮੌਤ ਹੋ ਗਈ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਇਹ ਕੁੱਤੇ ਕਾਫ਼ੀ ਦੇਰ ਤੱਕ ਉਸ ਦੀ ਲਾਸ਼ ਕੋਲ ਵੀ ਬੈਠੇ ਰਹੇ ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਨੂੰ ਉਸ ਦੀ ਲਾਸ਼ ਹਾਸਲ ਕਰਨ ਲਈ ਵੀ ਜੱਦੋਜਹਿਦ ਕਰਨੀ ਪਈ। ਇਸ ਤੋਂ ਪਹਿਲਾਂ ਇਸੇ ਸਾਲ 6 ਫਰਵਰੀ ਨੂੰ ਕਪੂਰਥਲਾ ਜ਼ਿਲ੍ਹੇ ਵਿਚ ਅਵਾਰਾ ਕੁੱਤਿਆਂ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਹੋ ਗਈ ਸੀ। ਚਾਰ ਫਰਵਰੀ ਨੂੰ ਜਲੰਧਰ ਵਿਚ ਇਕ ਬਜ਼ੁਰਗ ਔਰਤ ਕੁੱਤਿਆਂ ਦੇ ਹਮਲੇ ਵਿਚ ਜ਼ਖ਼ਮੀ ਹੋ ਗਈ ਸੀ ਤੇ 3 ਅਪ੍ਰੈਲ ਨੂੰ ਬਠਿੰਡਾ ਵਿਚ ਇਕ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਸੀ। ਇਸ ਤੋਂ ਬਾਅਦ 8 ਅਪ੍ਰੈਲ ਨੂੰ ਅਬੋਹਰ ਵਿਚ ਦੋ ਬੱਚੇ ਵੀ ਇਸੇ ਤਰ੍ਹਾਂ ਦੇ ਹਮਲੇ ’ਚ ਜ਼ਖ਼ਮੀ ਹੋਏ ਸਨ। ਇਹ ਫਹਿਰਿਸਤ ਬਹੁਤ ਲੰਬੀ ਹੈ ਪਰ ਹਾਲਾਤ ਨਹੀਂ ਬਦਲ ਰਹੇ। ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਕੁੱਤਿਆਂ ਦੇ ਵੱਢਣ ਦੇ ਰੋਜ਼ਾਨਾ ਲਗਪਗ 300 ਕੇਸ ਰਿਪੋਰਟ ਹੋ ਰਹੇ ਹਨ।
ਅਵਾਰਾ ਕੁੱਤਿਆਂ ਦੇ ਸਭ ਤੋਂ ਵੱਧ ਸ਼ਿਕਾਰ ਛੋਟੇ ਬੱਚੇ ਹੋ ਰਹੇ ਹਨ। ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ (ਐੱਨਆਰਸੀਪੀ) ਮੁਤਾਬਕ ਸਾਲ 2014 ਤੋਂ ਬਾਅਦ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਅਵਾਰਾ ਕੁੱਤਿਆਂ ਦਾ ਸਭ ਤੋਂ ਵੱਧ ਕਹਿਰ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਜ਼ਿਲ੍ਹਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ। ਇਹ ਸਭ ਉਦੋਂ ਵਾਪਰ ਰਿਹਾ ਹੈ ਜਦੋਂ ਨਗਰ ਨਿਗਮਾਂ ਵੱਲੋਂ ਐਨੀਮਲ ਬਰਥ ਕੰਟਰੋਲ ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਸ ’ਚ ਇਕ ਦੋਸ਼ ਕੁੱਤਾ ਪ੍ਰੇਮੀਆਂ ਨੂੰ ਵੀ ਦਿੱਤਾ ਜਾਂਦਾ ਹੈ ਕਿ ਉਹ ਅਵਾਰਾ ਕੁੱਤਿਆਂ ਨੂੰ ਭੋਜਨ ਮੁਹੱਈਆ ਕਰਵਾਉਂਦੇ ਹਨ। ਦੋਸ਼ ਚਾਹੇ ਸਰਕਾਰਾਂ ਦਾ ਹੋਵੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਾਂ ਫਿਰ ਕੁੱਤਾ ਪ੍ਰੇਮੀਆਂ ਦਾ ਪਰ ਇਨ੍ਹਾਂ ਅਵਾਰਾ ਕੁੱਤਿਆਂ ਦੇ ਹਮਲਿਆਂ ਦੇ ਸਭ ਤੋਂ ਵੱਧ ਸ਼ਿਕਾਰ ਆਮ ਲੋਕ ਹੋ ਰਹੇ ਹਨ ਤੇ ਇਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਪੀੜਤ ਬੱਚੇ ਹਨ।
ਹਾਲੇ ਪਿੱਛੇ ਜਿਹੇ ਹੀ ਭਾਰਤ ਸਰਕਾਰ ਨੇ ਖ਼ਤਰਨਾਕ ਪਾਲਤੂ ਕੁੱਤਿਆਂ ਦੀਆਂ ਨਸਲਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ ਜਿਸ ਪਿੱਛੋਂ ਕੁੱਤਾ ਪ੍ਰੇਮੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਕੀਤੀ ਸੀ। ਉਹ ਇਹੀ ਤਰਕ ਦਿੰਦੇ ਹਨ ਕਿ ਘਰੇਲੂ ਪਾਲਤੂ ਕੁੱਤੇ ਓਨਾ ਨੁਕਸਾਨ ਨਹੀਂ ਕਰਦੇ ਜਿੰਨਾ ਅਵਾਰਾ ਕੁੱਤੇ ਕਰਦੇ ਹਨ। ਉਹ ਇਸ ਵਾਸਤੇ ਸਰਕਾਰੀ ਲਾਪਰਵਾਹੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਜ਼ਿੰਮੇਵਾਰੀ ਤੇ ਜਵਾਬਦੇਹੀ ਤੈਅ ਕਰਨ ਦੀ ਗੱਲ ਕਰਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਕੁੱਤਾ ਪ੍ਰੇਮੀਆਂ ’ਤੇ ਸਾਰਾ ਦੋਸ਼ ਮੜ੍ਹ ਦਿੰਦੇ ਹਨ ਕਿ ਉਹ ਅਵਾਰਾ ਕੁੱਤਿਆਂ ਦੇ ਪਾਲਣਹਾਰ ਬਣੇ ਰਹਿੰਦੇ ਹਨ ਜਿਸ ਕਾਰਨ ਇਹ ਸਮੱਸਿਆ ਹੱਲ ਨਹੀਂ ਹੋ ਰਹੀ। ਇਹ ਸਮਾਂ ਇਕ-ਦੂਜੇ ’ਤੇ ਦੋਸ਼ ਲਾਉਣ ਦਾ ਨਹੀਂ ਹੈ। ਇਸ ਵੱਡੀ ਸਮੱਸਿਆ ਨੂੰ ਸਮਝਦੇ ਹੋਏ ਇਸ ਦੇ ਹੱਲ ਦਾ ਹੈ। ਅਜਿਹੇ ਵਿਚ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾਵੇ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਤਾਂ ਕਿ ਹੋਰ ਲੋਕ ਇਨ੍ਹਾਂ ਦੇ ਸ਼ਿਕਾਰ ਨਾ ਬਣਨ।