ਸਾਡੀ ਵਿਰਾਸਤ ਵਿੱਚ ਵੇਦਾਂ ਦਾ ਬਹੁਤ ਮਹੱਤਵ ਹੈ। ਪੁਸਤਕ ‘ਵੈਦਿਕ ਸੰਸਕ੍ਰਿਤੀ: ਇੱਕ ਜਾਣ ਪਛਾਣ’ (ਲੇਖਕ: ਸੁਰਿੰਦਰ ਸ਼ਰਮਾ ਨਾਗਰਾ; ਕੀਮਤ: 395 ਰੁਪਏ; ਨਵਰੰਗ ਪਬਲੀਕੇਸ਼ਨਜ਼ ਸਮਾਣਾ) ਪੰਜਾਬੀ ਵਿੱਚ ਨਿਵੇਕਲੀ ਪੁਸਤਕ ਹੈ। ਇਸ ਵਿਸ਼ੇ ਬਾਰੇ ਪੰਜਾਬੀ ਵਿੱਚ ਬਹੁਤ ਘੱਟ ਲਿਖਤਾਂ ਮਿਲਦੀਆਂ ਹਨ ਕਿਉਂਕਿ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਬੋਲਣ ਸਮਝਣ ਵਾਲੇ ਲੋਕ ਘੱਟ ਹਨ। ਕੁਝ ਸਕੂਲਾਂ ਵਿੱਚ ਸੰਸਕ੍ਰਿਤ ਦੀ ਸਿੱਖਿਆ ਚੋਣਵੇਂ ਵਿਸ਼ੇ ਵਜੋਂ ਦਿੱਤੀ ਜਾਂਦੀ ਹੈ। ਹਥਲੀ ਪੁਸਤਕ ਦੇ ਲੇਖਕ ਨੇ ਮਿਹਨਤ ਤੇ ਖੋਜ ਨਾਲ ਚਾਰ ਵੇਦਾਂ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਸੁਰਿੰਦਰ ਸ਼ਰਮਾ ਨੇ ਆਪਣੇ ਪਿੰਡ ਨਾਗਰਾ ਬਾਰੇ ਇੱਕ ਪੁਸਤਕ ਇਸ ਤੋਂ ਪਹਿਲਾਂ ਲਿਖੀ ਹੈ। ਅਖ਼ਬਾਰਾਂ ਵਿੱਚ ਉਹ ਸਮਕਾਲੀ ਵਿਸ਼ਿਆਂ ਬਾਰੇ ਕਲਮ ਚਲਾ ਰਿਹਾ ਹੈ। ਭਾਰਤੀ ਦਰਸ਼ਨ ਵਿੱਚ ਚਾਰ ਵੇਦ ਹਨ। ਰਿਗਵੇਦ, ਯਜਰਵੇਦ, ਸਮਵੇਦ, ਅਥਰਵੇਦ। ਲੇਖਕ ਨੇ ਪੁਸਤਕ ਦੇ ਪਹਿਲੇ 34 ਪੰਨਿਆਂ ’ਤੇ ਸੰਸਕ੍ਰਿਤ ਵਿਦਵਾਨਾਂ ਦੇ ਵਿਚਾਰ ਲਿਖੇ ਹਨ। ਪ੍ਰੋ. ਡੀ.ਡੀ. ਭੱਟੀ, ਡਾਇਰੈਕਟਰ, ਵੈਦਿਕ ਰਿਸਰਚ ਹਾਊਸ, ਅਗਰ ਨਗਰ, ਮਾਲੇਰਕੋਟਲਾ ਨੇ ਭੂਮਿਕਾ ਦੇ ਸ਼ਬਦ ਲਿਖੇ ਹਨ। ਵੈਦਿਕ ਸਾਹਿਤ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਤ ਹੈ। ਉਸ ਵੇਲੇ ਦਾ ਸਾਹਿਤ ਜਦੋਂ ਭਾਰਤ ਵਿੱਚ ਸੰਸਕ੍ਰਿਤ ਭਾਸ਼ਾ ਬੋਲੀ ਜਾਂਦੀ ਸੀ। ਹੋਰ ਭਾਸ਼ਾਵਾਂ ਦਾ ਆਗਮਨ ਨਹੀਂ ਸੀ ਹੋਇਆ। ਵੇਦ ਭਾਰਤੀ ਪਰੰਪਰਾ ਦੀ ਪੁਰਾਤਨਤਾ ਦੀ ਨਿਸ਼ਾਨੀ ਹਨ। ਪੰਜਾਬ ਵਿੱਚ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਵੀ ਵੇਦਾਂ ਦਾ ਜ਼ਿਕਰ ਕੀਤਾ ਹੈ। ਹਥਲੀ ਪੁਸਤਕ ਦੇ ਲੇਖਕ ਨੇ ਵੇਦਾਂ ਦੀ ਜਾਣਕਾਰੀ ਖੋਜ ਵਿਧੀ ਨਾਲ ਦਰਸਾਈ ਹੈ। ਇਸ ਨੂੰ ਪੜ੍ਹ ਕੇ ਸਾਧਾਰਨ ਪਾਠਕ ਵੀ ਵੇਦਾਂ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਵੇਦਾਂ ਦੀ ਲਿਖਤ ਗੁਰਮੁਖੀ ਹੋਣੀ ਚਾਹੀਦੀ ਹੈ। ਪੁਸਤਕ ਵਿੱਚ ਲੇਖਕ ਨੇ ਸੰਸਕ੍ਰਿਤ ਦਾ ਗੁਰਮੁਖੀ ਲਿਪੀਅੰਤਰਣ ਕੀਤਾ ਹੈ। ਪੁਸਤਕ ਪੰਜਾਬੀ ਪਾਠਕਾਂ ਨੂੰ ਵੈਦਿਕ ਸਾਹਿਤ ਨਾਲ ਜੋੜਦੀ ਹੈ।
ਇਸ ਪੁਸਤਕ ਵਿੱਚ ਸ੍ਰਿਸ਼ਟੀ ਦੀ ਰਚਨਾ ਤੋਂ ਗੱਲ ਸ਼ੁਰੂ ਕੀਤੀ ਗਈ ਹੈ। ਵੱਖ ਵੱਖ ਧਰਮਾਂ ਦੇ ਇਸ ਵਿਸ਼ੇ ’ਤੇ ਲਿਖੇ ਕਥਨ ਹਨ। ਲੇਖਕ ਨੇ ਸਿੰਧੂ ਘਾਟੀ ਸੱਭਿਅਤਾ, ਆਰੀਆ ਲੋਕਾਂ ਦਾ ਭਾਰਤ ਵਿੱਚ ਪ੍ਰਵੇਸ਼, ਸੰਸਕ੍ਰਿਤ ਭਾਸ਼ਾਂ ਦਾ ਪ੍ਰਚਲਣ, ਲੋਕ ਭਾਸ਼ਾ ਤੋਂ ਬ੍ਰਾਹਮਣ ਲੋਕਾਂ ਤੱਕ ਸੰਸਕ੍ਰਿਤ ਦਾ ਸਫਰ, ਵੇਦਾਂ ਦਾ ਰਚਨ ਕਾਲ, ਉਸ ਸਮੇਂ ਦੇ ਲੋਕਾਂ ਦੇ ਰਹਿਣ ਸਹਿਣ, ਲੋਕਾਂ ਦੀ ਧਾਰਮਿਕ ਆਸਥਾ ਵਿੱਚ ਵੇਦਾਂ ਦਾ ਸੰਬੰਧ, ਵੇਦਾਂ ਵਿੱਚੋਂ ਕਈ ਸਲੋਕਾਂ ਦੇ ਪ੍ਰਸੰਗ, ਭਾਰਤੀ ਸੱਭਿਆਚਾਰ ਵਿੱਚ ਲੋਕਾਂ ਦਾ ਰਹਿਣ ਸਹਿਣ, ਰਸਮ-ਰਿਵਾਜ, ਵਿਆਹ, ਸੰਤਾਨ ਉਤਪਤੀ, ਸਿੱਖਿਆ, ਧਰਮ, ਰਾਜਨੀਤੀ, ਨਾਰੀ ਸਰੋਕਾਰ ਆਦਿ ਵਿਸ਼ਿਆਂ ਦਾ ਬਿਰਤਾਂਤ ਵੇਦਾਂ ਦੇ ਹਵਾਲੇ ਨਾਲ ਹੈ। ਵੇਦਾਂ ਦੇ ਸਿਰਜਕ ਬ੍ਰਹਮਾ ਜੀ ਮੰਨੇ ਜਾਂਦੇ ਹਨ। ਰਿਸ਼ੀ ਮੁਨੀ ਤਾਂ ਜ਼ਰੀਆ ਬਣੇ ਹਨ। ਪੁਸਤਕ ਵਿੱਚ ਸਮੱਗਰੀ ਨੂੰ ਤਰਤੀਬ ਦੇਣ ਵੇਲੇ ਸੱਭਿਅਤਾਵਾਂ, ਸੰਸਕ੍ਰਿਤ ਭਾਸ਼ਾ, ਵੇਦ ਰਚਨਾ ਕਿਉਂ, ਰਿਗਵੇਦ ਦੀਆ ਵਿਸ਼ੇਸ਼ਤਾਵਾਂ, ਰਿਗਵੇਦ, ਰਿਗਵੇਦ ਦੀ ਸਾਹਿਤਕ ਮਹੱਤਤਾ, ਯਜਰਵੇਦ, ਸਾਮਵੇਦ, ਅਥਰਵੇਦ, ਅਜੋਕੇ ਸਮੇਂ ਵਿੱਚ ਵੇਦਾਂ ਦਾ ਮਹੱਤਵ – ਕੁੱਲ 10 ਮੁੱਖ ਸਿਰਲੇਖ ਹਨ। ਹਰੇਕ ਸਿਰਲੇਖ ਦੇ ਉਪ ਸਿਰਲੇਖ ਹਨ। ਹਰੇਕ ਵਿਸ਼ੇ ਦੀ ਅਧਿਆਤਮਕ ਪੱਖ ਤੋਂ ਵਿਸਥਾਰ ਸਹਿਤ ਜਾਣਕਾਰੀ ਹੈ।
ਇਸ ਪੁਸਤਕ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਦੇ ਕਈ ਪੱਖਾਂ ਜਿਵੇਂ ਸ਼ਹਿਰੀ ਜੀਵਨ, ਆਰਥਿਕ ਪ੍ਰਬੰਧ, ਖੇਤੀ, ਪਸ਼ੂ ਪਾਲਣ, ਉਦਯੋਗ, ਰਾਜਨੀਤਕ ਜੀਵਨ, ਧਾਰਮਿਕ ਜੀਵਨ ਆਦਿ ਦੀ ਜਾਣਕਾਰੀ ਹੈ। ਇਸ ਵਿੱਚ ਉਪਨਿਸ਼ਦਾਂ ਦੀ ਘੋਖਵੀਂ ਜਾਣਕਾਰੀ ਹੈ। ਮਹਾਂਕਾਵਿ ਰਾਮਾਇਣ ਦੇ 24000 ਸਲੋਕ ਹਨ। ਕੁੱਲ 7 ਕਾਂਡ ਹਨ। ਰਾਜਾ ਵਿਕਰਮਾਦਿਤ ਦੇ ਸਮੇਂ ਸੰਸਕ੍ਰਿਤ ਰਾਜ ਭਾਸ਼ਾ ਸੀ। ਹੌਲੀ ਹੌਲੀ ਇਹ ਭਾਸ਼ਾ ਲੋਕਾਂ ਤੋਂ ਦੂਰ ਹੁੰਦੀ ਗਈ ਅਤੇ ਬ੍ਰਾਹਮਣ ਵਰਗ ਦੀ ਭਾਸ਼ਾ ਬਣ ਗਈ। ‘ਵੇਦਾਂ ਦੀ ਲੋੜ ਕਿਉਂ ਪਈ?’ ਬਾਰੇ ਵੀ ਪੁਸਤਕ ਵਿੱਚ ਸਾਰਥਕ ਵਿਚਾਰ ਹਨ। ਵੈਦਿਕ ਸਾਹਿਤ ਦੇ ਸਿਧਾਂਤ ਹਨ। ਇਸ ਤੋਂ ਇਲਾਵਾ ਰਿਗਵੇਦ ਦੀਆਂ ਵਿਸ਼ੇਸ਼ਤਾਵਾਂ, ਸੋਮਰਸ, ਮਨੋਰੰਜਨ ਦੇ ਸਾਧਨ, ਵਿਆਹ ਦੀਆਂ ਕਿਸਮਾਂ, ਮਰਦ ਔਰਤ ਸੰਬੰਧ, ਨਾਰੀ ਮਸਲੇ, ਆਸ਼ਰਮ ਸਿਧਾਂਤ, ਜੀਵਨ ਸੰਸਕਾਰ, ਮਨੁੱਖ ਵਿੱਚ ਤਿਆਗ ਦੀ ਭਾਵਨਾ, ਪੁਨਰ ਜਨਮ, ਰਾਜਨੀਤੀ, ਸੂਰਜ ਚੰਦਰਮਾ ਵਿਭਿੰਨ ਦੇਵਤਿਆਂ ਦਾ ਜ਼ਿਕਰ ਹੈ। ਭਾਗਵਤ ਪੁਰਾਣ ਬਾਰੇ ਜਾਣਕਾਰੀ ਹੈ। ਰਿਗਵੇਦ ਬਾਰੇ ਜਾਣਕਾਰੀ 25 ਪੰਨਿਆਂ ਦੀ ਹੈ। ਸਾਰੀ ਵੇਦ ਰਚਨਾ ਦਾ ਮੰਤਵ ਮਨੁੱਖਤਾ ਦਾ ਕਲਿਆਣ ਹੈ। ਉਸ ਸਮੇਂ ਦਾ ਸਮੁੱਚਾ ਜੀਵਨ ਹੁਣ ਦੇ ਸਮੇਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਸੀ। ਵਰਤਮਾਨ ਸਮੇਂ ਬਹੁਤ ਤਬਦੀਲੀਆਂ ਆਉਣ ਅਤੇ ਵਿਗਿਆਨ ਦਾ ਪਸਾਰਾ ਹੋਣ ਨਾਲ ਪੁਸਤਕ ਦੇ ਸਿਧਾਂਤ ਵੀ ਸਮਕਾਲੀ ਸਮਾਜ ਤੋਂ ਵੱਖਰੇ ਜਿਹੇ ਮਹਿਸੂਸ ਹੁੰਦੇ ਹਨ ਖ਼ਾਸਕਰਕੇ ਦੇਵਤਿਆਂ ਬਾਰੇ ਗੱਲਾਂ। ਦਰਅਸਲ, ਅਜੋਕਾ ਗਿਆਨ ਵੇਦਾਂ ਦੇ ਸਮੇਂ ਨਾਲੋਂ ਬਦਲ ਚੁੱਕਾ ਹੈ। ਉਸ ਵੇਲੇ ਦਾ ਮਨੁੱਖ ਬ੍ਰਹਿਮੰਡ ਦੀ ਪੂਜਾ ਕਰਿਆ ਕਰਦਾ ਸੀ।
ਵਿਗਿਆਨ ਨੇ ਕੁਦਰਤ ਦੇ ਕਈ ਭੇਤ ਖੋਲ੍ਹ ਦਿੱਤੇ ਹਨ। ਯਜੁਰਵੇਦ ਦੇ ਕਾਂਡ ਵਿੱਚ ਯੱਗ ਤੇ ਹਵਨ ਦੀ ਚਰਚਾ ਹੈ। ਸਮਵੇਦ ਦਾ ਸਬੰਧ ਸੰਗੀਤ ਤੇ ਕਲਾ ਨਾਲ ਹੈ। ਸਮਵੇਦ ਵਿੱਚ 1875 ਮੰਤਰ ਹਨ। ਇਨ੍ਹਾਂ ਵਿੱਚੋਂ 1504 ਮੰਤਰ ਰਿਗਵੇਦ ਵਿੱਚੋਂ ਲਏ ਗਏ ਹਨ। ਸਬੰਧਿਤ ਸਲੋਕਾਂ ਦਾ ਲਿਪੀਅੰਤਰਣ ਹੈ। ਵੇਦਾਂ ਦੇ ਅਜੋਕੇ ਸਮੇਂ ’ਚ ਮਹੱਤਵ ਬਾਰੇ ਵਿਚਾਰ ਦਿਲਚਸਪ ਹਨ। ਜੀਵਨ ਦੇ ਨੈਤਿਕ ਮੁੱਲਾਂ ਬਾਰੇ ਵਿਚਾਰ ਮੁੱਲਵਾਨ ਹਨ ਜਿਨ੍ਹਾਂ ਦੀ ਅੱਜ ਵੀ ਸਾਰਥਿਕਤਾ ਹੈ। ਪੁਸਤਕ ਬਾਰੇ ਉੱਘੇ ਚਿੰਤਕ ਡਾ. ਹਰਪਾਲ ਸਿੰਘ ਪੰਨੂੰ ਨੇ ਲਿਖਿਆ ਹੈ ਕਿ ਵੇਦ ਪੰਜਾਬੀਆਂ ਦਾ ਰੂਹਾਨੀ ਸਰਮਾਇਆ ਹਨ। ਮੈਕਸਮੂਲਰ ਨੇ ਰਿਗਵੇਦ ਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ। ਇਹ ਪੁਸਤਕ ਪੁਰਾਤਨ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਦਾ ਉੱਤਮ ਸਰੋਤ ਹੈ। ਅੰਤ ਵਿੱਚ ਕੁਝ ਹਵਾਲਾ ਪੁਸਤਕਾਂ ਦੀ ਸੂਚੀ ਦਿੱਤੀ ਹੈ।