ਮਹੰਤ ਗੁਲਾਬ ਸਿੰਘ ਦਾ ਜਨਮ 1871 ਈ: ਸੰਮਤ 1928 ਬਿਕਰਮੀ ਵਿਚ ਪਿਤਾ ਭਾਈ ਖ਼ਜ਼ਾਨ ਸਿੰਘ ਦੇ ਘਰ ਮਾਤਾ ਸੇਵਾ ਬਾਈ ਦੀ ਕੁੱਖ ਤੋਂ ਪਿੰਡ ਫ਼ਾਜ਼ਲ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਹੋਇਆ ਸੀ। ਉਹ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। ਬਾਰਾਂ ਸਾਲ ਦੀ ਉਮਰ ਵਿਚ ਮਾਤਾ-ਪਿਤਾ ਨੇ ਪੱਕੇ ਤੌਰ ’ਤੇ ਗੁਲਾਬ ਸਿੰਘ ਨੂੰ ਡੇਰੇ ਨੂੰ ਸੌਂਪ ਦਿੱਤਾ। ਭਾਈ ਗੁਲਾਬ ਸਿੰਘ ਨੇ ਰੋਜ਼ਾਨਾ ਦੋ-ਤਿੰਨ ਸੌ ਪਸ਼ੂਆਂ ਦਾ ਗੋਹਾ (ਗੋਬਰ) ਇਕੱਠਾ ਕਰਨਾ, ਥੱਪਣਾ ਤੇ ਲੰਗਰ ਲਈ ਬਾਲਣ ਦੇ ਪ੍ਰਬੰਧ ਤੇ ਪਾਣੀ ਆਦਿ ਦੀ ਸੇਵਾ ’ਚ ਸਾਰਾ ਦਿਨ ਮਸਤ ਰਹਿਣਾ। ਭਾਈ ਲਖਮੀ ਦਾਸ ਜੀ ਨੇ ਸੰਮਤ 1965 ਬਿਕਰਮੀ, ਸੰਨ 1908 ਈ: ਨੂੰ ਟਿਕਾਣੇ ਦੀ ਸੇਵਾ ਮਹੰਤ ਗੁਲਾਬ ਸਿੰਘ ਨੂੰ ਸੌਂਪ ਦਿੱਤੀ। ਉਨ੍ਹਾਂ ਨੇ ਸੰਤਾਂ ਵਾਸਤੇ ਕੋਠੜੀਆਂ ਤੇ ਚੁਬਾਰੇ, ਸੰਗਤਾਂ ਵਾਸਤੇ ਸਰਾਵਾਂ, ਮਾਲ-ਡੰਗਰ ਲਈ ਹਵੇਲੀ ਤੇ ਹੋਰ ਬੇਅੰਤ ਇਮਾਰਤਾਂ ਬਣਾਈਆਂ। ਸਾਧ ਵਾਲੇ ਪਿੰਡ ਵਿਚ ਟਿਕਾਣੇ ਦੇ ਨਾਂ ’ਤੇ ਬਹੁਤ ਸਾਰੀ ਜ਼ਮੀਨ ਖ਼ਰੀਦੀ। ਲਾਇਲਪੁਰ ਵਿਚ ਵੀ ਇਕ ਆਲੀਸ਼ਾਨ ਮਕਾਨ ਟਿਕਾਣੇ ਦੇ ਨਾਂ ’ਤੇ ਖਰੀਦਿਆ। ਮਿੱਠੇ ਟਿਵਾਣੇ ਦੇ ਸਕੂਲ ਤੇ ਗੁਰਦੁਆਰਾ ਮੋਹਨਪੁਰ ਦੀ ਵਿੱਤੋਂ ਬਾਹਰੀ ਸੇਵਾ ਕੀਤੀ। ਸ੍ਰੀ ਨਨਕਾਣਾ ਸਾਹਿਬ ਵਿਖੇ ਮਿੱਠਿਆਂ ਵਾਲੇ ਮਹੰਤਾਂ ਦੇ ਅਸਥਾਨ ’ਤੇ ਇਕ ਸੁੰਦਰ ਚੁਬਾਰਾ ਪਾਇਆ। ਸੰਨ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਹੁਤ ਸਾਰੀ ਸੰਗਤ ਉਨ੍ਹਾਂ ਨੂੰ ਆ ਕੇ ਕਹਿਣ ਲੱਗੀ ਕਿ ਮੁਗ਼ਲ (ਟਿਵਾਣੇ) ਸਿੱਖਾਂ ਨੂੰ ਖ਼ਤਮ ਕਰ ਰਹੇ ਹਨ ਭਾਵ ਮਾਰ ਰਹੇ ਹਨ।
ਹੁਣ ਕੀ ਬਣੇਗਾ? ਮਹੰਤ ਗੁਲਾਬ ਸਿੰਘ ਨੇ ਸੰਗਤ ਨੂੰ ਕਿਹਾ, ‘‘ਲੰਗਰ ਪਕਾਓ, ਆਪ ਛਕੋ ਤੇ ਹੋਰਾਂ ਨੂੰ ਛਕਾਓ।’’ ਦੋ ਮਹੀਨੇ ਤੱਕ ਮੁਗ਼ਲਾਂ ਵੱਲੋਂ ਟਿਕਾਣੇ ਵੱਲ ਬਹੁਤ ਵੱਡੇ-ਵੱਡੇ ਗੋਲ਼ੇ ਦਾਗੇ ਗਏ ਪਰ ਟਿਕਾਣਾ ਸਾਹਿਬ ’ਤੇ ਇਕ ਵੀ ਗੋਲ਼ਾ ਨਹੀਂ ਲੱਗਾ। ਜਦੋਂ ਲੜਾਈ ਰੁਕ ਗਈ ਤਾਂ ਮਹੰਤ ਗੁਲਾਬ ਸਿੰਘ ਨੇ ਪੰਜ ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਨੂੰ ਲਾਰੀਆਂ (ਟਾਂਗਿਆਂ) ਰਾਹੀਂ ਹਿੰਦੁਸਤਾਨ ਸਹੀ ਸਲਾਮਤ ਪਹੁੰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 60 ਸਰੂਪ ਲੈ ਕੇ ਆਪ ਸਭ ਤੋਂ ਅਖ਼ੀਰਲੀ ਲਾਰੀ (ਟਾਂਗੇ) ’ਤੇ ਸਵਾਰ ਹੋ ਕੇ ਭਾਰਤ ਪਹੁੰਚੇ। ਆਪ ਛੇਹਰਟਾ, ਅੰਬਾਲਾ, ਮਲੋਟ ਤੋਂ ਹੁੰਦੇ ਹੋਏ ਗੋਨਿਆਣਾ ਭਾਈ ਜਗਤਾ (ਬਠਿੰਡਾ) ਆਏ। ਰੇਲਵੇ ਮਾਲ ਗੁਦਾਮ ਦੇ ਸਾਹਮਣੇ ਦਿਖਾਈ ਦੇਣ ਵਾਲਾ ਅਸਥਾਨ ‘ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ’ ਹੈ। ਇੱਥੇ ਪਹਿਲਾਂ ਛੱਪੜ ਹੁੰਦਾ ਸੀ। ਆਪ ਨੇ ਸੰਗਤ ਨੂੰ ਪੇ੍ਰਰ ਕੇ ਅਤੇ ਹੱਥੀਂ ਸੇਵਾ ਕਰ ਕੇ ਅਸਥਾਨ (ਗੁਰਦੁਆਰਾ) ਸਥਾਪਤ ਕੀਤਾ। ਮਹੰਤ ਗੁਲਾਬ ਸਿੰਘ ‘ਸੇਵਾਪੰਥੀ’ ਧੁਰੋਂ ਸੱਦਾ ਆਉਣ ’ਤੇ 20 ਅਪ੍ਰੈਲ 1950 ਨੂੰ 79 ਸਾਲ ਦੀ ਉਮਰ ’ਚ ਸੱਚਖੰਡ ’ਚ ਜਾ ਬਿਰਾਜੇ। ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਮਹੰਤ ਕਾਹਨ ਸਿੰਘ ਤੇ ਸੰਤ ਰਣਜੀਤ ਸਿੰਘ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਮਹੰਤ ਗੁਲਾਬ ਸਿੰਘ ‘ਸੇਵਾਪੰਥੀ’ ਦੀ 74ਵੀਂ ਬਰਸੀ 20 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। -ਕਰਨੈਲ ਸਿੰਘ ਐੱਮਏ, ਲੁਧਿਆਣਾ।