ਭਾਰਤ ਤੇ ਪਾਕਿਸਤਾਨ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਲੱਭਣ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਰਹੱਦ ਪਾਰ ਜਾ ਕੇ ਦਹਿਸ਼ਤਗਰਦਾਂ ਨੂੰ ਮਾਰਨ ਦੇ ਬਿਆਨਾਂ ਸਬੰਧੀ ਸਵਾਲ ’ਤੇ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਆਪਣੇ-ਆਪ ਇਸ ਮਾਮਲੇ ’ਚ ਦਖਲ ਨਹੀਂ ਦੇਵੇਗਾ ਪਰ ਉਸ ਨੇ ਭਾਰਤ-ਪਾਕਿਸਤਾਨ ਨੂੰ ਕਿਸੇ ਵੀ ਟਕਰਾਅ ਤੋਂ ਬਚਣ ਅਤੇ ਗੱਲਬਾਤ ਰਾਹੀਂ ਇਸ ਦਾ ਹੱਲ ਲੱਭਣ ਲਈ ਕਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ’ਚ ਭਾਰਤ ਵੱਲੋਂ ਹੋਰ ਮੁਲਕਾਂ ’ਚ ਦਹਿਸ਼ਤਗਰਦਾਂ ਨੂੰ ਖਤਮ ਕਰਨ ਸਬੰਧੀ ਕਥਿਤ ਅਪਰੇਸ਼ਨਾਂ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਮਿੱਲਰ ਨੇ ਇਹ ਪੁੱਛੇ ਜਾਣ ਕਿ ਕੀ ਮੋਦੀ ਤੇ ਸਿੰਘ ਦੀਆਂ ਟਿੱਪਣੀਆਂ ਨੂੰ ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ, ਨਿਊੁਯਾਰਕ ਵਿੱਚ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਦੀ ਕਤਲ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨ ਵਿੱਚ ਹੱਤਿਆਵਾਂ ਦੇ ‘ਕਬੂਲਨਾਮੇ’ ਵਜੋਂ ਦੇਖਿਆ ਜਾ ਸਕਦਾ ਹੈ, ਦੇ ਜਵਾਬ ’ਚ ਕਿਹਾ ਕਿ ਅਮਰੀਕਾ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੋਵੇਗਾ। ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ, ‘‘ਅਮਰੀਕਾ ਇਸ ਮਾਮਲੇ ਵਿੱਚ ਨਹੀਂ ਪਵੇਗਾ ਪਰ ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਤਣਾਅ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕਰਦੇ ਹਾਂ।

ਇਸ ਸਵਾਲ ਕਿ ਅਮਰੀਕਾ ਨੇ ਇਸ ਮਾਮਲੇ ’ਚ ਭਾਰਤ ’ਤੇ ਪਾਬੰਦੀ ਲਾਉਣ ਸਬੰਧੀ ਵਿਚਾਰ ਕਿਉਂ ਨਹੀਂ ਕੀਤਾ?, ਦੇ ਜਵਾਬ ’ਚ ਮਿੱਲਰ ਨੇ ਆਖਿਆ, ‘‘ਮੈਂ ਪਾਬੰਦੀਆਂ ਬਾਰੇ ਕੁਝ ਨਹੀਂ ਕਹਾਂਗਾ। ਜੇਕਰ ਤੁਸੀਂ ਪਾਬੰਦੀਆਂ ਮੈਨੂੰ ਪੁੱਛਦੇ ਹੋ ਤਾਂ ਮੇਰਾ ਜਵਾਬ ਹੈ ਅਸੀਂ ਜਨਤਕ ਤੌਰ ’ਤੇ ਇਸ ਬਾਰੇ ਗੱਲ ਨਹੀਂ ਕਰਦੇ।’’ ਦੱਸਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦ ਪਾਰ ਅਤਿਵਾਦ ਨਜਿੱਠਣ ਲਈ ਭਾਰਤ ਦੇ ਦ੍ਰਿੜ ਰੁਖ਼ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਜੇਕਰ ਦਹਿਸ਼ਤਗਰਦ ਭਾਰਤ ਵਿੱਚ ਸ਼ਾਂਤੀ ਭੰਗ ਕਰਨ ਜਾਂ ਦਹਿਸ਼ਤੀ ਸਰਗਰਮੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਤੇ ਜੇਕਰ ਉਹ ਪਾਕਿਸਤਾਨ ਭੱਜ ਜਾਂਦੇ ਹਨ ਤਾਂ ਭਾਰਤ ਗੁਆਂਢੀ ਮੁਲਕ ਵਿੱਚ ਜਾ ਕੇ ਉਨ੍ਹਾਂ ਨੂੰ ਮਾਰੇਗਾ। ਹਾਲ ਹੀ ’ਚ ਬਰਤਾਨੀਆ ਦੇ ਅਖਬਾਰ ‘ਦਿ ਗਾਰਡੀਅਨ’ ਨੇ ਆਪਣੀ ਇੱਕ ਖ਼ਬਰ ਵਿੱਚ ਕਿਹਾ ਸੀ ਕਿ ਭਾਰਤੀ ਖੁਫ਼ੀਆ ਏਜੰਸੀਆਂ ਨੇ 2019 ਤੋਂ ਬਾਅਦ ਕੌਮੀ ਸੁਰੱਖਿਆ ਪ੍ਰਤੀ ਸਖ਼ਤ ਰੁਖ ਅਪਣਾਉਂਦਿਆਂ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੀਆਂ ਹੱਤਿਆਵਾਂ ਕੀਤੀਆਂ ਹਨ। ਰੱਖਿਆ ਮੰਤਰੀ ਨੇ ਇਸੇ ਸਬੰਧੀ ਸਵਾਲ ਦੇ ਜਵਾਬ ’ਚ ਉਕਤ ਟਿੱਪਣੀ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਕਥਿਤ ਅਜਿਹੀ ਹੀ ਕਾਰਵਾਈ ਦੀ ਗੱਲ ਕਈ ਵਾਰ ਦੁਹਰਾਈ ਹੈ।

ਸਾਂਝਾ ਕਰੋ