ਬਾਬਾ ਰਾਮ ਸਿੰਘ ਦੇ ਜੀਵਨ ਬਾਰੇ ਮਹਾਂਕਾਵਿ

ਸੰਤ ਸਿੰਘ ਸੋਹਲ 1988 ਤੋਂ ਲਗਾਤਾਰ ਲਿਖਦਾ ਆ ਰਿਹਾ ਪੰਜਾਬੀ ਲੇਖਕ ਹੈ। ਉਸ ਨੇ ਗੀਤ, ਗ਼ਜ਼ਲ ਤੇ ਬਾਲ ਗੀਤ ਲਿਖ ਕੇ ਨੌਂ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਹੱਥਲੀ ਪੁਸਤਕ ‘ਸੁਤੰਤਰਤਾ ਸੰਗ੍ਰਾਮ ਦੇ ਮਹਾਂ-ਨਾਇਕ’ਉਸ ਦੀ ਤਾਜ਼ਾ ਕਿਰਤ ਹੈ। ਇਹ ਨਾਮਧਾਰੀ ਸੰਪ੍ਰਦਾਇ ਦੇ ਬਾਨੀ ਬਾਬਾ ਰਾਮ ਸਿੰਘ ਦਾ ਸੰਪੂਰਨ ਕਾਵਿ-ਬਿਰਤਾਂਤ ਹੈ। ਵੀਹ ਸਰਗਾਂ ਵਿੱਚ ਸੰਪੂਰਨ ਇਹ ਇੱਕ ਮਹਾਂਕਾਵਿ ਹੈ ਜੋ ਦੋਹਿਰਾ ਛੰਦ ਤੋਂ ਸ਼ੁਰੂ ਹੋ ਕੇ ਦੋਹਿਰਾ ਛੰਦ ’ਤੇ ਹੀ ਸਮਾਪਤ ਹੁੰਦਾ ਹੈ। ਇਸ ਵਿੱਚ ਕਬਿੱਤ, ਬੈਂਤ, ਕੋਰੜਾ, ਕਾਫ਼ੀ, ਦਵੱਈਆ ਤੇ ਸਿਰਖੰਡੀ ਛੰਦ ਵੀ ਵਰਤੇ ਗਏ ਹਨ। ਪੁਸਤਕ ਵਿੱਚ ਬੜੀਆਂ ਸੁੰਦਰ ਚਾਰ ਦੁਰਲੱਭ ਰੰਗੀਨ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦਾ ਸਮਰਪਣ ‘ਨਾਮਧਾਰੀ ਸ਼ਹੀਦਾਂ ਨੂੰ’ ਬੈਂਤ ਛੰਦ ਵਿੱਚ ਕੀਤਾ ਗਿਆ ਹੈ। ਪੁਸਤਕ ਦਾ ਆਰੰਭ ‘ਮੰਗਲਾਚਰਣ’ ਨਾਲ ਕੀਤਾ ਗਿਆ ਹੈ। ਸਰਗਾਂ ਦਾ ਆਕਾਰ ਪੰਜ ਤੋਂ ਸੋਲ੍ਹਾਂ ਸਫ਼ਿਆਂ ਦਾ ਹੈ। ਪੁਸਤਕ ਵਿੱਚ ਕਿਧਰੇ ਵੀ ਲੈਕਚਰ ਜਾਂ ਵਾਰਤਕ ਭਾਸ਼ਣ, ਭੂਮਿਕਾ ਨਹੀਂ ਹੈ।

ਮਹਾਂਕਾਵਿ ਰਚੇਤਾ ਸੋਹਲ ਨੇ ਕਥਾ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੀਤੀ ਹੈ। ਸਿੱਖ ਰਾਜ ਦੇ ਪਤਨ, ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਤੋਂ ਭਾਈ ਮਹਾਰਾਜ ਸਿੰਘ ਦਾ ਆਗਮਨ, ਅੰਗਰੇਜ਼ਾਂ ਦਾ 16ਵੀਂ ਸਦੀ ’ਚ ਵਪਾਰੀਆਂ ਵਜੋਂ ਭਾਰਤ ਪ੍ਰਵੇਸ਼, ਭੈਣੀ ਸਾਹਿਬ ਵਿੱਚ ਰਾਮ ਸਿੰਘ ਦਾ ਜਨਮ, ਬਚਪਨ ਦਾ ਹਾਲ, ਫ਼ੌਜ ਵਿੱਚ ਭਰਤੀ, ਕੁੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਵੇਲੇ ਫਰੰਗੀ ਦੇ ਜਾਣ ਦੇ ਬਚਨ, ਫਰੰਗੀ ਕੋਲ ਚੁਗਲੀ, ਕੈਦ ਬਾਬਾ ਬਾਲਕ ਸਿੰਘ ਨੂੰ, ਅਸਤੀਫ਼ਾ ਬਾਬਾ ਰਾਮ ਸਿੰਘ, ਆਜ਼ਾਦੀ ਸੰਗਰਾਮ, ਬਾਈਕਾਟ, ਆਪਣੇ ਪ੍ਰਬੰਧ, ਗਊ ਹੱਤਿਆ ਤੇ ਰੋਕ ਲਈ ਸ਼ਹੀਦੀਆਂ, ਅਨੰਦ ਕਾਰਜ ਪ੍ਰੰਪਰਾ, ਸਾਦਾ ਲਿਬਾਸ, ਨਾਮਬਾਣੀ ਨਾਲ ਇਕਸੁਰਤਾ, ਅੰਮ੍ਰਿਤਸਰ, ਮਲੇਰਕੋਟਲਾ ਦੇ ਤੋਪਾਂ ਨਾਲ ਉਡਾਏ ਜਾਣ ਦੇ ਦ੍ਰਿਸ਼, ਜਲਾਵਤਨੀ ਅਤੇ ਅੰਤ ਸਮਾਂ ਤੱਕ ਦਾ ਸੰਕੋਚਵਾਂ, ਸਰਲ ਤੇ ਇਤਿਹਾਸਕ ਵੇਰਵਾ ਕਾਵਿ-ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਆਜ਼ਾਦੀ ਸੰਗਰਾਮ ਦੇ ਇਸ ਅਨੂਠੇ ਮਹਾਂਨਾਇਕ ਬਾਬਾ ਰਾਮ ਸਿੰਘ ਨਾਮਧਾਰੀ ਦੇ ਕਾਰਨਾਮੇ ਜਿੰਨੇ ਬਿਆਨ ਕੀਤੇ ਜਾਣ, ਥੋੜ੍ਹੇ ਹਨ। ਭਾਵੇਂ ਪਹਿਲਾਂ ਵੀ ਜੀਵਨੀ ਪੁਸਤਕਾਂ ਵਾਰਤਕ ਅਤੇ ਕਵਿਤਾ ਵਿੱਚ ਲਿਖੀਆਂ ਗਈਆਂ ਹਨ ਪਰ ਸੰਤ ਸਿੰਘ ਸੋਹਲ ਦੀ ਨਵੀਨ ਮੌਲਿਕ ਮਹਾਂਕਾਵਿਕ ਰਚਨਾ ਆਜ਼ਾਦੀ ਦੇ ਅਲੌਕਿਕ ਪਰਵਾਨੇ ਦੀ ਦੇਣ ਦਾ ਆਧੁਨਿਕ ਯੁੱਗ ਦੇ ਸਮਾਜ ਲਈ ਚਾਨਣ ਮੁਨਾਰਾ ਬਣਦੀ ਕਿਰਤ ਹੈ। ਇਹ ਮਾਂ ਬੋਲੀ ਵਿੱਚ ਮਹਾਂਕਾਵਿ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦੀ ਹੈ। ਇਸ ਦੇ ਨਾਲ ਹੀ ਇਹ ਆਜ਼ਾਦੀ ਲਈ ਜੂਝੇ ਅਮਰ ਸ਼ਹੀਦਾਂ ਦੀ ਯਾਦ ਵੀ ਤਾਜ਼ਾ ਕਰਾਉਂਦੀ ਹੈ। ਉਂਜ ਵੀ ਨਾਮਧਾਰੀ ਸੰਪਰਦਾਇ ਨੇ ਬਹੁਤ ਸਾਰੀਆਂ ਸਮਾਜ ਤੇ ਧਰਮ ਸੁਧਾਰਕ ਨਵੀਆਂ ਪਿਰਤਾਂ ਪਾਉਣ ਦੇ ਨਾਲ-ਨਾਲ ਸਾਹਿਤ ਸਿਰਜਣਾ ਵਿੱਚ ਬੇਅੰਤ ਯੋਗਦਾਨ ਪਾਇਆ ਹੈ। ਪੁਸਤਕਾਂ ਤੇ ਮੈਗਜ਼ੀਨ ਛਪਣ ਦੀ ਪ੍ਰੰਪਰਾ ਇੱਕ ਸੰਸਥਾ ਵਜੋਂ ਜਾਰੀ ਹੈ। ਇਹ ਵਿਦਵਾਨਾਂ ਦੇ ਸਤਿਕਾਰ ਤੇ ਮੱਦਦ ਲਈ ਮੋਹਰੀ ਹੈ। ਸੰਤ ਸਿੰਘ ਸੋਹਲ ਨੇ ਇਸ ਪੁਸਤਕ ਰਾਹੀਂ ਉੱਤਮ ਉਪਰਾਲਾ ਕੀਤਾ ਹੈ।

ਸਾਂਝਾ ਕਰੋ