ਰੰਗ ਲਿਆਉਂਦੀ ਹੈ ਮਿਹਨਤ ਪ੍ਰੀਤਿਸ਼ ਨਰੂਲਾ

ਲੰਬੇ ਸੰਘਰਸ਼ ਤੋਂ ਬਾਅਦ ਜੇ ਕਿਸੇ ਕਲਾਕਾਰ ਨੂੰ ਸਫਲਤਾ ਮਿਲਦੀ ਹੈ ਤਾਂ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕੁਝ ਅਜਿਹਾ ਹੀ ਮੰਨਣਾ ਹੈ, ਪੰਜਾਬ ਦੇ ਸਟੈਂਡਅਪ ਕਾਮੇਡੀਅਨ ਪ੍ਰੀਤਿਸ਼ ਨਰੂਲਾ ਦਾ, ਜਿਨ੍ਹਾਂ ਨਾਲ ਪਿਛਲੇ ਦਿਨੀਂ ਉਨ੍ਹਾਂ ਦੇ ਕੰਮ ਤੇ ਹੋਰ ਯੋਜਨਾਵਾਂ ਬਾਰੇ ਵਿਸਥਾਰਤ ਗੱਲਬਾਤ ਹੋਈ। ਨਰੂਲਾ ਨੇ ਸਟੈਂਡਅਪ ਕਾਮੇਡੀ ਦੀ ਸਟੇਜ ’ਤੇ ਪੰਜਾਬੀ ਸਟਾਈਲ ਦਾ ਤਕੜਾ ਲੱਗਾ ਕੇ ਹਰ ਵਰਗ ਦੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਆਪਣੀਆਂ ਸ਼ਾਨਦਾਰ ਪ੍ਰਫਾਰਮੈਂਸਾਂ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਉਣ ਵਾਲੇ ਪ੍ਰੀਤਿਸ਼ ਨੇ ਕਾਫੀ ਅਰਸਾ ਆਪਣੀ ਕਲਾ ਨੂੰ ਨਿਖ਼ਾਰਨ ਵਿਚ ਲਾਇਆ ਤਾਂ ਹੁਣ ਉਹ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿਚ ਵੀ ਕਾਮੇਡੀ ਸ਼ੋਅਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਮੈਂ ਇਲੈਕਟ੍ਰਨਿਕਸ ਇੰਜੀਨਰਿੰਗ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਐੱਮਬੀਏ ਅਹਿਮਦਾਬਾਦ ਤੋਂ ਕੀਤੀ ਤੇ ਫਿਰ ਸਿਟੀ ਬੈਂਕ ਤੇ ਇਕ ਹੋਰ ਬੈਂਕਾਂ ਵਿਚ ਨੌਕਰੀ ਕੀਤੀ। ਖ਼ੁਦ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਪਰ ਕਿਤੇ ਨਾ ਕਿਤੇ ਸਟੇਜ ਕਰਨਾ ਚਾਹੁੰਦਾ ਸੀ ਤਾਂ ਫੁੱਲ ਟਾਈਮ ਕਾਮੇਡੀ ਸ਼ੁਰੂ ਕਰ ਦਿੱਤੀ। ਲਗਾਤਾਰ ਕੁਝ ਨਵਾਂ ਕਰਨ ਦੀ ਚਾਹਤ ਨੇ ਮੈਨੂੰ ਇਕ ਸ਼ਾਨਦਾਰ ਮੰਜ਼ਿਲ ਵੱਲ ਜਾਣ ਦਾ ਰਸਤਾ ਦਿਖਾਇਆ। ਇਸ ਲਈ ਮੈਂ ਹੁਣ ਉਸ ਰਸਤੇ ’ਤੇ ਅੱਗੇ ਵਧ ਰਿਹਾ ਹਾਂ।

ਮੈਂ ਸ਼ੁਰੂ ਤੋਂ ਹੀ ਆਪਣੀ ਸਕ੍ਰਿਪਟ ਖ਼ੁਦ ਲਿਖਦਾ ਹਾਂ। ਜੇ ਤੁਸੀਂ ਖ਼ੁਦ ਨਹੀਂ ਲਿਖਦੇ ਤਾਂ ਪ੍ਰੋਫਾਰਮੈਂਸ ਵਿਚ ਫੀਲ ਨਹੀਂ ਆਉਂਦਾ। ਖ਼ੁਦ ਦੇ ਬਣਾਏ ਜੋਕਸ ਤੇ ਦੂਜਿਆਂ ਵੱਲੋਂ ਲਿਖੇ ਜੋਕਸ ਨੂੰ ਬੋਲਣ ’ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇਕ ਕਲਾਕਾਰ ਦੇ ਤੌਰ ’ਤੇ ਮੈਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਉਸ ਨੂੰ ਆਪਣੀ ਅੱਖੀਂ ਦੇਖਿਆ ਹੁੰਦਾ ਹੈ। ਮੈਂ ਸਕੂਲ-ਕਾਲਜ ਵਿਚ ਥੀਏਟਰ ਕੀਤਾ ਹੈ ਤੇ ਕਈ ਈਵੈਂਟਾਂ ਵਿਚ ਹਿੱਸਾ ਲਿਆ। ਚੰਡੀਗੜ੍ਹ ਰਹਿੰਦੇ ਸਮੇਂ ਵੀ ਥੀਏਟਰ ਨਾਲ ਜੁੜਿਆ ਰਿਹਾ। ਸੱਚ ਕਹਾਂ ਤਾਂ ਸਟੇਜ ਮੇਰੇ ਲਈ ਇਕ ਨਸ਼ੇ ਦੀ ਤਰ੍ਹਾਂ ਹੈ, ਜੋ ਸਿਹਤ ਦਾ ਕੋਈ ਨੁਕਸਾਨ ਨਹੀਂ ਕਰਦਾ ਸਗੋਂ ਇਕ ਨਾ ਇਕ ਦਿਨ ਤੁਹਾਡੀ ਮਿਨਹਤ ਜ਼ਰੂਰ ਰੰਗ ਲਿਆਉਂਦੀ ਹੈ। ਅਸਲ ਵਿਚ ਮਿਡਲ ਕਲਾਸ ਪਰਿਵਾਰ ਦੇ ਬੱਚਿਆਂ ਤੋਂ ਕਈ ਵਾਰ ਆਪਣੇ ਸੁਪਨੇ ਪੂਰੇ ਨਹੀਂ ਕਰ ਹੁੰਦੇ, ਮੈਂ ਬਚਪਨ ਤੋਂ ਹੀ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਸੀ। ਮੈਂ ਦੋ-ਢਾਈ ਸਾਲ ਪਹਿਲਾਂ ਫ਼ੈਸਲਾ ਕੀਤਾ ਕਿ ਮੈਂ ਹੁਣ ਉਹ ਹੀ ਕਰਾਂਗਾ, ਜਿਸ ਵਿਚ ਮੇਰਾ ਦਿਲ ਲੱਗਦਾ ਹੈ ਤਾਂ ਰੱਬ ਦੀ ਕਿਰਪਾ ਨਾਲ ਮੈਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ।

ਮੈਂ ਅੱਜ ਤੱਕ ਆਪਣੀ ਸਟੇਜ ਤੋਂ ਕਿਸੇ ਧਰਮ ਜਾਂ ਸਿਆਸਤ ’ਤੇ ਕੋਈ ਟਿੱਪਣੀ ਨਹੀਂ ਕੀਤੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਲੋਕ ਤੁਹਾਡੀ ਕਿਸੇ ਗੱਲ ਕਰਨ ਗੁੱਸੇ ਹੋ ਕੇ ਸੋਸ਼ਲ ਮੀਡੀਆ ’ਤੇ ਨੈਗੇਟਿਵ ਕੁਮੈਂਟ ਕਰਨ ਲੱਗ ਜਾਂਦੇ ਹਨ। ਅਸਲ ਵਿਚ ਮੈਨੂੰ ਲੱਗਦਾ ਹੈ ਕਿ ਉਹ ਲੋਕ ਆਪਣੀ ਜ਼ਿੰਦਗੀ ਤੋਂ ਕਾਫੀ ਦੁਖੀ ਹੁੰਦੇ ਹਨ ਜਾਂ ਫਿਰ ਇਕੱਲੇਪਨ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਨੂੰ ਕੁਝ ਚਾਹੀਦਾ ਹੈ ਕਿ ਕੋਈ ਮਿਲੇ ਜਿਸ ’ਤੇ ਉਹ ਆਪਣਾ ਗੁੱਸਾ ਕੱਢ ਸਕਣ। ਜਿਵੇਂ ਕੁਝ ਦਿਨ ਪਹਿਲਾਂ ਮੈਨੂੰ ਇਕ ਵਿਅਕਤੀ ਮਿਲਿਆ ਉਸ ਨੇ ਕਿਹਾ ਕਿ ਮੈਂ ਤੁਹਾਡੀ ਪੋਸਟ ’ਤੇ ਇਕ ਗਲਤ ਕੁਮੈਂਟ ਕੀਤਾ ਸੀ ਪਰ ਤੁਹਾਡੀ ਕਾਮੇਡੀ ਮੈਨੂੰ ਪਸੰਦ ਹੈ। ਮੇਰਾ ਮੰਨਣਾ ਹੈ ਕਿ ਸਾਰੇ ਲੋਕ ਹੀ ਚੰਗੇ ਹਨ ਪਰ ਕਈ ਵਾਰ ਪਰੇਸ਼ਾਨੀਆਂ ਤੇ ਦੁਖ ਕਾਰਨ ਉਹ ਆਪਣੀ ਭੜਾਸ ਸੋਸ਼ਲ ਮੀਡੀਆ ’ਤੇ ਕੱਢ ਦਿੰਦੇ ਹਨ ਪਰ ਆਰਟ ਵਿਚ ਕੋਈ ਬਾਊਂਡਰੀ ਨਹੀਂ ਹੋਣੀ ਚਾਹੀਦੀ। ਹਰ ਕਾਮੇਡੀਅਨ ਦਾ ਆਪਣਾ ਸਟਾਈਲ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਸਟੈਂਡਅਪ ਕਾਮੇਡੀਅਨ ਹਾਂ ਜੋ ਹਿੰਦੀ ਵਿਚ ਵੀ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖਦਾ ਹਾਂ। ਮੇਰੇ ਜ਼ਿਆਦਾਤਰ ਚੁਟਕਲੇ ਪੰਜਾਬੀ ਜੀਵਨ ’ਤੇ ਹੁੰਦੇ ਹਨ, ਜਿਨ੍ਹਾਂ ਨੂੰ ਦੂਜੇ ਸੂਬਿਆਂ ਦੇ ਲੋਕ ਕਾਫੀ ਪਸੰਦ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਮੈਂ ਖ਼ੁਦ ਪੰਜਾਬੀ ਹੋਣ ਕਾਰਨ ਪੰਜਾਬ ਸਟਾਈਲ ਦੀ ਕਾਮੇਡੀ ਕਰਨਾ ਪਸੰਦ ਕਰਦਾ ਹਾਂ ਤੇ ਮੇਰੀ ਪਕੜ ਵੀ ਇਸ ਵਿਚ ਹੀ ਹੈ। ਮੈਂ ਸ਼ੁਰੂ-ਸ਼ੁਰੂ ਵਿਚ ਸੋਚਦਾ ਸੀ ਕਿ ਕੰਮ ਤਾਂ ਹੋ ਰਿਹਾ ਪਰ ਉਹ ਲੋਕਾਂ ਤਕ ਪਹੁੰਚ ਨਹੀਂ ਰਿਹਾ ਪਰ ਹੌਲੀ-ਹੌਲੀ ਮੈਂ ਆਪਣੇ ’ਤੇ ਕੰਮ ਕੀਤਾ ਤੇ ਅੱਜ ਦਰਸ਼ਕ ਖ਼ਾਸ ਤੌਰ ’ਤੇ ਮੈਨੂੰ ਦੇਖਣ ਲਈ ਆਉਂਦੇ ਹਨ।

ਹੁਣ ਇੰਨਾ ਕੁ ਤਜਰਬਾ ਹੋ ਗਿਆ ਹੈ ਕਿ ਦਰਸ਼ਕਾਂ ਦੀ ਪਸੰਦ ਨਾ ਪਸੰਦ ਨੂੰ ਸਮਝ ਲੈਂਦੇ ਹਾਂ। ਕਿਸੇ ਸਮੇਂ ਜੇਕਰ ਸਟੇਜ ’ਤੇ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਕਰਾਊਡ ਵਾਕ ਜਾਂ ਜੋਕਸ ਨਾਲ ਉਸ ਨੂੰ ਕਵਰ ਕਰ ਲੈਂਦੇ ਹਾਂ। ਕਈ ਵਾਰੀ ਦਰਸ਼ਕਾਂ ਨਾਲ ਗੱਲਬਾਤ ਦੌਰਾਨ ਹੀ ਕੋਈ ਨਾ ਕੋਈ ਗੱਲ ਮਿਲ ਜਾਂਦੀ ਹੈ, ਜਿਸ ਨਾਲ ਪ੍ਰੋਫਾਰਮੈਂਸ ਕਵਰ ਹੋ ਜਾਂਦੀ ਹੈ। ਹੁਣ ਕਾਮੇਡੀਅਨ ਦੇ ਤੌਰ ’ਤੇ ਮੈਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਪਬਲਿਕ ਕੀ ਡਿਮਾਂਡ ਲੈ ਕੇ ਆਈ ਹੈ। ਵੈਸੇ ਰੱਬ ਦੀ ਕਿਰਪਾ ਨਾਲ ਹੁਣ ਤੱਕ ਜੋ ਵੀ ਸ਼ੋਅ ਕੀਤੇ ਉਹ ਹਿੱਟ ਹੀ ਸਾਬਤ ਹੋਏ ਹਨ। ਉਮੀਦ ਤਾਂ ਇਹ ਹੀ ਹੈ ਕਿ ਭਵਿੱਖ ਵਿਚ ਵੀ ਲੋਕਾਂ ਦੀ ਪਸੰਦ ਦਾ ਧਿਆਨ ਰੱਖ ਕੇ ਉਨ੍ਹਾਂ ਦਾ ਮਨੋਰੰਜਨ ਕਰ ਸਕਾਂ। ਜਦੋਂ ਮੈਂ ਦੁਖੀ ਹੁੰਦਾ ਹਾਂ ਤਾਂ ਆਪਣੇ ਪਰਿਵਾਰ ਤੇ ਖ਼ਾਸ ਕਰ ਬੇਟੀ ਨਾਲ ਸਮਾਂ ਬਤੀਤ ਕਰਦਾ ਹਾਂ। ਅਸਲ ਵਿਚ ਕੋਈ ਵਿਅਕਤੀ ਹਮੇਸ਼ਾ ਖ਼ੁਸ਼ ਵੀ ਨਹੀਂ ਰਹਿ ਸਕਦਾ ਜਦੋਂ ਮੇਰੀ ਫੀਲਿੰਗ ਅਜਿਹੀ ਹੁੰਦੀ ਹੈ ਤਾਂ ਮੈਂ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਗੱਲਬਾਤ ਕਰਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਉਸ ਵਿਅਕਤੀ ਨਾਲ ਗੱਲ ਕਰਾਂ, ਜਿਸ ਦੀ ਸੋਚ ਮੇਰੀ ਲਈ ਪਾਜ਼ੇਟਿਵ ਹੋਵੇ। ਉਹ ਚਾਹੇ ਮੇਰੇ ਫੈਨ ਹੋਣ ਜਾਂ ਜੋ ਲੋਕ ਸੋਸ਼ਲ ਮੀਡੀਆ ’ਤੇ ਮੇਰੇ ਕੰਮ ਦੀ ਤਾਰੀਫ਼ ਕਰਦੇ ਹੋਣ ਤਾਂ ਸੁਣ ਕੇ ਦੁਖੀ ਮਨ ਵੀ ਖ਼ੁਸ਼ ਹੋ ਜਾਂਦਾ ਹੈ। ਹਾਂ, ਅਸਲ ਵਿਚ ਮੈਂ ਹਮੇਸ਼ਾ ਕਾਮੇਡੀ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੁੰਦਾ। ਭਵਿੱਖ ਵਿਚ ਜੇਕਰ ਮੈਨੂੰ ਫਿਲਮਾਂ ਜਾਂ ਕਿਸੇ ਹੋਰ ਫੀਲਡ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਕਰਾਂਗਾ। ਫ਼ਿਲਹਾਲ ਹੁਣ ਮੈਂ ਵੱਖ-ਵੱਖ ਥਾਈਂ ਟੂਰ ਕਰ ਰਿਹਾ ਹਾਂ, ਕੁਝ ਦੇਸ਼ ਵਿਚ ਹਨ ਤੇ ਕੁਝ ਵਿਦੇਸ਼ ਵਿਚ। ਜਲਦ ਹੀ ਮੇਰਾ ਇਕ ਪ੍ਰੋਗਰਾਮ ਵੀ ਆ ਰਿਹਾ ਹੈ, ਜਿਸ ’ਤੇ ਮੇਰੀ ਟੀਮ ਕੰਮ ਕਰ ਰਹੀ ਹੈ। ਅਸਲ ਵਿਚ ਮੈਂ ਇਕ ਫੀਲਡ ਵਿਚ ਟਿਕੇ ਰਹਿਣ ਵਾਲਾ ਬੰਦਾ ਨਹੀਂ ਹਾਂ।

ਸਾਂਝਾ ਕਰੋ