ਰਾਜਪੂਤਾਂ ਦਾ ਗੁੱਸਾ

ਇਸ ਸਮੇਂ ਦੇਸ਼ ਭਰ ਦਾ ਰਾਜਪੂਤ ਭਾਈਚਾਰਾ ਭਾਜਪਾ ਵਿਰੁੱਧ ਗੁੱਸੇ ਨਾਲ ਉੱਬਲ ਰਿਹਾ ਹੈ। ਸ਼ੁਰੂਆਤ ਤਾਂ ਭਾਵੇਂ ਇਸ ਦੀ ਗੁਜਰਾਤ ਤੋਂ ਰਾਜ ਸਭਾ ਦੇ ਮੈਂਬਰ ਪ੍ਰਸ਼ੋਤਮ ਰੁਪਾਲਾ ਦੇ ਦਿੱਤੇ ਇੱਕ ਬਿਆਨ ਨਾਲ ਹੋਈ ਸੀ, ਪਰ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਰਾਜਪੂਤਾਂ ਦੇ ਆਪਣੇ ਵੱਖਰੇ ਵੀ ਕੁਝ ਮਸਲੇ ਹਨ। ਪ੍ਰਸ਼ੋਤਮ ਰੁਪਾਲਾ ਗੁਜਰਾਤ ਦੇ ਰਾਜਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾ 22 ਮਾਰਚ ਨੂੰ ਇੱਕ ਦਲਿਤ ਸੰਮੇਲਨ ਵਿੱਚ ਇਹ ਕਹਿ ਦਿੱਤਾ ਕਿ ‘ਸਾਬਕਾ ਰਾਜਿਆਂ, ਮਹਾਰਾਜਿਆਂ ਨੇ ਮੁਸਲਮਾਨ ਸ਼ਾਸਕਾਂ ਨਾਲ ਰੋਟੀ ਦੀ ਸਾਂਝ ਹੀ ਨਹੀਂ ਪਾਈ, ਆਪਣੀਆਂ ਬੇਟੀਆਂ ਵੀ ਉਨ੍ਹਾਂ ਨਾਲ ਵਿਆਹ ਦਿੱਤੀਆਂ ਸਨ, ਜਦੋਂ ਕਿ ਸਾਡੇ ਦਲਿਤ ਸਮਾਜ ਨੇ ਅੱਤਿਆਚਾਰ ਸਹਿ ਕੇ ਵੀ ਨਾ ਆਪਣਾ ਧਰਮ ਬਦਲਿਆ, ਨਾ ਅਜਿਹੇ ਰਿਸ਼ਤੇ ਜੋੜੇ। ਰੁਪਾਲਾ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਜਰਾਤ ਦਾ ਸਾਰਾ ਰਾਜਪੂਤ ਭਾਈਚਾਰਾ ਸੜਕਾਂ ਉਤੇ ਆ ਗਿਆ। ਰੁਪਾਲਾ ਹੁਣ ਤੱਕ ਤਿੰਨ ਵਾਰ ਮਾਫ਼ੀ ਮੰਗ ਚੁੱਕਾ ਹੈ, ਪਰ ਰਾਜਪੂਤ ਉਸ ਦੀ ਟਿਕਟ ਕੱਟੇ ਜਾਣ ਦੀ ਮੰਗ ਉਤੇ ਅੜੇ ਹੋਏ ਹਨ।

ਭਾਜਪਾ ਬੁਰੀ ਤਰ੍ਹਾਂ ਫਸੀ ਹੋਈ ਹੈ, ਕਿਉਂਕਿ ਜੇਕਰ ਰੁਪਾਲਾ ਦੀ ਟਿਕਟ ਕੱਟਦੀ ਹੈ ਤਾਂ ਰਾਜ ਦਾ ਸਭ ਤੋਂ ਵੱਡਾ ਪਟੇਲ ਭਾਈਚਾਰਾ ਉਸ ਦੇ ਵਿਰੁੱਧ ਹੋ ਜਾਂਦਾ ਹੈ। ਗੁਜਰਾਤ ਵਿੱਚ ਰਾਜਪੂਤ ਬਰਾਦਰੀ ਵੀ ਕਈ ਸੀਟਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੀ ਤਾਕਤ ਰੱਖਦੀ ਹੈ। ਰਾਜਕੋਟ ਵਿੱਚ 15 ਅਪ੍ਰੈਲ ਨੂੰ ਕੀਤੀ ਗਈ ਮਹਾਂਪੰਚਾਇਤ ਵਿੱਚ ਰਾਜਪੂਤ ਆਗੂਆਂ ਨੇ ਭਾਜਪਾ ਨੂੰ 19 ਅਪ੍ਰੈਲ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਰੁਪਾਲਾ ਦੀ ਟਿਕਟ ਨਾ ਕੱਟੀ ਗਈ ਤਾਂ ਰਾਜ ਭਰ ਵਿੱਚ ‘ਅਪ੍ਰੇਸ਼ਨ ਰੁਪਾਲਾ’ ਚਲਾਇਆ ਜਾਵੇਗਾ। ਇਸੇ ਦੌਰਾਨ ਰੁਪਾਲਾ ਦੇ ਨਵੇਂ ਬਿਆਨ ਕਿ ‘ਹਵਾਏਂ ਉਸ ਚਿਰਾਗ ਕਾ ਕਿਆ ਵਿਗਾੜੇਂਗੀ, ਜਿਸ ਕੀ ਹਿਫਾਜ਼ਤ ਖੁਦਾ ਕਰੇ’, ਨੂੰ ਰਾਜਪੂਤ ਆਗੂ ਉਨ੍ਹਾਂ ਨੂੰ ਲਲਕਾਰਨ ਵਜੋਂ ਲੈ ਕੇ ਹੋਰ ਗੁੱਸੇ ਹੋ ਗਏ ਹਨ। ਰਾਜਪੂਤਾਂ ਵਿੱਚ ਗੁੱਸਾ ਏਨਾ ਤਿੱਖਾ ਹੈ ਕਿ ਰਾਜਪੂਤ ਬਰਾਦਰੀ ਦੀਆਂ 9 ਔਰਤਾਂ ਨੇ ਭਾਜਪਾ ਦਫ਼ਤਰ ਅੱਗੇ ਜੌਹਰ (ਆਤਮਦਾਹ) ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਗੁਜਰਾਤ ਦੀ ਅੱਗ ਦਾ ਸੇਕ ਉੱਤਰ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਵੀ ਪਹੁੰਚ ਚੁੱਕਾ ਹੈ। ਹੁਣ ਤੱਕ ਪੱਛਮੀ ਉੱਤਰ ਪ੍ਰਦੇਸ਼ ਵਿੱਚ ਰਾਜਪੂਤਾਂ ਦੀਆਂ ਦੋ ਮਹਾਂਪੰਚਾਇਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਉਕਤ ਸਭ ਰਾਜਾਂ ਦੇ ਰਾਜਪੂਤ ਆਗੂ ਸ਼ਾਮਲ ਹੋਏ ਸਨ। ਇਨ੍ਹਾਂ ਰਾਜਾਂ ਦਾ ਸਭ ਤੋਂ ਵੱਡਾ ਮਸਲਾ ਰਾਜਪੂਤ ਭਾਈਚਾਰੇ ਦੀ ਨੁਮਾਇੰਦਗੀ ਘੱਟ ਕਰਨ ਦਾ ਹੈ। ਇਹ ਅੱਗ ਉਸ ਵੇਲੇ ਹੀ ਸੁਲਗਣੀ ਸ਼ੁਰੂ ਹੋ ਗਈ ਸੀ, ਜਦੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੇ ਦੋ ਸੰਭਾਵਤ ਰਾਜਪੂਤ ਮੁੱਖ ਮੰਤਰੀਆਂ ਨੂੰ ਲਾਂਭੇ ਕਰਕੇ ਦੂਜੀਆਂ ਜਾਤਾਂ ਦੇ ਬਿਨਾਂ ਅਧਾਰ ਵਾਲੇ ਆਗੂਆਂ ਨੂੰ ਗੱਦੀਆਂ ਸੌਂਪ ਦਿੱਤੀਆਂ ਸਨ। ਮਹਾਂਪੰਚਾਇਤਾਂ ਦੌਰਾਨ ਇਹ ਵੀ ਡਰ ਪ੍ਰਗਟ ਕੀਤਾ ਗਿਆ ਕਿ ਜੇਕਰ ਭਾਜਪਾ 300 ਸੀਟਾਂ ਤੋਂ ਵੱਧ ਜਿੱਤ ਜਾਂਦੀ ਹੈ ਤਾਂ ਦੋ ਰਾਜਪੂਤ ਮੁੱਖ ਮੰਤਰੀਆਂ ਪੁਸ਼ਕਰ ਧਾਮੀ ਤੇ ਯੋਗੀ ਅਦਿੱਤਿਆਨਾਥ ਨੂੰ ਵੀ ਬਦਲ ਦਿੱਤਾ ਜਾਵੇਗਾ। ਰਾਜਪੂਤ ਆਗੂਆਂ ਨੂੰ ਇਹ ਵੀ ਗੁੱਸਾ ਹੈ ਕਿ ਉਹ 1990 ਤੋਂ ਭਾਜਪਾ ਦੇ ਨਾਲ ਹਨ, ਪਰ ਉਨ੍ਹਾਂ ਨੂੰ ਲਗਾਤਾਰ ਗੁੱਠੇ ਲਾਇਆ ਜਾ ਰਿਹਾ ਹੈ। ਇਸ ਦੀ ਉਦਾਹਰਨ ਦਿੰਦਿਆਂ ਉਹ ਕਹਿੰਦੇ ਹਨ ਕਿ 2014 ਦੀਆਂ ਚੋਣਾਂ ਵਿੱਚ ਰਾਜਪੂਤ ਬਰਾਦਰੀ ਨੂੰ ਯੂ ਪੀ ਵਿੱਚ 22 ਸੀਟਾਂ ਦਿੱਤੀਆਂ ਗਈਆਂ ਸਨ, ਜੋ 2019 ਵਿੱਚ ਘਟਾ ਕੇ 16 ਕਰ ਦਿੱਤੀਆਂ ਗਈਆਂ ਸਨ।

ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਸ ਵਾਰ ਇਹ 8 ਤੋਂ ਵੱਧ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਗਾਜ਼ੀਆਬਾਦ ਤੋਂ ਲੈ ਕੇ ਸਹਾਰਨਪੁਰ ਤੱਕ ਰਾਜਪੂਤਾਂ ਦਾ ਪੱਤਾ ਸਾਫ਼ ਕਰ ਦਿੱਤਾ ਗਿਆ ਹੈ। ਗਾਜ਼ੀਆਬਾਦ ਦੀ ਸੀਟ ਵਿੱਚ ਰਾਜਪੂਤਾਂ ਦੀ ਅਬਾਦੀ ਸਭ ਤੋਂ ਵੱਧ 5 ਲੱਖ 70 ਹਜ਼ਾਰ ਹੈ, ਪਰ ਰਾਜਪੂਤ ਉਮੀਦਵਾਰ ਨਹੀਂ ਬਣਾਇਆ ਗਿਆ। ਰਾਜਸਥਾਨ ਦੀ ਬਾੜਮੇਰ ਸੀਟ ਤੋਂ ਤਾਂ ਰਾਜਪੂਤਾਂ ਨੇ ਰਵਿੰਦਰ ਸਿੰਘ ਭਾਟੀ ਨੂੰ ਅਜ਼ਾਦ ਖੜ੍ਹਾ ਕਰਕੇ ਆਪਣੀ ਤਾਕਤ ਦਿਖਾਉਣ ਦਾ ਫ਼ੈਸਲਾ ਕਰ ਲਿਆ ਹੈ। ਭਾਜਪਾ ਦੇ ਨੇੜਲੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਜਪੂੂਤਾਂ ਦੀ ਇਸ ਮੁਹਿੰਮ ਨੂੰ ਕੁਝ ਭਾਜਪਾ ਆਗੂਆਂ ਦੀ ਮੌਨ ਸਹਿਮਤੀ ਵੀ ਹਾਸਲ ਹੈ। ਇਨ੍ਹਾਂ ਵਿੱਚ ਵਸੰੁਧਰਾ ਰਾਜੇ, ਰਮਨ ਸਿੰਘ ਤੇ ਰਾਜਨਾਥ ਸਿੰਘ ਦਾ ਨਾਂਅ ਲਿਆ ਜਾ ਰਿਹਾ ਹੈ। ਯੋਗੀ ਅਦਿੱਤਿਆਨਾਥ ਤੇ ਨਰਿੰਦਰ ਮੋਦੀ ਵਿਚਕਾਰਲੀ ਖਹਿਬਾਜ਼ੀ ਕਿਸੇ ਤੋਂ ਛੁਪੀ ਹੋਈ ਨਹੀਂ। ਯੋਗੀ ਅਦਿੱਤਿਆਨਾਥ ਜਾਣਦੇ ਹਨ ਕਿ ਉੱਪਰਲੀ ਕੁਰਸੀ ਹਾਸਲ ਕਰਨ ਦੀ ਉਨ੍ਹਾ ਦੀ ਇੱਛਾ ਤਦ ਹੀ ਪੂਰੀ ਹੋ ਸਕਦੀ ਹੈ, ਜੇਕਰ ਨਰਿੰਦਰ ਮੋਦੀ ਨੂੰ ਇਕ ਵਾਰ ਸੜਕ ਸਵਾਰ ਕਰ ਦਿੱਤਾ ਜਾਵੇ। ਇਹ ਭੁੱਲਣਾ ਨਹੀਂ ਚਾਹੀਦਾ ਕਿ ਰਾਜਪੂਤ ਰਿਆਸਤਾਂ ਦੇ ਸ਼ਾਸਕ ਰਹੇ ਹਨ ਤੇ ਉਹ ਰਾਜ ਕਰਨਾ ਆਪਣਾ ਪਿਤਰੀ ਅਧਿਕਾਰ ਸਮਝਦੇ ਹਨ। ਯੂ ਪੀ ਵਿੱਚ ਰਾਜਪੂਤਾਂ ਦੇ ਵਿਰੋਧ ਦਾ ਕੇਂਦਰ ਹਾਲ ਦੀ ਘੜੀ ਪੱਛਮੀ ਉੱਤਰ ਪ੍ਰਦੇਸ਼ ਹੀ ਹੈ। ਪੂਰਬੀ ਉੱਤਰ ਪ੍ਰਦੇਸ਼ ਹਾਲੇ ਸ਼ਾਂਤ ਹੈ, ਕਿਉਂਕਿ ਉਸ ਹਿੱਸੇ ਵਿੱਚ ਚੋਣਾਂ ਮਗਰਲੇ ਗੇੜਾਂ ਵਿੱਚ ਹੋਣੀਆਂ ਹਨ। ਆਉਂਦੇ ਦਿਨੀਂ ਜੇਕਰ ਉਹ ਹਿੱਸਾ ਵੀ ਮਘਦਾ ਹੈ, ਤਾਂ ਉਹ ਮੋਦੀ ਦੇ 400 ਪਾਰ ਦੇ ਸੁਫ਼ਨੇ ਨੂੰ ਪਲੀਤਾ ਲਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...