ਕਸ਼ਮੀਰ ’ਚੋਂ ਭਾਜਪਾ ਭੱਜੀ

400 ਪਾਰ ਦਾ ਨਾਅਰਾ ਲਾਉਣ ਤੇ ਕਸ਼ਮੀਰ ਵਿਚ ਅਮਨ-ਅਮਾਨ ਕਰਨ ਦਾ ਦਾਅਵਾ ਕਰਨ ਵਾਲੀ ਭਾਜਪਾ ਦੱਖਣੀ ਕਸ਼ਮੀਰ ਵਿਚ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨ ਤੋਂ ਭੱਜ ਗਈ ਹੈ। ਇਸ ਸੀਟ ਤੋਂ 25 ਉਮੀਦਵਾਰ ਮੈਦਾਨ ਵਿਚ ਹਨ, ਪਰ ਭਾਜਪਾ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ। ਹੁਣ ਮੁੱਖ ਮੁਕਾਬਲਾ ਪੀ ਡੀ ਪੀ ਦੀ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਦੇ ਮੀਆਂ ਅਲਤਾਫ ਤੇ ‘ਅਪਨੀ ਪਾਰਟੀ’ ਦੇ ਜ਼ਫਰ ਇਕਬਾਲ ਮਨਹਾਸ ਵਿਚਾਲੇ ਹੋਵੇਗਾ। ਕਾਂਗਰਸ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਫੈਸਲੇ ਮੁਤਾਬਕ ਕਸ਼ਮੀਰ ਦੀਆਂ ਤਿੰਨੇਂ ਸੀਟਾਂ ਨਹੀਂ ਲੜ ਰਹੀ। ਧਾਰਾ 370 ਖਤਮ ਕਰਨ ਤੇ ਜੰਮੂ-ਕਸ਼ਮੀਰ ਸੂਬੇ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਨਾਂਅ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਦਲਣ ਤੋਂ ਬਾਅਦ ਵਿਵਾਦਗ੍ਰਸਤ ਹਲਕਾਬੰਦੀ, ਜਿਸ ਤਹਿਤ ਜੰਮੂ ਦੇ ਪੀਰ ਪੰਚਾਲ ਖੇਤਰ ਨੂੰ ਅਨੰਤਨਾਗ-ਰਾਜੌਰੀ ਸੀਟ ਨਾਲ ਮਿਲਾਇਆ ਗਿਆ, ਕਰਨ ਤੋਂ ਬਾਅਦ ਭਾਜਪਾ ਦਾ ਭੱਜਣਾ ਦੱਸਦਾ ਹੈ ਕਿ ਕਸ਼ਮੀਰ ਦੇ ਲੋਕਾਂ ਦੇ ਗੁੱਸੇ ਤੋਂ ਉਹ ਡਰੀ ਹੋਈ ਹੈ। ਕਸ਼ਮੀਰ ਵਿਚ ਭਾਜਪਾ ਦੇ ਪੈਰ ਜਮਾਉਣ ਲਈ ਕੇਂਦਰ ਸਰਕਾਰ ਨੇ ਪਹਾੜੀਆਂ ਨੂੰ ਅਨੁਸੂਚਿਤ ਕਬਾਇਲੀ ਕੈਟਾਗਰੀ ਵਿਚ ਵੀ ਸ਼ਾਮਲ ਕੀਤਾ। ਪਹਾੜੀ ਬਹੁਤੇ ਮੁਸਲਮਾਨ ਹਨ ਤੇ ਨਵੀਂ ਬਣਾਈ ਸੀਟ ਅਨੰਤਨਾਗ-ਰਾਜੌਰੀ ਵਿਚ ਇਨ੍ਹਾਂ ਦੀ ਗਿਣਤੀ ਇਕ-ਚੁਥਾਈ ਹੈ। ਭਾਜਪਾ ਨੇ ਸੀਟ ਜਿੱਤਣ ਦੀ ਰਣਨੀਤੀ ਤਹਿਤ ਇਨ੍ਹਾਂ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤਾ। ਹੁਣ ਭਾਜਪਾ ਆਪਣੀ ਦੋਸਤ ‘ਅਪਨੀ ਪਾਰਟੀ’ ਦੇ ਉਮੀਦਵਾਰ ਮਨਹਾਸ, ਜੋ ਕਿ ਪਹਾੜੀ ਹਨ, ਦੀ ਹਮਾਇਤ ਕਰੇਗੀ।

ਇਸ ਤਰ੍ਹਾਂ ਲੁਕਵੀਂ ਲੜਾਈ ਲੜੇਗੀ। ਕਸ਼ਮੀਰੀ ਪੰਡਤ ਭਾਈਚਾਰੇ ਦੀ ਵਕੀਲ ਦੀਪਿਕਾ ਪੁਸ਼ਕਰ ਨਾਥ ਦਾ ਕਹਿਣਾ ਹੈ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਪਰ ਕਸ਼ਮੀਰ ਵਿਚ ਚੋਣਾਂ ਲੜਨ ਤੋਂ ਭੱਜ ਗਈ ਹੈ। ਇਹ ਸਾਬਤ ਕਰਦਾ ਹੈ ਕਿ ਸੂਬੇ ਨੂੰ ਦੋ ਟੋਟਿਆਂ ਵਿਚ ਵੰਡਣ ਤੋਂ ਬਾਅਦ ਹਾਲਾਤ ਆਮ ਵਰਗੇ ਕਰ ਦੇਣ ਦਾ ਉਸ ਦਾ ਦਾਅਵਾ ਜੁਮਲਾ ਹੀ ਹੈ। ਭਾਜਪਾ ਹੀ ਨਹੀਂ ਭੱਜੀ, ਉਸ ਦੇ ਸਾਥੀ ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਵੀ ਅਨੰਤਨਾਗ-ਰਾਜੌਰੀ ਤੋਂ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਭੱਜ ਗਏ ਹਨ। ਦਰਅਸਲ ਉਨ੍ਹਾ ਨੂੰ ਇਹ ਲੱਗਿਆ ਹੈ ਕਿ ਉਹ ਖੜ੍ਹੇ ਰਹੇ ਤਾਂ ਅਪਨੀ ਪਾਰਟੀ ਦੇ ਵੋਟ ਟੁੱਟਣਗੇ। ਉਜ ਤਾਂ ਭਾਜਪਾ ਦੇ ਕਸ਼ਮੀਰ ਦੇ ਚੋਣ ਮੈਦਾਨ ਤੋਂ ਭੱਜਣ ਦਾ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗਏ ਸਨ, ਜਦੋਂ ਉਨ੍ਹਾ ਕਿਹਾ ਸੀ ਕਿ ਕਸ਼ਮੀਰ ਵਿਚ ਕਮਲ ਉਦੋਂ ਖਿੜੇਗਾ, ਜਦੋਂ ਪਾਰਟੀ ਕਸ਼ਮੀਰੀਆਂ ਦੇ ਦਿਲ ਜਿੱਤ ਲਵੇਗੀ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਦੇਣ, ਪਰ ਫਾਰੂਕ ਸਾਹਿਬ, ਮਹਿਬੂਬਾ ਜੀ ਤੇ ਸੋਨੀਆ ਗਾਂਧੀ ਦੀਆਂ ਖਾਨਦਾਨੀ ਪਾਰਟੀਆਂ ਨੂੰ ਨਾ ਪਾਉਣ। ਕਸ਼ਮੀਰ ਦੀ ਵੱਡੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰ ਖੜ੍ਹੇ ਨਹੀਂ ਕਰ ਰਹੀ, ਪਰ ਉਹ ਮੈਦਾਨ ਵਿਚ ਜ਼ਰੂਰ ਹੈ। ਉਹ ਕਮਲ ਦੇ ਨਿਸ਼ਾਨ ’ਤੇ ਕਿਸੇ ਨੂੰ ਚੋਣ ਨਹੀਂ ਲੜਾ ਰਹੀ, ਸਗੋਂ �ਿਕਟ ਬੱਲੇ (ਅਪਨੀ ਪਾਰਟੀ ਦਾ ਚੋਣ ਨਿਸ਼ਾਨ) ਅਤੇ ਸੇਬ (ਪੀਪਲਜ਼ ਕਾਨਫਰੰਸ ਦਾ ਚੋਣ ਨਿਸ਼ਾਨ) ਵਾਲਿਆਂ ਦੀ ਹਮਾਇਤ ਕਰ ਰਹੀ ਹੈ। ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ ਦੀ ਵੀ ਭਾਜਪਾ ਨਾਲ ਆੜੀ ਹੈ। ਉਹ ਬਾਰਾਮੂਲਾ ਤੋਂ ਲੜ ਰਹੇ ਹਨ। ਭਾਜਪਾ ਦੇ ਕਸ਼ਮੀਰ ਦੇ ਚੋਣ ਮੈਦਾਨ ਤੋਂ ਭੱਜਣ ਤੋਂ ਸਾਫ ਹੈ ਕਿ ਉਸ ਦੀਆਂ ਨੀਤੀਆਂ ਕਸ਼ਮੀਰੀਆਂ ਦੇ ਦਿਲ ਨਹੀਂ ਜਿੱਤ ਸਕੀਆਂ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...