ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ, ਅਮਰੀਕਾ ਤੇ ਹੋਰਨਾਂ ਪੱਛਮੀ ਮੁਲਕਾਂ ’ਚ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਦਾ ਚਿਰੋਕਣਾ ਸੁਪਨਾ ਰਿਹਾ ਹੈ। ਆਮ ਪਰਿਵਾਰ ਆਪਣੇ ਸਿਰਾਂ ’ਤੇ ਕਰਜ਼ਿਆਂ ਦੀ ਵੱਡੀ ਪੰਡ ਰੱਖ ਕੇ ਵੀ ਬੱਚਿਆਂ ਨੂੰ ਸੱਤ ਸਮੁੰਦਰ ਪਾਰ ਘੱਲਦੇ ਆ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਵਿਦੇਸ਼ ਗਏ ਤੇ ਉੱਥੋਂ ਪਰਤੇ ਜਾਂ ਹੋਰਨਾਂ ਦੇਸ਼ਾਂ ਤੋਂ ਆਏ ਲੋਕਾਂ ਦਾ ਭਾਰਤੀ ਸਮਾਜ ’ਚ ਪ੍ਰਾਚੀਨ ਵੇਲਿਆਂ ਤੋਂ ਹੀ ਨਿੱਘਾ ਸਵਾਗਤ ਹੁੰਦਾ ਆਇਆ ਹੈ। ਅਤਿਥੀ ਦੇਵੋ ਭਵ: ਜਿਹੇ ਸੱਭਿਆਚਾਰ ਕਾਰਨ ਭਾਰਤ ’ਚ ਮਹਿਮਾਨ ਨੂੰ ਰੱਬ ਜਿੰਨਾ ਉਚੇਰਾ ਦਰਜਾ ਹਾਸਲ ਹੈ। ਅਮਰੀਕਾ ਤੇ ਕੈਨੇਡਾ ਪਿਛਲੀ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਲਈ ਬੜੇ ਮਨਭਾਉਂਦੇ ਸਥਾਨ ਰਹੇ ਹਨ ਜਿੱਥੇ ਜਾ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਹਿਸੂਸ ਹੁੰਦਾ ਹੈ।
ਪਰ ਹੁਣ ਹਾਲਾਤ ਬਿਲਕੁਲ ਬਦਲਦੇ ਜਾ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਨੂੰ ਹੁਣ ਆਪਣੀਆਂ ਸਥਾਨਕ ਤੇ ਹੋਰ ਕੌਮਾਂਤਰੀ ਕਿਸਮ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕੈਨੇਡਾ ਗਏ ਪੰਜਾਬੀ ਨੌਜਵਾਨ ਇਸ ਵੇਲੇ ਡਾਢੇ ਨਿਰਾਸ਼ ਹਨ ਕਿਉਂਕਿ ਹੁਣ ਉੱਥੇ ਨੌਕਰੀਆਂ ਛੇਤੀ ਕਿਤੇ ਉਪਲਬਧ ਨਹੀਂ ਹਨ ਜਿਸ ਕਾਰਨ ਉਨ੍ਹਾਂ ਦੇ ਸੁਪਨੇ ਖੇਰੂੰ-ਖੇਰੂੰ ਹੋ ਰਹੇ ਹਨ। ਉਨ੍ਹਾਂ ਸਿਰ ਕੈਨੇਡੀਅਨ ਕਰਜ਼ੇ ਚੜ੍ਹਦੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਨੌਜਵਾਨ ਨਸ਼ਿਆਂ ਦਾ ਸਹਾਰਾ ਲੈਣ ਲੱਗ ਪਏ ਹਨ। ਅਖੌਤੀ ਆਧੁਨਿਕ ਤੇ ਸਿੰਥੈਟਿਕ ਨਸ਼ਿਆਂ ਦੀ ਮਾਰ ਕਾਰਨ ਉਨ੍ਹਾਂ ’ਚੋਂ ਕੁਝ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਤੱਕ ਕਹਿ ਗਏ ਹਨ। ਨੌਜਵਾਨਾਂ ਨੂੰ ਪਹਿਲਾਂ ਕਦੇ ਦਿਲ ਦਾ ਦੌਰਾ ਪੈਂਦਿਆਂ ਕਿਸੇ ਨੇ ਨਹੀਂ ਤੱਕਿਆ ਸੀ ਪਰ ਇਨ੍ਹਾਂ ਨਸ਼ਿਆਂ ਕਰਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵੀ ਝੱਲਣੀਆਂ ਪੈ ਰਹੀਆਂ ਹਨ। ਪੰਜਾਬ ’ਚ ਵੀ ਨਸ਼ਾ ਹੁਣ ਤੱਕ ਦੋ ਪੀੜ੍ਹੀਆਂ ਨੂੰ ਵੱਡੀ ਢਾਹ ਲਾ ਚੁੱਕਾ ਹੈ। ਓਧਰ ਪਿਛਲੇ ਅੱਧੇ ਸਾਲ ਤੋਂ ਇਜ਼ਰਾਈਲ ਤੇ ਫ਼ਲਸਤੀਨੀ ਲੜਾਕੂ ਸੰਗਠਨ ‘ਹਮਾਸ’ ਵਿਚਾਲੇ ਹਿੰਸਕ ਸੰਘਰਸ਼ ਚੱਲ ਰਿਹਾ ਹੈ। ਇਸ ਮੈਦਾਨ-ਏ-ਜੰਗ ਤੋਂ 12 ਹਜ਼ਾਰ ਕਿੱਲੋਮੀਟਰ ਤੋਂ ਵੀ ਵੱਧ ਦੂਰ ਸਥਿਤ ਅਮਰੀਕੀ ਸੂਬੇ ਕੈਲੀਫੋਰਨੀਆ ਸਮੇਤ ਹੋਰ ਰਾਜਾਂ ਦੇ ਬਹੁਤ ਸਾਰੇ ਸ਼ਹਿਰਾਂ ’ਚ ਹੁਣ ਦੰਗੇ ਹੋਣ ਲੱਗੇ ਹਨ।
ਉੱਥੋਂ ਦੀਆਂ ਯੂਨੀਵਰਸਿਟੀਜ਼ ’ਚ ਇਜ਼ਰਾਇਲੀ ਹਮਲਿਆਂ ’ਚ ਮਾਰੇ ਗਏ ਫ਼ਲਸਤੀਨੀਆਂ ਦੇ ਹੱਕ ਵਿਚ ਪਿਛਲੇ ਕੁਝ ਹਫ਼ਤਿਆਂ ਤੋਂ ਰੋਸ ਮੁਜ਼ਾਹਰੇ ਹੋ ਰਹੇ ਹਨ। ਸਥਾਨਕ ਪ੍ਰਸ਼ਾਸਨਾਂ ਵੱਲੋਂ ਇਨ੍ਹਾਂ ਪ੍ਰਦਰਸ਼ਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਰਾਤਾਂ ਨੂੰ ਯੂਨੀਵਰਸਿਟੀਜ਼ ਕੈਂਪਸਾਂ ’ਤੇ ਅਚਾਨਕ ਛਾਪੇ ਮਾਰ ਕੇ ਵਿਦਿਆਰਥੀ ਆਗੂਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਜਿਹੜੇ ਭਾਰਤੀ ਵਿਦਿਆਰਥੀ ਉਨ੍ਹਾਂ ਮੁਜ਼ਾਹਰਿਆਂ ’ਚ ਭਾਗ ਲੈ ਰਹੇ ਹਨ, ਉਨ੍ਹਾਂ ਨੂੰ ਕੈਂਪਸ ’ਚ ਦਾਖ਼ਲ ਹੋਣ ਤੋਂ ਵਰਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਮਿਲਣ ਤੋਂ ਵੀ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ’ਚ ਹੇਠਲੇ ਪੱਧਰ ’ਤੇ ਇੰਨੀ ਕੁ ਲਾਮਬੰਦੀ ਹੋ ਗਈ ਹੈ ਕਿ ਫ਼ਲਸਤੀਨੀਆਂ ਦੇ ਹੱਕ ’ਚ ਮੁਜ਼ਾਹਰੇ ਕਰਨ ਵਾਲਿਆਂ ’ਤੇ ਵੀ ਕੁਝ ਰੂੜ੍ਹੀਵਾਦੀ ਸਮੂਹ ਹਮਲੇ ਕਰਨ ਲੱਗ ਪਏ ਹਨ। ਅਜਿਹੇ ਹਾਲਾਤ ਕਾਰਨ ਭਾਰਤੀ ਵਿਦਿਆਰਥੀਆਂ ’ਚ ਖ਼ੌਫ਼ ਵਾਲਾ ਮਾਹੌਲ ਵੀ ਬਣਿਆ ਹੋਇਆ ਹੈ। ਕੁੱਲ ਮਿਲਾ ਕੇ ਅਤਿ-ਆਧੁਨਿਕ ਅਖਵਾਉਣ ਵਾਲਾ ਮੁਲਕ ਵੀ ਇਸ ਵੇਲੇ ਅਰਾਜਕਤਾ ਵੱਲ ਵਧਦਾ ਜਾ ਰਿਹਾ ਹੈ। ਉੱਥੇ ਇਸ ਵਰ੍ਹੇ ਚੋਣਾਂ ਵੀ ਹੋਣ ਵਾਲੀਆਂ ਹਨ ਜਿਸ ਕਾਰਵ ਪ੍ਰਸ਼ਾਸਨਾਂ ਨੇ ਆਮ ਜਨਤਾ ਪ੍ਰਤੀ ਕੁਝ ਨਰਮ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ। ਅਜਿਹੇ ਹਾਲਾਤ ਦਾ ਜੇ ਕੋਈ ਵੀ ਮੁਲਾਂਕਣ ਕਰੇ ਤਾਂ ਉਹ ਸਹਿਜੇ ਹੀ ਇਹ ਨਤੀਜਾ ਕੱਢ ਲਵੇਗਾ ਕਿ ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ।’