ਭਾਰਤੀ ਪੁਰਸ਼ ਟੀਮ ਨੇ ਸੋਨ ਤਗ਼ਮਾ ਜਿੱਤਿਆ

ਭਾਰਤੀ ਪੁਰਸ਼ ਰਿਕਰਵ ਟੀਮ ਦੇ ਧੀਰਜ ਬੋਮਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨੇ ਮੌਜੂਦਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਪਛਾੜਦਿਆਂ ਅੱਜ ਇੱਥੇ 14 ਸਾਲ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ। ਇਹ ਵਿਸ਼ਵ ਕੱਪ ਦੇ ਅੰਤਿਮ ਮੁਕਾਬਲੇ ਵਿੱਚ ਭਾਰਤੀ ਪੁਰਸ਼ ਰਿਕਰਵ ਟੀਮ ਦੀ ਪਹਿਲੀ ਜਿੱਤ ਹੈ ਅਤੇ ਇਸ ਨਾਲ ਆਗਾਮੀ ਪੈਰਿਸ ਓਲੰਪਿਕ ਵਿੱਚ ਜਗ੍ਹਾ ਪੱਕੀ ਕਰਨ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਮਿਲੇਗਾ। ਧੀਰਜ, ਤਰੁਣਦੀਪ ਅਤੇ ਪ੍ਰਵੀਨ ਦੀ ਤਿੱਕੜੀ ਨੇ ਇੱਕ ਵੀ ਸੈੱਟ ਗੁਆਏ ਬਿਨਾਂ ਬੇਹੱਦ ਮਜ਼ਬੂਤ ਕੋਰਿਆਈ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਸੈਨਾ ਦਾ 40 ਸਾਲਾ ਤਰੁਣਦੀਪ ਅਗਸਤ 2010 ਵਿੱਚ ਸ਼ੰਘਾਈ ਵਿਸ਼ਵ ਕੱਪ ਦੇ ਚੌਥੇ ਰਾਊਂਡ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਦੋਂ ਰਾਹੁਲ ਬੈਨਰਜੀ, ਤਰੁਣਦੀਪ ਅਤੇ ਜੈਯੰਤ ਦੀ ਰਿਕਰਵ ਟੀਮ ਨੇ ਜਾਪਾਨ ਨੂੰ ਹਰਾਇਆ ਸੀ। ਸਿਖਰਲੀਆਂ ਦੋ ਦਰਜਾ ਪ੍ਰਾਪਤ ਟੀਮਾਂ ਦੇ ਮੁਕਾਬਲੇ ਵਿੱਚ ਭਾਰਤ ਨੇ 5-1 (57-57, 57-55, 55-53) ਨਾਲ ਜਿੱਤ ਦਰਜ ਕੀਤੀ। ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਗ਼ਮਾ ਹੈ।

ਇਸ ਸ਼ਾਨਦਾਰ ਸਫ਼ਲਤਾ ਮਗਰੋਂ ਅੰਕਿਤਾ ਭਗਤ ਅਤੇ ਧੀਰਜ ਦੀ ਰਿਕਰਵ ਮਿਕਸਡ ਟੀਮ ਨੇ ਵੀ ਕਾਂਸੇ ਦਾ ਤਗ਼ਮਾ ਜਿੱਤ ਕੇ ਭਾਰਤੀ ਦਲ ਦੀ ਖੁਸ਼ੀ ’ਚ ਵਾਧਾ ਕੀਤਾ। ਭਾਰਤੀ ਜੋੜੀ ਨੇ ਮੈਕਸੀਕੋ ਦੀ ਅਲੈਗਜ਼ਾਂਦਰਾ ਵੇਲੇਂਸ਼ਿਆ ਅਤੇ ਮਟਿਯਾਸ ਗਰਾਂਡੇ ਦੀ ਜੋੜੀ ਨੂੰ 6-0 (35-31, 38-35, 39-37) ਨਾਲ ਹਰਾਇਆ। ਤਜਰਬੇਕਾਰ ਨਿਸ਼ਾਨੇਬਾਜ਼ ਦੀਪਿਕਾ ਕੁਮਾਰੀ ਮਹਿਲਾ ਰਿਕਰਵ ਦੇ ਵਿਅਕਤੀਗਤ ਫਾਈਨਲ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਦਿਖਾ ਸਕੀ। ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਫਾਈਨਲ ਵਿੱਚ ਦੀਪਿਕਾ ਹਾਂਗਜ਼ੂ ਏਸ਼ਿਆਈ ਖੇਡਾਂ ਦੀ ਚੈਂਪੀਅਨ ਲਿਮ ਸਿਹਯੋਨ ਤੋਂ ਸਿੱਧੇ ਸੈੱਟਾਂ ਵਿੱਚ 6-0 (26-27, 27-29, 27-28) ਨਾਲ ਹਾਰ ਗਈ। ਭਾਰਤ ਨੇ ਇਸ ਵਿਸ਼ਵ ਕੱਪ ਮੁਕਾਬਲੇ ਵਿੱਚ ਪੰਜ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੇ ਸਣੇ ਕੁੱਲ ਅੱਠ ਤਗ਼ਮੇ ਜਿੱਤੇ। ਭਾਰਤ 231 ਅੰਕਾਂ ਨਾਲ ਹੁਣ ਵਿਸ਼ਵ ਰੈਂਕਿੰਗ ਵਿੱਚ ਚੀਨ (241) ਅਤੇ ਸਿਖਰ ’ਤੇ ਕਾਬਜ਼ ਦੱਖਣੀ ਕੋਰੀਆ (340) ਮਗਰੋਂ ਤੀਜੇ ਸਥਾਨ ’ਤੇ ਹੈ।

ਸਾਂਝਾ ਕਰੋ

ਪੜ੍ਹੋ