ਦੁਬਈ ਤੇ ਓਮਾਨ ਜਿਹੇ ਦੇਸ਼ਾਂ ’ਚ ਬੀਤੇ ਦਿਨੀਂ ਭਾਰੀ ਵਰਖਾ ਨਾਲ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਹਨ, ਉਹ ਸਾਰੀ ਦੁਨੀਆ ਵੇਖ ਰਹੀ ਹੈ। ਅਜਿਹਾ ਬੇਮੌਸਮੀ ਤੇ ਤੂਫ਼ਾਨੀ ਮੀਂਹ ਸਿਰਫ਼ ਮੱਧ-ਪੂਰਬ ਲਈ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਲਈ ਖ਼ਤਰੇ ਦੀ ਘੰਟੀ ਹੈ। ਚੌਵੀ ਘੰਟਿਆਂ ’ਚ 254 ਮਿਲੀਮੀਟਰ ਪੱਧਰ ਦੀ ਵਰਖਾ ਪੈਣ ਤੇ ਬੇਹਿਸਾਬ ਝੱਖੜ ਝੁੱਲਣ ਤੋਂ ਇਹ ਪਤਾ ਲੱਗਦਾ ਹੈ ਕਿ ਮਨੁੱਖ ਨੇ ਕਿਸ ਹੱਦ ਤੱਕ ਕੁਦਰਤ ਨਾਲ ਛੇੜਛਾੜ ਕੀਤੀ ਹੋਈ ਹੈ ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਉਂਜ ਅਜਿਹੇ ਹਾਲਾਤ ਲਈ ‘ਕਲਾਊਡ ਸੀਡਿੰਗ’ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਹ ਸਮੁੰਦਰੀ ਸਤ੍ਹਾ ਦਾ ਪੱਧਰ ਵਧਣ ਦਾ ਮਾਮਲਾ ਵੀ ਹੋ ਸਕਦਾ ਹੈ। ‘ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ ਭਾਵ ਨਾਸਾ ਦੇ ਵਿਗਿਆਨੀ ਤੇ ਹੋਰ ਮਾਹਿਰ ਪਿਛਲੇ ਕਈ ਸਾਲਾਂ ਤੋਂ ਇਹ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਜਿਸ ਹਿਸਾਬ ਨਾਲ ਇਸ ਦੁਨੀਆ ਦੇ 800 ਕਰੋੜ ਤੋਂ ਵੱਧ ਲੋਕ ਠੋਸ ਕੂੜਾ-ਕਰਕਟ ਨਦੀਆਂ-ਨਾਲ਼ਿਆਂ ’ਚ ਵਹਾਉਂਦੇ ਜਾ ਰਹੇ ਹਨ, ਉਹ ਸਾਰਾ ਕਚਰਾ ਜਦੋਂ ਅਖ਼ੀਰ ਸਮੁੰਦਰਾਂ ’ਚ ਡਿੱਗਦਾ ਹੈ ਤਾਂ ਉਸ ਦਾ ਪੱਧਰ ਉੱਚਾ ਹੋਣਾ ਸੁਭਾਵਕ ਹੈ। ਇਹ ਇਕ ਭੂਗੋਲਿਕ ਤੇ ਵਿਗਿਆਨਕ ਤੱਥ ਹੈ ਕਿ ਦੁਨੀਆ ਦੇ ਸਾਰੇ ਸਮੁੰਦਰ ਆਪਸ ’ਚ ਜੁੜੇ ਹੋਏ ਹਨ ਜਿਸ ਕਾਰਨ ਪਾਣੀ ਦਾ ਪੱਧਰ ਹਰ ਥਾਂ ਇੱਕੋ ਜਿਹਾ ਰਹਿੰਦਾ ਹੈ।
ਜੇ ਇਹ ਪੱਧਰ ਉੱਚਾ ਹੁੰਦਾ ਹੈ ਤਾਂ ਕੈਨੇਡੀਅਨ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸੁੰਦਰ ਤਟੀ ਮਹਾਨਗਰ ਵੈਨਕੂਵਰ ਅਤੇ ਭਾਰਤ ’ਚ ਸਮੁੰਦਰੀ ਕੰਢਿਆਂ ਲਾਗਲੇ ਕੁਝ ਸ਼ਹਿਰਾਂ ਸਮੇਤ ਦੁਨੀਆ ਦੇ ਹੋਰ ਕਈ ਅਜਿਹੇ ਨਗਰ ਤੇ ਆਬਾਦੀਆਂ ਪਾਣੀ ’ਚ ਡੁੱਬਣ ਲੱਗ ਪੈਣਗੀਆਂ। ਹੁਣ ਦੁਬਈ ਦੇ ਜਿਹੜੇ ਖ਼ੌਫ਼ਨਾਕ ਦ੍ਰਿਸ਼ ਸਭ ਨੇ ਵੇਖੇ ਹਨ, ਉਹ ਸਮੁੰਦਰੀ ਕੰਢਿਆਂ ’ਤੇ ਵਸੇ ਨਗਰਾਂ ਲਈ ਖ਼ਤਰੇ ਦੀ ਘੰਟੀ ਹੀ ਹਨ। ਇਹ ਸੰਸਾਰਕ ਤਪਸ਼ ਵਧਣ ਦਾ ਨਤੀਜਾ ਹੀ ਹੈ। ਨਾਸਾ ਵਿਗਿਆਨੀਆਂ ਮੁਤਾਬਕ ਧਰਤੀ ’ਤੇ ਸਮੁੰਦਰੀ ਪਾਣੀ ਦਾ ਪੱਧਰ ਸਾਲ 2006 ਤੋਂ 2015 ਤੱਕ 3.6 ਮਿਲੀਮੀਟਰ ਦੀ ਦਰ ਨਾਲ ਵਧਿਆ ਸੀ। ਇਹ ਪੱਧਰ ਧਰਤੀ ਦੀ ਵਧੇਰੇ ਤਪਸ਼ ਕਾਰਨ ਉੱਤਰੀ ਤੇ ਦੱਖਣੀ ਧਰੁਵਾਂ ’ਤੇ ਬਰਫ਼ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਕਾਰਨ ਵੀ ਵਧਦਾ ਹੈ। ਇਹ ਇਕ ਵਿਗਿਆਨਕ ਸੱਚਾਈ ਹੈ ਕਿ ਜੇ ਪਰਬਤਾਂ ਤੇ ਧਰੁਵਾਂ ’ਤੇ ਮੌਜੂਦ ਸਾਰੀ ਬਰਫ਼ ਪਿਘਲ ਜਾਵੇ ਤਾਂ ਸਮੁੰਦਰ ’ਚ ਪਾਣੀ ਦਾ ਪੱਧਰ ਲਗਪਗ 230 ਫੁੱਟ ਤੱਕ ਵਧ ਜਾਵੇਗਾ ਜਿਸ ਕਾਰਨ ਤਟੀ ਨਗਰ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਬਹੁਤ ਸਾਰੇ ਸ਼ਹਿਰ, ਕਸਬੇ ਤੇ ਪਿੰਡ ਵੀ ਡੁੱਬ ਜਾਣਗੇ। ਇਸ ਨੂੰ ਪਰਲੋ ਵਾਲੀ ਹਾਲਤ ਹੀ ਕਿਹਾ ਜਾ ਸਕਦਾ ਹੈ। ਸਾਲ 2023 ਦੇ ਇਕ ਵਿਗਿਆਨਕ ਪੇਪਰ ਅਨੁਸਾਰ 1.5 ਡਿਗਰੀ ਸੈਲਸੀਅਸ ਤਾਪਮਾਨ ’ਤੇ ਇਕ-ਚੌਥਾਈ ਪਰਬਤੀ ਗਲੇਸ਼ੀਅਰ ਪਿਘਲ ਜਾਣਗੇ। ਅਜਿਹੀ ਸਥਿਤੀ ਯਕੀਨੀ ਤੌਰ ’ਤੇ ਧਰਤੀ ਤੇ ਇਸ ਦੇ ਨਿਵਾਸੀਆਂ ਲਈ ਤਬਾਹਕੁੰਨ ਹੋਵੇਗੀ। ਸਮੁੰਦਰ ਦਾ ਪੱਧਰ ਉੱਚਾ ਹੋਣ ਨਾਲ ਕੰਢੇ ਤੇਜ਼ੀ ਨਾਲ ਖੁਰਨਗੇ ਜੋ ਤਟੀ ਆਬਾਦੀਆਂ ਲਈ ਘਾਤਕ ਸਿੱਧ ਹੋਣਗੇ। ਅਜਿਹੀ ਸਥਿਤੀ ਨਾਲ ਨੀਵੇਂ ਇਲਾਕਿਆਂ ’ਚ ਪੱਕੇ ਤੌਰ ’ਤੇ ਪਾਣੀ ਭਰ ਸਕਦਾ ਹੈ ਤੇ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆ ਸਕਦੀਆਂ ਹਨ। ਇਸ ਨਾਲ ਮੱਛੀਆਂ, ਪੰਛੀਆਂ ਤੇ ਪੌਦਿਆਂ ਲਈ ਬਣੀਆਂ ਜਲਗਾਹਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਨੈਸ਼ਨਲ ਓਸ਼ਨ ਸਰਵਿਸ ਦੀ ਸਾਲ 2022 ਦੀ ਰਿਪੋਰਟ ਮੁਤਾਬਕ ਸਾਲ 2020 ਤੋਂ 2100 ਦੇ ਵਿਚਕਾਰ ਭਾਵ 80 ਸਾਲਾਂ ’ਚ ਸਮੁੰਦਰ ਦਾ ਪੱਧਰ ਦੋ ਫੁੱਟ ਉਚੇਰਾ ਹੋ ਜਾਵੇਗਾ। ਮਨੁੱਖ ਨੂੰ ਹੁਣ ਤੋਂ ਹੀ ਅਜਿਹੇ ਹਾਲਾਤ ਤੋਂ ਬਚਣ ਲਈ ਉਪਰਾਲੇ ਕਰਨੇ ਹੋਣਗੇ।