ਮੁਗ਼ਲ ਕਾਲ ਤੋਂ ਹੋ ਰਿਹੈ ‘ਬਰਫ਼’ ਦਾ ਇਸਤੇਮਾਲ, ਅਮਰੀਕਾ ਤੋਂ ਹੁੰਦੀ ਸੀ ਸਪਲਾਈ

‘ਬਰਫ਼’ ਸਿਰਫ਼ ਇਸ ਇਕ ਸ਼ਬਦ ਨਾਲ ਸਾਨੂੰ ਗਰਮੀ ਦੇ ਮੌਸਮ ‘ਚ ਰਾਹਤ ਮਿਲਦੀ ਹੈ। ਨਾਂ ਸੁਣਦਿਆਂ ਹੀ ਸਰੀਰ ਨੂੰ ਠੰਢਕ ਮਹਿਸੂਸ ਹੁੰਦੀ ਹੈ। ਅੱਜ ਦੇ ਸਮੇਂ ਬਰਫ਼ ਜੀਵਨ ਬਚਾਉਣ ਦਾ ਕੰਮ ਕਰਦੀ ਹੈ। ਪਰ ਕੀ ਤੁਸੀਂ ਕਦੇ ਉਸ ਬਰਫ਼ ਦੀ ਕਹਾਣੀ ਬਾਰੇ ਸੋਚਿਆ ਹੈ ਜਿਸਦੀ ਵਰਤੋਂ ਤੁਸੀਂ ਪਾਣੀ, ਸ਼ਰਬਤ, ਲੱਸੀ, ਠੰਢੇ ਤੇ ਕੋਲਡ ਡਰਿੰਕਸ ‘ਚ ਕਰਦੇ ਹੋ? ਅੱਜ ਹਰ ਘਰ ‘ਚ ਫਰਿੱਜ ਰਾਹੀਂ ਬਰਫ਼ ਉਪਲਬਧ ਹੈ। ਗਲ਼ੀ-ਗ਼ਲੀ ‘ਚ ਤੁਹਾਨੂੰ ਬਰਫ਼ ਵਿਕਦੀ ਹੋਈ ਮਿਲ ਜਾਂਦੀ ਹੈ। ਪਰ ਇਕ ਸਮਾਂ ਸੀ ਜਦੋਂ ਬਰਫ਼ ਸਿਰਫ਼ ਅਮੀਰਾਂ ਤਕ ਹੀ ਸੀਮਤ ਸੀ। ਪਹਿਲੇ ਸਮਿਆਂ ‘ਚ ਬਰਫ਼ ਇੱਕ ਲਗਜ਼ਰੀ ਵਸਤੂ ਸਮਝੀ ਜਾਂਦੀ ਸੀ, ਵਿਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਸੀ।ਸੰਨ 1833 ‘ਚ ‘ਦਿ ਕਲਿਪਰ ਟਸਕਨੀ’ ਨਾਮੀ ਜਹਾਜ਼ ਵੱਡੀ ਮਾਤਰਾ ‘ਚ ਬਰਫ਼ ਲੈ ਕੇ ਅਮਰੀਕਾ ਦੇ ਬੋਸਟਨ ਸ਼ਹਿਰ ਤੋਂ ਕੋਲਕਾਤਾ ਪਹੁੰਚਿਆ।

ਇਸ ਜਹਾਜ਼ ‘ਚ 180 ਟਨ ਬਰਫ ਲੱਦੀ ਸੀ ਤੇ 4 ਮਹੀਨਿਆਂ ਬਾਅਦ ਕੋਲਕਾਤਾ ਪਹੁੰਚੇ ਜਹਾਜ਼ ‘ਚੋਂ ਕਰੀਬ 100 ਟਨ ਬਰਫ ਕੱਢੀ ਗਈ ਸੀ। ਇਹ ਬਰਫ਼ ਜੰਮੀਆਂ ਝੀਲਾਂ ਤੇ ਨਦੀਆਂ ‘ਚੋਂ ਕੱਢੀ ਜਾਂਦੀ ਸੀ। ਇਸ ਬਰਫ਼ ਨੂੰ ਅਮਰੀਕਾ ਤੋਂ ਭਾਰਤ ਲੱਕੜ ਦੇ ਬੁਰਾਦੇ ਨਾਲ ਲਪੇਟ ਕੇ ਲਿਆਂਦਾ ਗਿਆ ਸੀ ਤਾਂ ਜੋ ਬਰਫ਼ ਨਾ ਪਿਘਲੇ। ਬਰਫ਼ ਨੂੰ ਬਚਾਉਣ ਲਈ ਕੋਲਕਾਤਾ ‘ਚ ਬਰਫ਼ ਜਮਾਉਣ ਲਈ ‘ਆਈਸ ਹਾਊਸ’ ਬਣਾਏ ਗਏ ਸਨ। ਉਂਝ, ਮੁਗ਼ਲ ਕਾਲ ਦੌਰਾਨ ਵੀ ਭਾਰਤ ‘ਚ ਬਰਫ਼ ਦਾ ਇਸਤੇਮਾਲ ਹੁੰਦਾ ਸੀ। ਉਸ ਸਮੇਂ ਹਾਥੀਆਂ ‘ਤੇ ਲੱਦ ਕੇ ਹਿਮਾਲਿਆ ਤੋਂ ਬਰਫ਼ ਲਿਆਂਦੀ ਜਾਂਦੀ ਸੀ। ਬਰਫ਼ ਨੂੰ ਜੂਟ ਦੇ ਕੱਪੜੇ ਤੇ ਲੱਕੜ ਦੇ ਬੁਰਾਦੇ ਨਾਲ ਢਕ ਕੇ ਲਿਆਂਦਾ ਜਾਂਦਾ ਸੀ। ਫਿਰ ਵੀ ਜਦੋਂ ਤਕ ਇਹ ਹਿਮਾਲਿਆ ਤੋਂ ਆਗਰਾ ਪਹੁੰਚਦੀ ਸੀ, ਬਰਫ਼ ਦੀ ਸਿੱਲੀ ਕਾਫੀ ਛੋਟੀ ਰਹਿ ਜਾਂਦੀ ਸੀ।

ਸਾਂਝਾ ਕਰੋ

ਪੜ੍ਹੋ