ਇਰਾਨ ਨੂੰ ਜਵਾਬ ਦੇਣ ਦੀ ਰਣਨੀਤੀ ਬਣਾ ਰਿਹੈ ਇਜ਼ਰਾਈਲ

ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਹੈ ਕਿ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਜਵਾਬ ਦੇਣ ਲਈ ਇਜ਼ਰਾਈਲ ਰਣਨੀਤੀ ਬਣਾ ਰਿਹਾ ਹੈ। ਕੈਮਰੂਨ ਨੇ ਕਿਹਾ ਕਿ ਇਰਾਨ ਖ਼ਿਲਾਫ਼ ਇਜ਼ਰਾਈਲ ਕਾਰਵਾਈ ਕਰਨ ਦਾ ਫ਼ੈਸਲਾ ਲੈ ਰਿਹਾ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਨੂੰ ਅਜਿਹੇ ਢੰਗ ਨਾਲ ਅੰਜਾਮ ਦੇਵੇਗਾ ਜੋ ਸਖ਼ਤ ਵੀ ਹੋਵੇ ਅਤੇ ਜਿਸ ਨਾਲ ਟਕਰਾਅ ਵੀ ਨਾ ਵਧੇ। ਕੈਮਰੂਨ ਅਤੇ ਜਰਮਨੀ ਦੇ ਵਿਦੇਸ਼ ਮੰਤਰੀ ਏਨਾਲੇਨਾ ਬੇਯਰਬੌਕ ਬੁੱਧਵਾਰ ਨੂੰ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਲਈ ਇਜ਼ਰਾਈਲ ਪਹੁੰਚੇ ਹਨ। ਇਸ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਸੰਜਮ ਰੱਖ ਕੇ ਖ਼ਿੱਤੇ ’ਚ ਤਣਾਅ ਨਾ ਵਧਣ ਦੇਣ। ਨੇਤਨਯਾਹੂ ਨੇ ਇਰਾਨ ਦੇ ਹਮਲਿਆਂ ਨੂੰ ਨਾਕਾਮ ਬਣਾਉਣ ’ਚ ਬ੍ਰਿਟੇਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਰਾਨ ਦੇ ਹਮਲੇ ਨੂੰ ਨਾਕਾਮ ਕਰਨ ’ਚ ਸਹਾਇਤਾ ਕਰਨ ਵਾਲੇ ਇਜ਼ਰਾਈਲ ਦੇ ਸਭ ਤੋਂ ਨੇੜਲੇ ਸਹਿਯੋਗੀ ਅਮਰੀਕਾ ਅਤੇ ਬ੍ਰਿਟੇਨ ਹਾਲਾਤ ਹੋਰ ਵਿਗੜਨ ਨਾ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਧਰ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਖ਼ਿੱਤੇ ’ਚ ਕਿਸੇ ਵੀ ਛੋਟੇ ਜਿਹੇ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਸਾਲਾਨਾ ਫ਼ੌਜੀ ਪਰੇਡ ਨੂੰ ਸੰਬੋਧਨ ਕਰਦਿਆਂ ਇਜ਼ਰਾਈਲ ਨੂੰ ਕਿਸੇ ਵੀ ਜਵਾਬੀ ਕਾਰਵਾਈ ਨੂੰ ਲੈ ਕੇ ਚਿਤਾਵਨੀ ਦਿੱਤੀ।

ਸਾਂਝਾ ਕਰੋ