ਭਾਰਤ ਦੀਆਂ ਉੱਘੀਆਂ ਮਸਾਲਾ ਕੰਪਨੀਆਂ ਐੱਮਡੀਐੱਚ ਤੇ ਐਵਰੈਸਟ ਦੇ ਹਾਲ ਹੀ ’ਚ ਮਿਲਾਵਟ ਦੇ ਵਿਵਾਦਾਂ ’ਚ ਘਿਰਨ ਅਤੇ ਨੈਸਲੇ ਇੰਡੀਆ ਤੇ ਬੌਰਨਵੀਟਾ ’ਚ ਸ਼ੂਗਰ ਦਾ ਉੱਚਾ ਪੱਧਰ ਮਿਲਣ ’ਤੇ ਜਤਾਈਆਂ ਗਈਆਂ ਚਿੰਤਾਵਾਂ ਵਿਚਾਲੇ ਹੁਣ ਭਾਰਤ ਦੀ ਖ਼ੁਰਾਕੀ ਸੁਰੱਖਿਆ ਤੇ ਮਿਆਰਾਂ ਬਾਰੇ ਅਥਾਰਿਟੀ (ਐੱਫਐੱਸਐੱਏਆਈ) ਨੇ ਪੂਰੇ ਦੇਸ਼ ਵਿੱਚ ਖ਼ੁਰਾਕੀ ਸੁਰੱਖਿਆ ਨਿਰੀਖਣ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ ਦਾ ਐਲਾਨ ਕੀਤਾ ਹੈ। ਭਾਰਤੀ ਅਥਾਰਿਟੀ ਮਸਾਲਿਆਂ, ਰਸੋਈ ’ਚ ਵਰਤੇ ਜਾਂਦੇ ਹਰਬਲ ਉਤਪਾਦਾਂ ਤੇ ਹੋਰ ਖ਼ੁਰਾਕੀ ਪਦਾਰਥਾਂ ਦਾ ਦੇਸ਼-ਵਿਆਪੀ ਨਿਰੀਖਣ ਕਰੇਗੀ। ਇਸ ਦਾ ਮੰਤਵ ਸਖ਼ਤ ਮਿਆਰ ਯਕੀਨੀ ਬਣਾਉਣਾ ਤੇ ਸੰਭਾਵੀ ਸਿਹਤ ਖ਼ਤਰਿਆਂ ਤੋਂ ਖ਼ਪਤਕਾਰਾਂ ਦਾ ਬਚਾਅ ਕਰਨਾ ਹੈ।
ਹਾਲਾਂਕਿ, ਇਸ ਸਭ ਵਿੱਚੋਂ ਐੱਫਐੱਸਐੱਸਏਆਈ ਦੇ ਨਿਗਰਾਨ ਤੰਤਰ ਦੀ ਮਾੜੀ ਕਾਰਗੁਜ਼ਾਰੀ ਝਲਕਦੀ ਹੈ ਕਿਉਂਕਿ ਇਹ ਕਦਮ ਅਥਾਰਿਟੀ ਦੀ ਆਪਣੀ ਪੜਤਾਲ ਤੋਂ ਬਾਅਦ ਨਹੀਂ ਬਲਕਿ ਅਮਰੀਕੀ ਅਥਾਰਿਟੀ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਮਸਾਲਿਆਂ ਨਾਲ ਸਬੰਧਿਤ ਕੁਝ ਭਾਰਤੀ ਉਤਪਾਦਾਂ ਨੂੰ ਮੋੜਨ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਸਿੰਗਾਪੁਰ ਤੇ ਹਾਂਗਕਾਂਗ ਨੇ ਵੀ ਹਾਲ ਹੀ ਵਿੱਚ ਉਨ੍ਹਾਂ ਮਸਾਲਾ ਕੰਪਨੀਆਂ ’ਤੇ ਪਾਬੰਦੀ ਲਾਈ ਹੈ ਜਿਨ੍ਹਾਂ ’ਤੇ ਮਸਾਲਿਆਂ ਅਤੇ ਚਟਨੀਆਂ ’ਚ ਨੁਕਸਾਨਦੇਹ ਪਦਾਰਥ ਰਲਾਉਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਭਾਰਤੀ ਏਜੰਸੀ ਦੀ ਰੈਗੂਲੇਟਰੀ ਪਹੁੰਚ ’ਚ ਖ਼ਾਮੀਆਂ ਸਾਹਮਣੇ ਆਈਆਂ ਹਨ, ਜਿਸ ’ਚੋਂ ਹੁਣ ਨਿਗਰਾਨੀ ਦੀਆਂ ਤਕਨੀਕਾਂ ਨੂੰ ਮਜ਼ਬੂਤ ਕਰਨ ਦੀ ਲੋੜ ਉੱਭਰੀ ਹੈ ਤਾਂ ਕਿ ਅਜਿਹਾ ਦੁਬਾਰਾ ਨਾ ਵਾਪਰੇ। ਇਸ ਤੋਂ ਪਹਿਲਾਂ ਨਿੱਕੇ ਬੱਚਿਆਂ ਦੀ ਖ਼ੁਰਾਕ ਵਿੱਚ ਸ਼ੂਗਰ ਦਾ ਪੱਧਰ ਉੱਚਾ ਹੋਣ ’ਤੇ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਅਥਾਰਿਟੀ ਨੇ ਬੱਚਿਆਂ ਦੇ ਫਾਰਮੂਲਾ ਉਤਪਾਦਾਂ ਦਾ ਬਾਰੀਕੀ ਨਾਲ ਨਿਰੀਖਣ ਕਰਨ ਦਾ ਅਹਿਦ ਕੀਤਾ ਸੀ, ਕਿਉਂਕਿ ਅਜਿਹੇ ਜੋਖ਼ਮ ਵਾਲੇ ਖ਼ਪਤਕਾਰ ਵਰਗ ਨੂੰ ਸੰਭਾਵੀ ਸਿਹਤ ਖ਼ਤਰਿਆਂ ਤੋਂ ਬਚਾਉਣਾ ਇਸੇ ਏਜੰਸੀ ਦਾ ਅਧਿਕਾਰ ਖੇਤਰ ਹੈ।
ਖੁਰਾਕੀ ਸੁਰੱਖਿਆ ਖੇਤਰ ’ਚ ਉੱਭਰਦੀਆਂ ਚੁਣੌਤੀਆਂ ਦੇ ਹੱਲ ਲਈ ਸਰਗਰਮੀ ਨਾਲ ਇਕ ਹੋਰ ਕਦਮ ਚੁੱਕਦਿਆਂ ਐੱਫਐੱਸਐੱਸਏਆਈ ਨੇ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਤੇ ਸਰਕਾਰੀ ਸੰਗਠਨਾਂ ਤੋਂ ਮਾਹਿਰਾਂ ਦੀ ਮਦਦ ਲੈਣ ਦਾ ਸਹੀ ਫ਼ੈਸਲਾ ਕੀਤਾ ਹੈ। ਇਸ ਨਾਲ ਸਰਕਾਰ ਦੀ ਜੋਖ਼ਮ ਦਾ ਮੁਲਾਂਕਣ ਕਰਨ ਤੇ ਇਸ ਨੂੰ ਘਟਾਉਣ ਦੀ ਸਮਰੱਥਾ ਵਧੇਗੀ ਅਤੇ ਖ਼ੁਰਾਕੀ ਸਪਲਾਈ ਲੜੀ ਦੀ ਮਜ਼ਬੂਤ ਨਿਗਰਾਨੀ ਸੰਭਵ ਬਣੇਗੀ। ਅਥਾਰਿਟੀ ਨੇ ਆਪਣੀ ਨਿਗਰਾਨੀ ਦਾ ਘੇਰਾ ਵਧਾ ਕੇ ਫ਼ਲਾਂ, ਸਬਜ਼ੀਆਂ, ਮੱਛੀ ਉਤਪਾਦਾਂ, ਫੋਰਟੀਫਾਈਡ ਚੌਲਾਂ ਤੇ ਦੁੱਧ ਉਤਪਾਦਾਂ ਤੱਕ ਕਰ ਲਿਆ ਹੈ, ਜਿਸ ਦਾ ਮੰਤਵ ਇਸ ਮੁੱਦੇ ਦੇ ਵੱਖੋ-ਵੱਖਰੇ ਪਹਿਲੂਆਂ ਨਾਲ ਵਿਆਪਕ ਪੱਧਰ ’ਤੇ ਨਜਿੱਠਣਾ ਹੈ। ਨਿਗਰਾਨੀ, ਪਰਖ਼ ਤੇ ਸਖ਼ਤੀ ਨਾਲ ਮਿਲਾਵਟ ਦੀਆਂ ਚਿੰਤਾਵਾਂ ਦਾ ਹੱਲ ਕੱਢ ਕੇ, ਐੱਫਐੱਸਐੱਸਏਆਈ ਖ਼ੁਰਾਕੀ ਸੁਰੱਖਿਆ ਅਤੇ ਭਾਰਤ ਦੇ ਖ਼ੁਰਾਕ ਉਦਯੋਗ ’ਚ ਖ਼ਪਤਕਾਰਾਂ ਦੇ ਭਰੋਸੇ ਨੂੰ ਕਾਇਮ ਰੱਖਣ ’ਚ ਅਹਿਮ ਰੋਲ ਅਦਾ ਕਰ ਸਕਦੀ ਹੈ।