ਇਰਾਨ ਨੇ ਸ਼ਨਿਚਰਵਾਰ ਰਾਤ ਇਜ਼ਰਾਈਲ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹੱਲਾ ਬੋਲ ਦਿੱਤਾ ਹੈ। ਤਹਿਰਾਨ ਦੀ ਇਸ ਕਾਰਵਾਈ ਨਾਲ ਦੁਨੀਆ ਦੇ ਉਹ ਵੱਡੇ ਖ਼ਦਸ਼ੇ ਜਾਂ ਭੈਅ ਸੱਚ ਹੋ ਗਏ ਜੋ ਪਿਛਲੇ ਸਾਲ ਸੱਤ ਅਕਤੂਬਰ ਤੋਂ ਬਣੇ ਹੋਏ ਸਨ ਜਦ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਹਮਾਸ ਬਿਨਾਂ ਸ਼ੱਕ ਇਰਾਨ ਦਾ ਕਰੀਬੀ ਸਾਥੀ ਹੈ। ਇਜ਼ਰਾਈਲ ਨੇ ਪਹਿਲੀ ਅਪਰੈਲ ਨੂੰ ਦਮਸ਼ਕ (ਸੀਰੀਆ) ਵਿੱਚ ਸਥਿਤ ਇਰਾਨੀ ਦੂਤਾਵਾਸ ’ਤੇ ਬੰਬਾਰੀ ਕੀਤੀ ਸੀ ਜਿਸ ਤੋਂ 13 ਦਿਨਾਂ ਬਾਅਦ ਹੁਣ ਇਰਾਨ ਨੇ ਜਵਾਬੀ ਹਮਲਾ ਕੀਤਾ ਹੈ। ਸੀਰੀਆ ’ਚ ਇਜ਼ਰਾਇਲੀ ਹਮਲੇ ’ਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦਾ ਚੋਟੀ ਦਾ ਜਨਰਲ ਅਤੇ ਕਈ ਸੈਨਿਕ ਸਲਾਹਕਾਰ ਮਾਰੇ ਗਏ ਸਨ। ਇਸ ਤੋਂ ਇਲਾਵਾ ਇਕ ਦਿਨ ਪਹਿਲਾਂ ਹੀ ਇਰਾਨ ਨੇ ਇਜ਼ਰਾਈਲ ਦਾ ਮਾਲਵਾਹਕ ਸਮੁੰਦਰੀ ਜਹਾਜ਼ ਜ਼ਬਤ ਕੀਤਾ ਹੈ ਜਿਸ ਵਿਚ ਅਮਲੇ ਦੇ ਕੁੱਲ 25 ਮੈਂਬਰ ਸਵਾਰ ਸਨ ਜਿਨ੍ਹਾਂ ਵਿੱਚੋਂ 17 ਭਾਰਤੀ ਨਾਗਰਿਕ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਉਨ੍ਹਾਂ ਇਰਾਨ ਦਾ ਹਮਲਾ ‘ਨਾਕਾਮ’ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਤੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਸੈਂਕੜੇ ਮਿਜ਼ਾਈਲਾਂ ਤੇ ਡਰੋਨ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਗਏ ਹਨ। ਇਜ਼ਰਾਈਲ ਮੁਤਾਬਕ ਇਸ ਬੰਬਾਰੀ ’ਚ 12 ਜਣੇ ਫੱਟੜ ਹੋਏ ਹਨ ਜਿਨ੍ਹਾਂ ’ਚ ਸੱਤ ਸਾਲ ਦਾ ਬੱਚਾ ਵੀ ਸ਼ਾਮਲ ਹੈ। ਹਵਾਈ ਸੈਨਾ ਦੇ ਇਕ ਟਿਕਾਣੇ ਦਾ ‘ਹਲਕਾ ਨੁਕਸਾਨ’ ਵੀ ਹੋਇਆ ਹੈ।
ਪਹਿਲੀ ਅਪਰੈਲ ਦੀ ਬੰਬਾਰੀ ਤੋਂ ਬਾਅਦ ਇਰਾਨੀ ਲੀਡਰਸ਼ਿਪ ਨੇ ਬਦਲਾ ਲੈਣ ਦਾ ਅਹਿਦ ਕੀਤਾ ਸੀ। ਆਇਤੁੱਲ੍ਹਾ ਅਲੀ ਖ਼ਮਨੇਈ ਨੇ ਐਲਾਨ ਕੀਤਾ ਸੀ ਕਿ ਇਜ਼ਰਾਈਲ ਨੂੰ ਇਸ ਦੀ ‘ਸਜ਼ਾ’ ਮਿਲੇਗੀ। ਐਤਵਾਰ ਨੂੰ ਆਪਣੇ ਹਮਲੇ ਰਾਹੀਂ ਇਹ ਦਰਸਾ ਕੇ ਕਿ ਉਹ ਇਜ਼ਰਾਈਲ ਦੇ ਧੁਰ ਅੰਦਰ ਤੱਕ ਮਾਰ ਕਰ ਸਕਦਾ ਹੈ, ਇਰਾਨ ਨੇ ਸੰਯੁਕਤ ਰਾਸ਼ਟਰ ਵਿਚ ਆਪਣੇ ਸਥਾਈ ਪ੍ਰਤੀਨਿਧ ਰਾਹੀਂ ਸਪੱਸ਼ਟ ਕੀਤਾ ਹੈ ਕਿ ਜਵਾਬੀ ਕਾਰਵਾਈ ‘ਪੂਰੀ’ ਹੋ ਗਈ ਹੈ। ਇਸ ਦੇ ਨਾਲ ਹੀ ਇਰਾਨ ਨੇ ਇਜ਼ਰਾਈਲ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਹੁਣ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਨਾ ਕਰੇ। ਅਮਰੀਕਾ ਤੋਂ ਇਲਾਵਾ ਇਜ਼ਰਾਈਲ ਦੇ ਕਈ ਹੋਰਾਂ ਸਾਥੀਆਂ ਜਿਨ੍ਹਾਂ ਵਿਚ ਬਰਤਾਨੀਆ ਤੇ ਫਰਾਂਸ ਸ਼ਾਮਿਲ ਹਨ, ਨੇ ਇਜ਼ਰਾਈਲ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਅਹਿਮ ਪੱਖ ਇਹ ਹੈ ਕਿ ਇਨ੍ਹਾਂ ਮੁਲਕਾਂ ਨੂੰ ਹੁਣ ਮਿਲ ਕੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਨਾਉਣਾ ਚਾਹੀਦਾ ਹੈ ਕਿ ਉਹ ਇਰਾਨ ’ਤੇ ਹਮਲਾ ਨਾ ਕਰਨ ਕਿਉਂਕਿ ਇਸ ਨਾਲ ਮੱਧ ਪੂਰਬ ਵਿਚ ਮੁਕੰਮਲ ਜੰਗ ਲੱਗਣ ਦਾ ਮਾਹੌਲ ਬਣ ਸਕਦਾ ਹੈ। ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਰੱਖਣ ਵਾਲਾ ਭਾਰਤ ਸੰਜਮ ਵਰਤਣ ਦੀ ਅਪੀਲ ਕਰ ਰਿਹਾ ਹੈ, ਫਿਲਹਾਲ ਇਸ ਦਾ ਮੁੱਖ ਮੰਤਵ ਉਸ ਖੇਤਰ ਵਿਚੋਂ ਜਹਾਜ਼ ਦੇ ਅਮਲੇ ਦੇ ਮੈਂਬਰਾਂ ਤੇ ਆਪਣੇ ਹੋਰਾਂ ਨਾਗਰਿਕਾਂ ਨੂੰ ਕੱਢਣਾ ਹੋਣਾ ਚਾਹੀਦਾ ਹੈ ਜੋ ਕਦੇ ਵੀ ਜੰਗ ਦੇ ਖੇਤਰ ਵਿਚ ਤਬਦੀਲ ਹੋ ਸਕਦਾ ਹੈ।
ਸੱਤ ਅਕਤੂਬਰ ਤੋਂ ਬਾਅਦ ਦੀਆਂ ਘਟਨਾਵਾਂ ਜਿਨ੍ਹਾਂ ਵਿੱਚ ਇਜ਼ਰਾਈਲ ਵੱਲੋਂ ਵਰਤੀ ਗਈ ਲੋੜੋਂ ਵੱਧ ਤਾਕਤ ਹਜ਼ਾਰਾਂ ਨਾਗਰਿਕਾਂ ਦੀ ਮੌਤ ਅਤੇ ਮਾਨਵੀ ਸੰਕਟ ਦਾ ਕਾਰਨ ਬਣੀ ਹੈ, ਨੇ ਮੱਧ-ਪੂਰਬ ਨੂੰ ਬਾਰੂਦ ਦੇ ਢੇਰ ’ਤੇ ਬਿਠਾ ਦਿੱਤਾ ਹੈ। ਇਹ ਟਕਰਾਅ ਸ਼ਾਇਦ ਯੂਰੋਪ, ਅਮਰੀਕਾ ਅਤੇ ਚੀਨ ਦੇ ਜੰਗ ਉੱਤੇ ਨਿਰਭਰ ਵਪਾਰਾਂ-ਕਾਰੋਬਾਰਾਂ ਲਈ ਤਾਂ ਲਾਹੇਵੰਦ ਹੋ ਸਕਦਾ ਹੈ ਪਰ ਦੁਨੀਆ ਭਰ ਵਿੱਚ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਇਸ ਖੇਤਰ ’ਚ ਸ਼ਾਂਤੀ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।