ਅਮੁੱਲਾ ਸਰਮਾਇਆ ਨੇ ਵਿਰਾਸਤੀ ਥਾਵਾਂ

ਵਿਸ਼ਵ ਵਿਰਾਸਤ ਦਿਵਸ ਦਾ ਉਦੇਸ਼ ਵਿਸ਼ਵ ਦੀਆਂ ਅਜਿਹੀਆਂ ਥਾਵਾਂ ਦੀ ਚੋਣ ਅਤੇ ਸੰਭਾਲ ਕਰਨਾ ਹੈ ਜੋ ਵਿਸ਼ਵ ਸੱਭਿਆਚਾਰ ਦੇ ਨਜ਼ਰੀਏ ਤੋਂ ਮਨੁੱਖਤਾ ਲਈ ਮਹੱਤਵਪੂਰਨ ਹਨ। ਵਿਸ਼ਵ ਵਿਰਾਸਤ ਦਿਵਸ ਹਰ ਸਾਲ 18 ਅਪ੍ਰੈਲ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦਾ ਮਕਸਦ ਮਨੁੱਖਾਂ ਦੀ ਵਿਰਾਸਤ ਨੂੰ ਸੁਰੱਖਿਅਤ ਕਰਨਾ ਹੈ। ਦੁਨੀਆ ਭਰ ’ਚ ਕਈ ਤਰ੍ਹਾਂ ਦੇ ਇਤਿਹਾਸਕ ਸਥਾਨ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਇਕ ਸੰਸਥਾ ਦੀ ਸਿਰਜਣਾ ਦੀ ਲੋੜ ਸੀ ਜਿਸ ਨੇ ਕਈ ਤਰ੍ਹਾਂ ਦੇ ਮਾਹਿਰਾਂ ਨੂੰ ਇਕੱਠਾ ਕੀਤਾ ਜਿਵੇਂ ਆਰਕੀਟੈਕਟ, ਇੰਜੀਨੀਅਰ, ਭੂਗੋਲ ਵਿਗਿਆਨੀ, ਸਿਵਲ ਇੰਜੀਨੀਅਰ, ਕਲਾਕਾਰ ਅਤੇ ਪੁਰਾਤੱਤਵ-ਵਿਗਿਆਨੀ। ਇਨ੍ਹਾਂ ਸਾਰਿਆਂ ਨੇ ਮਿਲ ਕੇ ਵੱਖ-ਵੱਖ ਦੇਸ਼ਾਂ ਵਿਚ ਸਥਿਤ ਅਹਿਮ ਸੱਭਿਆਚਾਰਕ ਇਮਾਰਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਬੀੜਾ ਚੁੱਕਿਆ ਤੇ ਆਪਣੀ ਸੰਸਥਾ ਦਾ ਨਾਂ ਯੂਨੈਸਕੋ ਰੱਖਿਆ। ਦੱਸ ਦੇਈਏ ਕਿ ਦੁਨੀਆ ਭਰ ਦੇ 150 ਤੋਂ ਵੱਧ ਦੇਸ਼ਾਂ ਦੇ ਲਗਪਗ 10,000 ਮੈਂਬਰ ਇਸ ਦਾ ਹਿੱਸਾ ਹਨ। ਵਿਸ਼ਵ ਵਿਰਾਸਤ ਦਿਵਸ ਸਾਲ 1982 ਵਿਚ 18 ਅਪ੍ਰੈਲ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਨੂੰ ਯੂਨੈਸਕੋ ਜਨਰਲ ਅਸੈਂਬਲੀ ਦੁਆਰਾ 1 ਸਾਲ ਬਾਅਦ ਹੀ ਮਾਨਤਾ ਦਿੱਤੀ ਗਈ ਸੀ ਯਾਨੀ ਕਿ ਸਾਲ 1983 ਵਿਚ ਤਾਂ ਜੋ ਮਨੁੱਖਾਂ ਵਿਚ ਸੱਭਿਆਚਾਰਕ ਵਿਰਾਸਤ ਦੀ ਮਹੱਤਤਾ ਬਾਰੇ ਜਾਗਰੂਕਤਾ ਵਧੇ ਤੇ ਲੋਕ ਵਿਰਾਸਤ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝ ਸਕਣ।

ਸਾਲ 1982 ’ਚ 18 ਅਪ੍ਰੈਲ ਨੂੰ ਪਹਿਲਾ ਵਿਸ਼ਵ ਵਿਰਾਸਤ ਦਿਵਸ ਟਿਊਨਿਸ਼ੀਆ ’ਚ ਅੰਤਰਰਾਸ਼ਟਰੀ ਸਮਾਰਕ ਅਤੇ ਸਥਾਨਾਂ ਦੀ ਕੌਂਸਲ ਦੁਆਰਾ ਮਨਾਇਆ ਗਿਆ ਸੀ। ਯੂਨੈਸਕੋ ਨੇ ਵਿਸ਼ਵ ਵਿਰਾਸਤੀ ਸਥਾਨਾਂ ਦੀਆਂ ਤਿੰਨ ਸੂਚੀਆਂ ਵਿਚ ਜੋ ਸ਼ਾਮਲ ਕੀਤਾ ਹੈ ਉਹ ਇਸ ਪ੍ਰਕਾਰ ਹਨ : 1.ਕੁਦਰਤੀ ਵਿਰਾਸਤੀ ਸਥਾਨ, 2. ਸੱਭਿਆਚਾਰਕ ਵਿਰਾਸਤੀ ਸਥਾਨ, 3. ਮਿਕਸਡ ਹੈਰੀਟੇਜ ਸਾਈਟ। ਸਾਲ 2023 ਤੱਕ ਦੁਨੀਆ ਭਰ ਦੀਆਂ 1157 ਸਾਈਟਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਫੰਡ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਸਾਈਟਾਂ ਵਿਚ 900 ਸੱਭਿਆਚਾਰਕ ਸਾਈਟਾਂ, 218 ਕੁਦਰਤੀ ਸਾਈਟਾਂ ਅਤੇ 39 ਮਿਕਸਡ ਸਾਈਟਾਂ ਹਨ। ਉਕਤ ਕਿਸਮ ਦੀਆਂ ਵਿਰਾਸਤੀ ਥਾਵਾਂ ਨੂੰ ਯੂਨੈਸਕੋ ਦੁਆਰਾ ਵੱਖ-ਵੱਖ ਦੇਸ਼ਾਂ ਵਿਚ ਸੂਚੀਬੱਧ ਕੀਤਾ ਗਿਆ ਹੈ। ਇਟਲੀ ਕੋਲ ਦੁਨੀਆ ਦੀਆਂ ਸਭ ਤੋਂ ਵੱਧ ਵਿਸ਼ਵ ਵਿਰਾਸਤ ਸਾਈਟਾਂ 58 ਹਨ। ਇਸ ਤੋਂ ਇਲਾਵਾ ਚੀਨ ਵਿਚ 56, ਸਪੇਨ ਵਿਚ 49, ਫਰਾਂਸ ਵਿਚ 41, ਜਰਮਨੀ ਵਿਚ 51, ਮੈਕਸੀਕੋ ਵਿਚ 35 ਤੇ ਭਾਰਤ ਵਿਚ 40 ਅਜਿਹੀਆਂ ਥਾਵਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ 32 ਸੱਭਿਆਚਾਰਕ ਸਥਾਨ ਅਤੇ 7 ਕੁਦਰਤੀ ਸਥਾਨ ਹਨ। ਭਾਰਤ ਨੂੰ ਅਧਿਆਤਮਕ ਜੀਵਨ ਦਰਸ਼ਨ, ਸਾਹਿਤ, ਲਲਿਤ ਕਲਾ, ਸੱਭਿਆਚਾਰ, ਭਾਸ਼ਾ ਆਦਿ ਸਦੀਆਂ ਪੁਰਾਣੀ ਵਿਰਾਸਤ ਵਜੋਂ ਮਿਲਿਆ ਹੈ। ਸਾਡੇ ਦੇਸ਼ ਵਿਚ ਭਾਰਤੀ ਦਰਸ਼ਨ, ਅਧਿਆਤਮਕਤਾ, ਧਾਰਮਿਕ ਸਹਿਣਸ਼ੀਲਤਾ, ਅਨੇਕਤਾ ਵਿਚ ਏਕਤਾ ਅਤੇ ਇਤਿਹਾਸਕ ਵਿਰਾਸਤ ਆਦਿ ਕੁਝ ਵਿਲੱਖਣ ਵਿਰਾਸਤਾਂ ਹਨ ਜਿਨ੍ਹਾਂ ’ਤੇ ਹਰ ਭਾਰਤੀ ਨੂੰ ਮਾਣ ਹੈ।

ਅੱਜ ਭਾਰਤ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨ, ਪਾਰਸੀ ਤੇ ਯਹੂਦੀ ਸਭ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਭਾਰਤ ਦੇ ਸੰਵਿਧਾਨ ਨੇ ਵੀ ਰਾਸ਼ਟਰ ਨੂੰ ਧਰਮ ਤੋਂ ਵੱਖ ਰੱਖ ਕੇ ਧਰਮ ਨਿਰਪੱਖਤਾ ਦੇ ਵਿਚਾਰ ਨੂੰ ਅਪਣਾਇਆ ਹੈ। ਸਾਡੇ ਦੇਸ਼ ਵਿਚ 40 ਅਜਿਹੀਆਂ ਇਮਾਰਤਾਂ, ਗੁਫਾਵਾਂ, ਸ਼ਹਿਰ ਅਤੇ ਸਥਾਨ ਹਨ ਜਿਨ੍ਹਾਂ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤ ਵਿਚ 2023 ਵਿਚ ਕੁੱਲ 40 ਵਿਸ਼ਵ ਵਿਰਾਸਤ ਸਾਈਟਾਂ ਹਨ।

27 ਜੁਲਾਈ 2021 ਨੂੰ ਗੁਜਰਾਤ ਵਿਚ ਸਥਿਤ ਸਿੰਧੂ ਘਾਟੀ ਦੀ ਸੱਭਿਅਤਾ ਦੇ ਇਕ ਮਸ਼ਹੂਰ ਸਥਾਨ ਧੋਲਾਵੀਰਾ ਨੂੰ ਭਾਰਤ ਦੀ 40ਵੀਂ ਵਿਸ਼ਵ ਵਿਰਾਸਤੀ ਸਾਈਟ ਘੋਸ਼ਿਤ ਕੀਤਾ ਗਿਆ ਸੀ। ਆਗਰਾ ਫੋਰਟ, ਅਜੰਤਾ ਗੁਫਾਵਾਂ, ਏਲੋਰਾ ਗੁਫਾਵਾਂ, ਮਹਾਰਾਸ਼ਟਰ (1983), ਤਾਜ ਮਹਿਲ, ਮਹਾਬਲੀਪੁਰਮ ਸੂਰਜ ਮੰਦਰ, ਕੋਨਾਰਕ ਗੋਆ ਦੇ ਚਰਚ ਅਤੇ ਸੰਮੇਲਨ, ਫਤਿਹਪੁਰ ਸੀਕਰੀ, ਹੰਪੀ ਵਿਖੇ ਸਮਾਰਕਾਂ ਦਾ ਸਮੂਹ ਖੁਜਰਾਹੋ ਸਮਾਰਕਾਂ ਦਾ ਸਮੂਹ, ਐਲੀਫੈਂਟਾ ਗੁਫਾਵਾਂ, ਮਹਾਰਾਸ਼ਟਰ (1987), ਮਹਾਨ ਚੋਲਾ ਮੰਦਰ, ਤਾਮਿਲਨਾਡੂ (1987), ਪੱਤਦਕਲ, ਕਰਨਾਟਕ (1987), ਸਾਂਚੀ, ਮੱਧ ਪ੍ਰਦੇਸ਼ ਵਿਖੇ ਬੋਧੀ ਸਮਾਰਕ (1989) , ਹੁਮਾਯੂੰ ਦਾ ਮਕਬਰਾ, ਦਿੱਲੀ (1993), ਕੁਤੁਬ ਮੀਨਾਰ ਅਤੇ ਇਸ ਦੇ ਸਮਾਰਕ, ਦਿੱਲੀ, ਭਾਰਤ ਦਾ ਪਹਾੜੀ ਰੇਲਵੇ (ਦਾਰਜੀਲਿੰਗ/ਨੀਲਗਿਰੀਜ਼/ਸ਼ਿਮਲਾ), ਪੱਛਮੀ ਬੰਗਾਲ/ ਤਾਮਿਲਨਾਡੂ/ਹਿਮਾਚਲ ਪ੍ਰਦੇਸ਼, ਮਹਾਬੋਧੀ ਵਿਖੇ ਬੋਧ ਗਯਾ ਮੰਦਰ ਕੰਪਲੈਕਸ, ਬਿਹਾਰ, ਭੀਮਬੇਟਕਾ ਦੇ ਰੌਕ ਸ਼ੈਲਟਰਜ਼, ਮੱਧ ਪ੍ਰਦੇਸ਼, ਚੰਪਾਨੇਰ-ਪਾਵਾਗੜ੍ਹ ਪੁਰਾਤੱਤਵ ਪਾਰਕ, ਗੁਜਰਾਤ, ਛਤਰਪਤੀ ਸ਼ਿਵਾਜੀ ਟਰਮੀਨਸ (ਪਹਿਲਾਂ ਵਿਕਟੋਰੀਆ ਟਰਮੀਨਸ), ਲਾਲ ਕਿਲ੍ਹਾ ਕੰਪਲੈਕਸ, ਦਿੱਲੀ (2007), ਜੰਤਰ-ਮੰਤਰ, ਜੈਪੁਰ, ਰਾਜਸਥਾਨ ਦੇ ਪਹਾੜੀ ਕਿਲ੍ਹੇ, ਰਾਣੀ ਕੀ ਵਾਵ, ਪਾਟਨ ਨਾਲੰਦਾ, ਲੇ ਕੋਰਬੁਜੀਅਰ ਦਾ ਆਰਕੀਟੈਕਚਰ ਕਰਿਆ ਚੰਡੀਗੜ੍ਹ, ਅਹਿਮਦਾਬਾਦ, ਵਿਕਟੋਰੀਅਨ ਗੋਥਿਕ ਅਤੇ ਆਰਟ ਡੇਕੋ, ਜੈਪੁਰ, ਕਾਕਤੀਆ ਰੁਦਰੇਸ਼ਵਰ (ਰਾਮੱਪਾ) ਮੰਦਰ, ਤੇਲੰਗਾਨਾ (2021), ਧੋਲਾਵੀਰਾ: ਹੜੱਪਨ ਸਿਟੀ, ਗੁਜਰਾਤ (2021)। ਕੁਦਰਤੀ ਸਾਈਟਾਂ ਇੰਜ ਹਨ-ਕਾਜੀਰੰਗਾ ਨੈਸ਼ਨਲ ਪਾਰਕ, ਅਸਾਮ (1985), ਕੇਓਲਾਦੇਓ ਨੈਸ਼ਨਲ ਪਾਰਕ, ਰਾਜਸਥਾਨ (1985), ਮਾਨਸ ਵਾਈਲਡਲਾਈਫ ਸੈਂਕਚੁਰੀ, ਅਸਾਮ (1985), ਨੰਦਾ ਦੇਵੀ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ, ਉੱਤਰਾਖੰਡ (1988), ਸੁੰਦਰਬਨ ਨੈਸ਼ਨਲ ਪਾਰਕ, ਪੱਛਮੀ ਬੰਗਾਲ (1987), ਪੱਛਮੀ ਘਾਟ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਕੇਰਲਾ (2012), ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ, ਹਿਮਾਚਲ ਪ੍ਰਦੇਸ਼ (2014)। ਮਿਸ਼ਰਤ ਸਾਈਟਾਂ ਇੰਜ ਹਨ : ਖੰਗੇਂਦਜੋਗਾ (ਕੰਚਨਜੰਗਾ) ਨੈਸ਼ਨਲ ਪਾਰਕ, ਸਿੱਕਿਮ (2016)।

ਇਤਿਹਾਸ ਨਾਲ ਸਬੰਧਤ ਕਈ ਮਹੱਤਵਪੂਰਨ ਸਥਾਨ ਭਾਰਤ ਦੀ ਵਿਰਾਸਤ ਦਾ ਹਿੱਸਾ ਹਨ ਜਿਵੇਂ ਕਿ ਨਾਲੰਦਾ, ਰਾਜਗੀਰ, ਬੋਧ ਗਯਾ ਅਤੇ ਵੈਸ਼ਾਲੀ ਗੌਤਮ ਬੁੱਧ ਨਾਲ ਸਬੰਧਤ ਸਥਾਨ। ਇਸੇ ਤਰ੍ਹਾਂ ਕੁਰੂਕਸ਼ੇਤਰ, ਮਥੁਰਾ, ਵਾਰਾਣਸੀ, ਪ੍ਰਯਾਗਰਾਜ, ਹਰਿਦੁਆਰ, ਸਾਰਨਾਥ, ਅਯੁੱਧਿਆ, ਖੁਜਰਾਹੋ, ਸਾਂਚੀ, ਅਜੰਤਾ, ਐਲੋਰਾ, ਪੁਰੀ ਆਦਿ ਭਾਰਤ ਦੇ ਸਾਰੇ ਇਤਿਹਾਸਕ ਸਥਾਨ ਸਾਡੀ ਵਿਰਾਸਤ ਦਾ ਸਰਮਾਇਆ ਹਨ। ਭਾਰਤ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਲਈ ਲੱਖਾਂ ਵਿਦੇਸ਼ੀ ਸੈਲਾਨੀ ਭਾਰਤ ਆਉਂਦੇ ਹਨ। ਮੁਗ਼ਲ ਆਰਕੀਟੈਕਚਰ ਤੇ ਲਲਿਤ ਕਲਾ ਦੁਨੀਆ ’ਚ ਆਪਣੀ ਵੱਖਰੀ ਪਛਾਣ ਰੱਖਦੇ ਹਨ ਜਿਨ੍ਹਾਂ ’ਚ ਆਗਰਾ ਦਾ ਤਾਜ ਮਹਿਲ, ਦਿੱਲੀ ਦਾ ਲਾਲ ਕਿਲ੍ਹਾ, ਕੁਤੁਬ ਮੀਨਾਰ ਆਦਿ ਸ਼ਾਮਲ ਹਨ। ਮਹਾਰਾਸ਼ਟਰ ਦੇ ਅਜੰਤਾ ਤੇ ਐਲੋਰਾ ਗੁਫਾਵਾਂ, ਬਿਹਾਰ ਦੇ ਨਾਲੰਦਾ ਤੇ ਓਡੀਸ਼ਾ ਦੇ ਪੁਰੀ ਵਰਗੇ ਅਹਿਮ ਸਥਾਨਾਂ ’ਤੇ ਸਰਕਾਰ ਦੀਆਂ ਕਈ ਯੋਜਨਾਵਾਂ ਕੰਮ ਕਰ ਰਹੀਆਂ ਹਨ। ਭਾਰਤ ਦੇ ਰੂਹਾਨੀ ਸ਼ਹਿਰ ਕਾਸ਼ੀ ਦੀ ਪੁਨਰ ਸੁਰਜੀਤੀ ਭਾਰਤ ਦੀ ਵਿਰਾਸਤ ਨੂੰ ਬਚਾਉਣ ਦੀ ਦਿਸ਼ਾ ’ਚ ਇਕ ਮੀਲ ਪੱਥਰ ਹੈ। ਸੱਭਿਆਚਾਰਕ ਸਮਾਰਕਾਂ ਦੀ ਸੰਭਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ।

ਸਾਂਝਾ ਕਰੋ