ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਉੱਥਾਨ ਲਈ ਲੇਖੇ ਲਾ ਦਿੱਤਾ ਆਪਣਾ ਜੀਵਨ

ਡਾ. ਭੀਮ ਰਾਓ ਅੰਬੇਡਕਰ ਦਾ ਪੂਰਾ ਨਾਂ ਭੀਮ ਰਾਓ ਰਾਮ ਜੀ ਅੰਬੇਡਕਰ ਸੀ। ਉਨ੍ਹਾਂ ਦਾ ਪਿਤਾ ਪੁਰਖੀ ਪਿੰਡ ਅੰਬਾਵੜੇ ਸੀ। ਇਸ ਲਈ ਉਹ ਆਪਣੇ ਨਾਂ ਦੇ ਨਾਲ ਅੰਬਾਵਡੇਕਰ ਲਿਖਦੇ ਸਨ। ਉਨ੍ਹਾਂ ਦੇ ਮਾਸਟਰ ਮਹਾਦੇਵ ਆਪਣੇ ਨਾਂ ਨਾਲ ਅੰਬੇਡਕਰ ਲਿਖਦੇ ਸਨ। ਉਨ੍ਹਾਂ ਦਾ ਬਾਬਾ ਸਾਹਿਬ ਨਾਲ ਬਹੁਤ ਪਿਆਰ ਸੀ। ਇਸ ਲਈ ਉਨ੍ਹਾਂ ਦੀ ਸਲਾਹ ’ਤੇ ਬਾਬਾ ਸਾਹਿਬ ਨੇ ਆਪਣਾ ਨਾਂ ਅੰਬਾਵਡੇਕਰ ਤੋਂ ਬਦਲ ਕੇ ਅੰਬੇਡਕਰ ਰੱਖ ਲਿਆ ਸੀ। ਡਾ. ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਜ਼ਿਲੇ ਇੰਦੌਰ ਦੇ ਪਿੰਡ ਮਹੂ ਵਿਚ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਂ ਰਾਮ ਜੀ ਮਾਲੌਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾ ਬਾਈ ਸੀ। ਉਸ ਨਵ-ਜਨਮੇ ਬੱਚੇ ਦਾ ਨਾਂ ਭੀਮ ਰੱਖਿਆ ਗਿਆ ਪਰ ਘਰ ਵਾਲੇ ਉਸ ਨੂੰ ਭੀਵਾ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦਾ ਜਨਮ ਮਹਾਰ ਜਾਤੀ ਵਿਚ ਹੋਇਆ ਸੀ ਜੋ ਆਪਣੀ ਵੀਰਤਾ, ਤਾਕਤ ਤੇ ਇਮਾਨਦਾਰੀ ਲਈ ਪ੍ਰਸਿੱਧ ਸੀ ਅਤੇ ਇਸ ਤੋਂ ਮਹਾਰਾਸ਼ਟਰ ਦਾ ਨਾਂ ਪਿਆ ਸੀ। ਆਪ ਜੀ ਦੇ ਪਿਤਾ ਰਾਮ ਜੀ ਬਿ੍ਰਟਿਸ਼ ਫ਼ੌਜ ਵਿਚ ਸੂਬੇਦਾਰ ਸਨ। ਫ਼ੌਜ ਤੋਂ ਸੇਵਾ ਮੁਕਤ ਹੋਣ ਮਗਰੋਂ ਉਹ ਰਤਨਾਗਿਰੀ ਤਹਿਸੀਲ ਵਿਚ ਦਾਪੋਲੀ ਪਿੰਡ ਵਿਚ ਦੂਸਰੇ ਸੇਵਾ-ਮੁਕਤ ਫ਼ੌਜੀਆਂ ਨਾਲ ਰਹਿਣ ਲੱਗੇ। ਪਰ ਉਸ ਸਮੇਂ ਦਾਪੋਲੀ ਨਗਰ ਪ੍ਰੀਸ਼ਦ ਦੇ ਸਕੂਲਾਂ ਵਿਚ ਤਥਾ-ਕਥਿਤ ਅਛੂਤ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਮਨਾਹੀ ਸੀ ਪਰ ਸੂਬੇਦਾਰ ਰਾਮ ਜੀ ਨੇ ਫ਼ੌਜੀ ਅਧਿਕਾਰੀਆਂ ਨੂੰ ਬੇਨਤੀ ਕਰ ਕੇ ਸਤਾਰਾ ਦੇ ਹਾਈ ਸਕੂਲ ਵਿਚ 7 ਨਵੰਬਰ 1900 ਈਸਵੀ ਦੇ ਦਿਨ ਭੀਵਾ ਨੂੰ ਅੰਗਰੇਜ਼ੀ ਦੀ ਪਹਿਲੀ ਕਲਾਸ ਵਿਚ ਦਾਖ਼ਲ ਕਰਵਾਇਆ। ਇਸ ਦਿਨ ਨੂੰ ਹੁਣ ਮਹਾਰਾਸ਼ਟਰ ਸਰਕਾਰ ਵਿਦਿਆਰਥੀ ਦਿਵਸ ਦੇ ਤੌਰ ’ਤੇ ਮਨਾਉਂਦੀ ਹੈ। ਇਸ ਸਕੂਲ ਵਿਚ ਭੀਵਾ ਨਾਲ ਜਾਤ ਕਰਕੇ ਮਾੜਾ ਵਰਤਾਅ ਕੀਤਾ ਗਿਆ। ਉਸ ਨੂੰ ਕਲਾਸ ਦੇ ਕਮਰੇ ਤੋਂ ਬਾਹਰ ਬੈਠ ਕੇ ਪੜ੍ਹਨਾ ਪੈਂਦਾ ਸੀ ਤੇ ਟੂਟੀ ਤੋਂ ਪਾਣੀ ਪੀਣ ਦੀ ਮਨਾਹੀ ਸੀ। ਆਪ ਨੂੰ ਪਾਣੀ ਸਕੂਲ ਦਾ ਚਪੜਾਸੀ ਹੀ ਪਿਲਾਉਂਦਾ ਸੀ ਅਤੇ ਜਿਸ ਦਿਨ ਚਪੜਾਸੀ ਛੁੱਟੀ ’ਤੇ ਹੁੰਦਾ ਸੀ, ਉਸ ਨੂੰ ਪਿਆਸਾ ਰਹਿਣਾ ਪੈਂਦਾ ਸੀ। ਉਸ ਦੇ ਵਾਲ ਕੱਟਣ ਨੂੰ ਕੋਈ ਤਿਆਰ ਨਹੀਂ ਸੀ, ਇਹ ਕੰਮ ਉਸ ਦੀ ਭੈਣ ਕਰਦੀ ਸੀ। ਇਨ੍ਹਾਂ ਘਟਨਾਵਾਂ ਦਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਮਨ ’ਤੇ ਬਹੁਤ ਪ੍ਰਭਾਵ ਪਿਆ। ਭੀਵਾ ਨੇ ਮੁੰਬਈ ਦੇ ਸਰਕਾਰੀ ਐਲਿਫਿੰਸ਼ਟਨ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕੀਤੀ।

ਇਸ ਸਕੂਲ ਵਿਚ ਪੜ੍ਹਦਿਆਂ ਹੋਇਆਂ ਵੀ ਆਪ ਨਾਲ ਭੈੜਾ ਵਰਤਾਅ ਕੀਤਾ ਗਿਆ। ਸਵਰਨ ਕਹੀਆਂ ਜਾਂਦੀਆਂ ਜਾਤੀਆਂ ਦੇ ਵਿਦਿਆਰਥੀ ਆਪਣੇ ਰੋਟੀ ਵਾਲੇ ਡੱਬੇ ਬਲੈਕ ਬੋਰਡ ਦੇ ਪਿੱਛੇ ਰੱਖਿਆ ਕਰਦੇ ਸਨ। ਇਕ ਦਿਨ ਜਦ ਮਾਸਟਰ ਜੀ ਦੇ ਕਹਿਣ ’ਤੇ ਭੀਮ ਰਾਓ ਰੇਖਾ ਗਣਿਤ ਦੇ ਸਿਧਾਂਤ ਸਿੱਧ ਕਰਨ ਲਈ ਬਲੈਕ ਬੋਰਡ ਵੱਲ ਵਧੇ ਤਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਰੋਟੀ ਵਾਲੇ ਡੱਬੇ ਬਲੈਕ ਬੋਰਡ ਕੋਲੋਂ ਹਟਾ ਲਏ ਤਾਂ ਜੋ ਉਹ ਭਿੱਟ ਨਾ ਜਾਣ। ਉਸ ਤੋਂ ਬਾਅਦ ਹੀ ਭੀਮ ਰਾਓ ਸਵਾਲ ਹੱਲ ਕਰ ਸਕਿਆ। ਇਸ ਦਾ ਵੀ ਉਸ ਦੇ ਮਨ ’ਤੇ ਗੂੜ੍ਹਾ ਅਸਰ ਹੋਇਆ ਅਤੇ ਆਪ ਦਾ ਮਨ ਵਿਦਰੋਹ ਕਰਨ ਲਈ ਦ੍ਰਿੜ੍ਹ ਹੋ ਗਿਆ। ਜਦੋਂ ਭੀਮ ਰਾਓ ਐਲਿਫਿੰਸ਼ਟਨ ਸਕੂਲ ਵਿਚ ਪੜ੍ਹਦਾ ਸੀ, ਉਸ ਦੇ ਪਿਤਾ ਜੀ ਨੇ ਉਸ ਦਾ ਵਿਆਹ ਰਮਾ ਬਾਈ ਨਾਲ ਕਰਵਾ ਦਿੱਤਾ। ਭੀਮ ਰਾਓ ਅਛੂਤ ਵਿਦਿਆਰਥੀਆਂ ਵਿੱਚੋਂ ਮੈਟਿ੍ਰਕ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਵਿਦਿਆਰਥੀ ਸੀ। ਉਸ ਦੀ ਅਗਲੀ ਪੜ੍ਹਾਈ ਲਈ ਉਸ ਦੇ ਅਧਿਆਪਕ ਕੇਲਸ਼ਕਰ ਗੁਰੂ ਜੀ ਨੇ ਬੜੌਦਾ ਨਰੇਸ਼ ਸ਼੍ਰੀਮੰਤ ਸਇਆ ਜੀ ਰਾਵ ਗਾਇਕਵਾੜ ਤੋਂ ਵੀਹ ਰੁਪਏ ਮਹੀਨਾ ਵਜ਼ੀਫ਼ਾ ਲੈ ਕੇ ਦਿੱਤਾ। ਤਿੰਨ ਜਨਵਰੀ 1908 ਨੂੰ ਭੀਮ ਰਾਓ ਨੇ ਐਲਿਫਿੰਸ਼ਟਨ ਕਾਲਜ ਵਿਚ ਦਾਖ਼ਲਾ ਲੈ ਲਿਆ। ਉਨ੍ਹਾਂ ਦੇ ਪਿਤਾ ਨੇ ਭੀਮ ਰਾਓ ਨੂੰ ਸਿੱਖਿਅਤ ਕਰਨ ਲਈ ਅਣਥੱਕ ਮਿਹਨਤ ਕੀਤੀ। ਪ੍ਰੀਖਿਆ ਦੇ ਦਿਨਾਂ ਵਿਚ ਉਹ ਉਸ ਨੂੰ ਰਾਤ ਦੇ 2 ਵਜੇ ਪੜ੍ਹਨ ਬਿਠਾ ਦਿੰਦੇ ਸਨ। ਸੰਨ 1912 ’ਚ ਭੀਮ ਰਾਓ ਨੇ ਬੀਏ ਦੀ ਪ੍ਰੀਖਿਆ ਪਾਸ ਕਰ ਲਈ। ਉਸ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਸ ਦੇ ਪਿਤਾ ਜੀ ਗੰਭੀਰ ਬਿਮਾਰੀ ਕਰ ਕੇ 2 ਫਰਵਰੀ 1913 ਨੂੰ ਸਦੀਵੀ ਵਿਛੋੜਾ ਦੇ ਗਏ। ਭੀਮ ਰਾਓ ਨੂੰ ਆਪਣੇ ਪੈਰਾਂ ’ਤੇ ਖੜੇ੍ਹ ਹੋਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਨੇ ਬੜੌਦਾ ਨਰੇਸ਼ ਤੋਂ ਵਜ਼ੀਫ਼ਾ ਪ੍ਰਾਪਤ ਕਰਨ ਤੇ ਅਮਰੀਕਾ ਜਾ ਕੇ ਉਚੇਰੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਨਾਲ ਇਹ ਇਕਰਾਰ ਕੀਤਾ ਕਿ ਉਹ ਪੜ੍ਹਾਈ ਪੂਰੀ ਕਰ ਕੇ ਆਉਣ ਤੋਂ ਬਾਅਦ 10 ਸਾਲ ਬੜੌਦਾ ਰਿਆਸਤ ਵਿਚ ਨੌਕਰੀ ਕਰੇਗਾ। ਸੰਨ 1913 ਤੋਂ 1916 ਤੱਕ ਉਨ੍ਹਾਂ ਨੇ ਨਿਊਯਾਰਕ ’ਚ ਰਹਿ ਕੇ ਕੋਲੰਬੀਆ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਸ਼ੇ ਵਿੱਚੋਂ ਪੋਸਟ ਗ੍ਰੈਜੂਏਸ਼ਨ ਤੇ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨ ਡਿਊਈ ਅਤੇ ਐਂਡਵਿਨ ਸ਼ਲਿੰਗਟਨ ਦੇ ਵਿਚਾਰਾਂ ਦਾ ਭੀਮ ਰਾਓ ਦੇ ਮਨ ’ਤੇ ਗਹਿਰਾ ਪ੍ਰਭਾਵ ਪਿਆ ਜਿਸ ਕਾਰਨ ਉਹ ਆਸ਼ਾਵਾਦੀ, ਪ੍ਰਗਤੀਸ਼ੀਲ ਅਤੇ ਵਿਆਪਕ ਵਿਚਾਰਾਂ ਦੇ ਧਾਰਨੀ ਬਣੇ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਨੂੰ ਬੜੌਦਾ ਰਿਆਸਤ ’ਚ ਮਹਾਰਾਜਾ ਦਾ ਮਿਲਟਰੀ ਸਕੱਤਰ ਨਿਯੁਕਤ ਕੀਤਾ ਗਿਆ। ਉਹ ਸੈਕਟਰੀਏਟ ਦੇ ਅਫ਼ਸਰਾਂ ਦੀ ਕਲੱਬ ਦੀਆਂ ਗਤੀਵਿਧੀਆਂ ’ਚ ਆਪਣੀ ਜਾਤ ਕਰਕੇ ਸ਼ਾਮਲ ਨਹੀ ਹੋ ਸਕਦਾ ਸੀ। ਇੰਨੀ ਉੱਚੀ ਪਦਵੀ ਹੋਣ ਕਰਕੇ ਵੀ ਦਫ਼ਤਰ ਦੇ ਕਲਰਕਾਂ, ਮੁਨਸ਼ੀ ਅਤੇ ਅਰਦਲੀ ਵੀ ਦੂਰ ਤੋਂ ਉਸ ਦੇ ਮੇਜ਼ ’ਤੇ ਫਾਈਲ ਸੁੱਟਦੇ ਸਨ। ਡਾ. ਅੰਬੇਡਕਰ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਅਨੇਕ ਡਿਗਰੀਆਂ, ਲਿਆਕਤ, ਪੁਜ਼ੀਸ਼ਨ ਵੀ ੳੇੁਨ੍ਹਾਂ ਪ੍ਰਤੀ ਵਿਤਕਰੇ ਨੂੰ ਘੱਟ ਕਰਨ ਲਈ ਰੱਤੀ ਭਰ ਵੀ ਸਹਾਈ ਨਹੀਂ ਹੋਈਆਂ। ਸ਼ਹਿਰ ’ਚ ਰਹਿਣ ਲਈ ਉਨ੍ਹਾਂ ਨੂੰ ਘਰ ਨਹੀਂ ਮਿਲਿਆ ਬਲਕਿ ਹਰ ਪਾਸੇ ਅਪਮਾਨ ਮਿਲਿਆ। ਡਾ. ਅੰਬੇਡਕਰ ਨੇ ਗ੍ਰੇਜ਼ ਇਨ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੇ ਪੋਲੀਟੀਕਲ ਸਾਇੰਸ ਵਿੱਚੋਂ ਐੱਸਐੱਮਸੀ ਅਤੇ ਡੀਐੱਸਈ ਦੀ ਡਿਗਰੀ ਪ੍ਰਾਪਤ ਕੀਤੀ। ਆਪ ਕੋਲ ਡਿਗਰੀਆਂ ਦਾ ਭੰਡਾਰ ਹੋਣ ਕਰਕੇ ਉਨ੍ਹਾਂ ਦੀ ਗਿਣਤੀ ਦੁਨੀਆ ਦੇ ਸਭ ਤੋਂ ਵੱਧ ਪੜੇ੍ਹ-ਲਿਖੇ ਵਿਅਕਤੀਆਂ ਵਿਚ ਹੋਣ ਲੱਗੀ। ਉਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਨੇ ‘ਸਿੰਬਲ ਆਫ ਨਾਲੇਜ’ ਦੀ ਉਪਾਧੀ ਦਿੱਤੀ। ਡਾ. ਅੰਬੇਡਕਰ ਨੇ ਆਪਣੇ ਜੀਵਨ ਵਿਚ ਅਧਿਆਪਕ ਦਾ ਕਾਰਜ ਅਤੇ ਵਕਾਲਤ ਕੀਤੀ। ਆਪਣੀ ਮਿਹਨਤ ਤੇ ਲਗਨ ਨਾਲ ਉਹ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਨ੍ਹਾਂ ਨੇ ਗ਼ਰੀਬ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਨਮਾਨਜਨਕ ਜੀਵਨ ਜਿਊਣ ਦਾ ਹੱਕ ਲੈਣ ਲਈ ਵੋਟ ਦਾ ਅਧਿਕਾਰ ਲੈਣ ਵਾਸਤੇ ਸੰਘਰਸ਼ ਕੀਤਾ। ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਹੱਕ ਅਤੇ ਪ੍ਰਸੂਤਾ ਛੁੱਟੀ ਦਾ ਹੱਕ ਲੈ ਕੇ ਦਿੱਤਾ। ਕਿਰਤੀ ਲੋਕਾਂ ਲਈ ਕੰਮ ਕਰਨ ਲਈ 08 ਘੰਟੇ ਦਾ ਸਮਾਂ ਨਿਰਧਾਰਤ ਕੀਤਾ। ਆਪ ਜੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕਰਨ ਲਈ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਜਾਤ-ਪਾਤ ਨੂੰ ਖ਼ਤਮ ਕੀਤਾ, ਭੇਦਭਾਵ ਦੂਰ ਕਰਨ ਲਈ ਕਾਨੂੰਨ ਬਣਾਏ। ਡਾ. ਅੰਬੇਡਕਰ ਨੇ ਬਚਪਨ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਅਨੇਕ ਮੁਸ਼ਕਲਾਂ ਦਾ ਸਾਹਮਣਾ ਕੀਤਾ। ਕਈ ਵਾਰ ਭੁੱਖੇ-ਪਿਆਸੇ ਰਹਿ ਕੇ ਘੋਰ ਤੰਗੀਆਂ-ਤੁਰਸ਼ੀਆਂ ਦਾ ਮੁਕਾਬਲਾ ਕੀਤਾ ਪਰ ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦਾ ਉੱਥਾਨ ਕਰਨ ਲਈ ਆਪਣਾ ਜੀਵਨ ਲੇਖੇ ਲਾ ਦਿੱਤਾ। ਉਨ੍ਹਾਂ ਦੀ ਦੇਸ਼ ਪ੍ਰਤੀ ਕੀਤੀ ਸੇਵਾ ਲਈ ਆਪ ਨੂੰ 1990 ਵਿਚ ਭਾਰਤ ਰਤਨ ਪ੍ਰਦਾਨ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...