ਮਾਲਦੀਵ ਚੋਣਾਂ

ਮਾਲਦੀਵ ਵਿੱਚ ਹੋਈਆਂ ਪਾਰਲੀਮਾਨੀ (ਮਜਲਿਸ) ਚੋਣਾਂ ਨੇ ਹਿੰਦ ਮਹਾਸਾਗਰੀ ਖੇਤਰ ਅੰਦਰ ਹਲਚਲ ਪੈਦਾ ਕੀਤੀ ਹੈ। ਇਨ੍ਹਾਂ ਦੇ ਨਤੀਜੇ ਵਿਸ਼ੇਸ਼ ਤੌਰ ’ਤੇ ਭਾਰਤ ਦੇ ਰਣਨੀਤਕ ਹਿੱਤਾਂ ਦੇ ਪੱਖ ਤੋਂ ਚਿੰਤਾਜਨਕ ਹਨ। ਖਿੱਤੇ ਦੇ ਲਗਾਤਾਰ ਬਦਲ ਰਹੇ ਭੂ-ਰਾਜਸੀ ਮਾਹੌਲ ’ਚ ਇਹ ਚੋਣਾਂ ਮਹੱਤਵਪੂਰਨ ਮੋੜ ਸਾਬਿਤ ਹੋ ਸਕਦੀਆਂ ਹਨ। ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ (ਪੀਐੱਨਸੀ) ਦੀ ਜ਼ਬਰਦਸਤ ਜਿੱਤ ਮਾਲਦੀਵ ਦੇ ਕੌਮਾਂਤਰੀ ਗੱਠਜੋੜਾਂ ’ਤੇ ਅਸਰ ਪਾ ਸਕਦੀ ਹੈ, ਖ਼ਾਸ ਤੌਰ ’ਤੇ ਚੀਨ ਨਾਲ ਬਣ ਰਹੇ ਇਸ ਦੇ ਕਰੀਬੀ ਰਿਸ਼ਤਿਆਂ ਉੱਤੇ। ਮਾਲਦੀਵ ਦੀ ਚੀਨ ਨਾਲ ਨੇੜਤਾ ਮੁਇਜ਼ੂ ਦੀ ਭਾਰਤ ਵਿਰੋਧੀ ਬਿਆਨਬਾਜ਼ੀ ਦੇ ਨਾਲੋ-ਨਾਲ ਵਧੀ ਹੈ ਤੇ ਉਸ ਦੇ ਪ੍ਰਸ਼ਾਸਨ ਨੇ ਪੇਈਚਿੰਗ ਨਾਲ ਆਰਥਿਕ ਸਹਿਯੋਗ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ। ਇਸ ਦੀ ਉਦਾਹਰਨ ਚੀਨੀ ਕੰਪਨੀਆਂ ਨੂੰ ਉਸਾਰੀ ਦੇ ਵੱਡੇ ਪ੍ਰਾਜੈਕਟ ਦੇਣਾ ਹੈ। ਇਹ ਫ਼ੈਸਲਾਕੁਨ ਜਿੱਤ ਮੁਇਜ਼ੂ ਨੂੰ ਚੀਨ ਪੱਖੀ ਏਜੰਡਾ ਅੱਗੇ ਵਧਾਉਣ ਦੀ ਰਾਜਸੀ ਤਾਕਤ ਦੇਵੇਗੀ, ਉਹੀ ਏਜੰਡਾ ਜਿਸ ਦਾ ਉਹ ਪਿਛਲੇ ਸਾਲ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਲਗਾਤਾਰ ਪਿੱਛਾ ਕਰ ਰਹੇ ਹਨ। ਇਹ ਚੋਣਾਂ ਮਾਲਦੀਵੀਅਨ ਡੈਮੋਕਰੈਟਿਕ ਪਾਰਟੀ (ਐੱਮਡੀਪੀ) ਦੇ ਦਬਦਬੇ ਦਾ ਵੀ ਅੰਤ ਹੈ ਜਿਸ ਨੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ ਦੀ ਅਗਵਾਈ ਹੇਠ ਮਾਲਦੀਵ ਸਰਕਾਰ ਦਾ ਝੁਕਾਅ ਭਾਰਤ ਵੱਲ ਰੱਖਿਆ ਸੀ। ਇਹ ਚੋਣ ਨਤੀਜੇ ਭਾਰਤ ਲਈ ਮਾਲਦੀਵ ਨਾਲ ਦੁਵੱਲੇ ਸਬੰਧਾਂ ਦੇ ਪੱਖ ਤੋਂ ਚੁਣੌਤੀਪੂਰਨ ਹਨ। ਦੇਖਿਆ ਜਾਵੇ ਤਾਂ ਮਾਲਦੀਪ ਅਤੇ ਭਾਰਤ ਦੇ ਰਾਹ ਇਸ ਸਾਲ ਜਨਵਰੀ ਵਿਚ ਉਦੋਂ ਹੀ ਵੱਖ-ਵੱਖ ਹੋ ਗਏ ਸਨ ਜਦੋਂ ਮੁਇਜ਼ੂ ਨੇ ਮਾਲਦੀਵ ਦੀ ਧਰਤੀ ’ਤੇ ਭਾਰਤੀ ਸੈਨਿਕਾਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਸੀ।

ਭਾਰਤ ਨੇ ਇਸ ਘਟਨਾਕ੍ਰਮ ਪ੍ਰਤੀ ਜੋ ਰੱਦੇਅਮਲ ਦਿਖਾਇਆ, ਉਹ ਕਾਫ਼ੀ ਤਹੱਮਲ ਭਰਿਆ ਹੈ ਅਤੇ ਰਣਨੀਤਕ ਚੌਕਸੀ ਦੇ ਨਾਲ-ਨਾਲ ਕੂਟਨੀਤਕ ਰਾਬਤਾ ਕਾਇਮ ਰੱਖਿਆ ਜਾ ਰਿਹਾ ਹੈ। ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈਸ਼ੰਕਰ ਨੇ ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਸਬੰਧਾਂ ਅਤੇ ਭੂਗੋਲਕ ਨੇੜਤਾ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ ਹੈ। ਹੁਣ ਭਾਰਤ ਨੂੰ ਆਪਣੇ ਹਿੱਤਾਂ ਦੀ ਸੁਰੱਖਿਆ ਦੀ ਖਾਤਿਰ ਆਪਣੇ ਸਬੰਧਾਂ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਲੋੜ ਵੀ ਪਵੇਗੀ। ਮਾਲਦੀਵ ਨੂੰ ਜ਼ਰੂਰੀ ਵਸਤਾਂ ਦੀਆਂ ਬਰਾਮਦਾਂ ਉੱਪਰ ਪਿਛਲੇ ਹਫ਼ਤੇ ਬੰਦਰਗਾਹ ਦੀਆਂ ਬੰਦਿਸ਼ਾਂ ਆਇਦ ਕੀਤੇ ਜਾਣ ਤੋਂ ਇਸ਼ਾਰਾ ਮਿਲਦਾ ਹੈ ਕਿ ਬਦਲ ਰਹੇ ਭੂ-ਰਾਜਸੀ ਹਾਲਾਤ ਪ੍ਰਤੀ ਭਾਰਤ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆ ਸਕਦੀ ਹੈ। ਇੱਕ ਪਾਸੇ ਇਸ ਖਿੱਤੇ ਵਿੱਚ ਚੀਨ ਆਪਣਾ ਪ੍ਰਭਾਵ ਵਧਾਉਣ ਲਈ ਪੂਰਾ ਟਿੱਲ ਲਾ ਰਿਹਾ ਹੈ; ਦੂਜੇ ਪਾਸੇ, ਅਮਰੀਕਾ ਆਪਣੀ ਰਣਨੀਤੀ ਇਸ ਢੰਗ ਨਾਲ ਤਿਆਰ ਕਰਦਾ ਜਾਪਦਾ ਹੈ ਜਿਸ ਤਹਿਤ ਚੀਨ ਦੇ ਪ੍ਰਸੰਗ ਵਿਚ ਭਾਰਤ ਨੂੰ ਹੁਲਾਰਾ ਦਿੱਤਾ ਜਾ ਸਕੇ। ਕਈ ਖੇਤਰਾਂ ਅਤੇ ਮਾਮਲਿਆਂ ਵਿਚ ਚੀਨ ਨੇ ਅਮਰੀਕਾ ਨੂੰ ਵੱਡੀਆਂ ਚੁਣੌਤੀਆਂ ਦਿੱਤੀਆਂ ਹਨ। ਰੂਸ-ਚੀਨ ਦੋਸਤੀ ਅਤੇ ਭਾਰਤ ਦਾ ਰੂਸ ਵੱਲ ਨਰਮ ਰਵੱਈਆ ਵੀ ਅਮਰੀਕਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਖਿੱਤੇ ਦੇ ਹਿਸਾਬ ਨਾਲ ਮਾਲਦੀਵ ਛੋਟਾ ਮੁਲਕ ਹੈ ਅਤੇ ਚੀਨ ਨਾਲ ਆਪਣੇ ਰਿਸ਼ਤਿਆਂ ’ਤੇ ਜਿ਼ਆਦਾ ਟੇਕ ਰੱਖਣ ਕਰ ਕੇ ਭਾਰਤ ਨਾਲ ਸਬੰਧ ਖਰਾਬ ਕਰਨ ਨਾਲ ਇਸ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇਲਾਕਾਈ ਸਥਿਰਤਾ ਅਤੇ ਸੁਰੱਖਿਆ ਦਾ ਚੌਖਟਾ ਤਿਆਰ ਕਰਨ ਵਾਸਤੇ ਖਿੱਤੇ ਦੇ ਮੁਲਕਾਂ ਵਿਚਕਾਰ ਗੁਆਂਢੀਆਂ ਦਰਮਿਆਨ ਉਸਾਰੂ ਰਾਬਤੇ ਨੂੰ ਹੱਲਾਸ਼ੇਰੀ ਦੇਣਾ ਬਹੁਤ ਜ਼ਰੂਰੀ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...