ਪ੍ਰਧਾਨ ਮੰਤਰੀ ਦਾ ਜੰਮੂ ਕਸ਼ਮੀਰ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਊਧਮਪੁਰ ’ਚ ਸੰਬੋਧਨ ਕਰਦਿਆਂ ਜੰਮੂ ਤੇ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਅਤੇ ਰਾਜ ਦੇ ਦਰਜੇ ਦੀ ਬਹਾਲੀ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਦੇ ਇਸ ਵਾਅਦੇ ਨੇ ਖੇਤਰ ’ਚ ਸੁਲ੍ਹਾ ਅਤੇ ਤਰੱਕੀ ਲਈ ਪੁੱਟੇ ਜਾਣ ਵਾਲੇ ਅਹਿਮ ਕਦਮਾਂ ਵੱਲ ਇਸ਼ਾਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹਿੰਸਾ ਦੇ ਭੈਅ ਤੋਂ ਮੁਕਤ ਲੋਕ ਸਭਾ ਚੋਣਾਂ ਕਰਾਉਣ ਦਾ ਇਕਰਾਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਵਾਅਦੇ ਤੋਂ ਸਰਕਾਰ ਦੀਆਂ ਉਨ੍ਹਾਂ ਕੋਸ਼ਿਸ਼ਾਂ ਵਿੱਚ ਭਰੋਸਾ ਵਧਦਾ ਹੈ ਜੋ ਸ਼ਾਂਤੀ ਬਹਾਲੀ ਲਈ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਵਾਅਦਿਆਂ ਦੀ ਸਫਲਤਾ ਇਨ੍ਹਾਂ ਦੇ ਸਮੇਂ ਸਿਰ ਲਾਗੂ ਹੋਣ ’ਤੇ ਨਿਰਭਰ ਹੈ ਤੇ ਇਸ ਲਈ ਖੇਤਰ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਵੀ ਹੋਣਾ ਪਏਗਾ। ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਤੇ ਵਿਧਾਨ ਸਭਾ ਚੋਣਾਂ ਵਿਚ ਹੋਰ ਦੇਰੀ ਭਾਰਤ ਦੇ ਲੋਕਰਾਜੀ ਸਿਧਾਂਤਾਂ ਨੂੰ ਖੋਖਲਾ ਕਰੇਗੀ। ਛੇ ਸਾਲਾਂ ਤੋਂ ਖੇਤਰ ’ਚ ਚੁਣੀ ਹੋਈ ਸਰਕਾਰ ਦੀ ਗ਼ੈਰ-ਮੌਜੂਦਗੀ ਅਤੇ ਖਾਲੀ ਪਈਆਂ ਰਾਜ ਸਭਾ ਦੀਆਂ ਸੀਟਾਂ ਲੋਕਤੰਤਰੀ ਖਲਾਅ ਨੂੰ ਦਰਸਾਉਂਦੀਆਂ ਹਨ।

ਸੁਪਰੀਮ ਕੋਰਟ ਵੱਲੋਂ ਸਤੰਬਰ 2024 ਤੱਕ ਰਾਜ ’ਚ ਵਿਧਾਨ ਸਭਾ ਚੋਣਾਂ ਕਰਾਉਣ ਦੇ ਦਿੱਤੇ ਹੁਕਮ ਨੇ ਵੀ ਜੰਮੂ ਕਸ਼ਮੀਰ ’ਚ ਲੋਕਤੰਤਰੀ ਨੁਮਾਇੰਦਗੀ ਤੇ ਪ੍ਰਸ਼ਾਸਨ ਦੀ ਫੌਰੀ ਲੋੜ ਨੂੰ ਉਭਾਰਿਆ ਹੈ। ਚੁਣਾਵੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨਾ ਨਾ ਕੇਵਲ ਸੰਵਿਧਾਨਕ ਫ਼ਰਜ਼ ਹੈ ਬਲਕਿ ਲੋਕਾਂ ਵਿਚਾਲੇ ਭਰੋਸੇ ਦੀ ਮੁੜ ਉਸਾਰੀ ਲਈ ਵੀ ਇਹ ਅਹਿਮ ਹੈ। ਬਿਆਨਬਾਜ਼ੀ ਤੋਂ ਅਗਾਂਹ ਜਾ ਕੇ ਸਰਕਾਰ ਨੂੰ ਇਨ੍ਹਾਂ ਟੀਚਿਆਂ ਦੀ ਪੂਰਤੀ ਲਈ ਯੋਜਨਾ ਅਤੇ ਸਮਾਂ ਸੀਮਾ ਬਣਾਉਣੀ ਚਾਹੀਦੀ ਹੈ ਤੇ ਲੋਕਾਂ ਦੀਆਂ ਖਾਹਿਸ਼ਾਂ ਮੁਤਾਬਿਕ ਕੰਮ ਕਰ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨੀ ਚਾਹੀਦੀ ਹੈ।

ਸਰਕਾਰ ਵੱਲੋਂ ਭਾਵੇਂ ਪਿਛਲੇ ਸਾਲਾਂ ਦੌਰਾਨ ਅਪਣਾਈ ਪਹੁੰਚ ਅਤੇ ਬੁਨਿਆਦੀ ਢਾਂਚੇ, ਸਿਹਤ ਸੰਭਾਲ ਤੇ ਸੰਪਰਕ ਖੇਤਰ ’ਚ ਚੁੱਕੇ ਕਦਮ ਸ਼ਲਾਘਾਯੋਗ ਹਨ, ਅਤਿਵਾਦ ਦੀਆਂ ਘਟਨਾਵਾਂ ਵਿਚ ਵੀ ਕਮੀ ਆਈ ਹੈ, ਫਿਰ ਵੀ ਕੁਝ ਚੁਣੌਤੀਆਂ ਬਣੀਆਂ ਹੋਈਆਂ ਹਨ। ਹੁਣ ਕਿਉਂਕਿ ਜੰਮੂ ਕਸ਼ਮੀਰ ਇਸ ਬਦਲਾਓ ਦੇ ਦੌਰ ਵਿਚੋਂ ਲੰਘ ਰਿਹਾ ਹੈ, ਜ਼ਰੂਰੀ ਹੈ ਕਿ ਵਿਆਪਕ ਸੰਵਾਦ ਕੀਤਾ ਜਾਵੇ ਅਤੇ ਖੇਤਰੀ ਸਿਆਸੀ ਪਾਰਟੀਆਂ ਤੇ ਸਿਵਲ ਸੁਸਾਇਟੀ ਸਣੇ ਸਾਰੇ ਹਿੱਤ ਧਾਰਕਾਂ ਦੀ ਗੱਲ ਸੁਣੀ ਜਾਵੇ। ਲੋਕਰਾਜੀ ਪ੍ਰਕਿਰਿਆ ਦੀ ਬਹਾਲੀ ਲਈ ਸਾਜ਼ਗਾਰ ਮਾਹੌਲ ਕਾਇਮ ਕਰਨ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ। ਸੂਬੇ ਦਾ ਦਰਜਾ ਬਹਾਲ ਹੋਣ ਅਤੇ ਨਿਰਪੱਖ ਚੋਣਾਂ ਨਾਲ ਲੋਕ ਸਮਰੱਥ ਬਣਨਗੇ ਤੇ ਨਾਲ ਹੀ ਜੰਮੂ ਕਸ਼ਮੀਰ ਦੇ ਸਥਿਰ ਤੇ ਖ਼ੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਹੋਵੇਗਾ। ਇਸ ਸਬੰਧ ਵਿਚ ਸਭ ਤੋਂ ਅਹਿਮ ਗੱਲ ਖਿੱਤੇ ਦੇ ਲੋਕਾਂ ਅੰਦਰ ਭਰੋਸਾ ਪੈਦਾ ਕਰਨਾ ਹੈ। ਲੋਕਾਂ ਅੰਦਰ ਭਰੋਸਾ ਪੈਦਾ ਕਰਨ ਲਈ ਸਰਕਾਰ ਨੂੰ ਲੋਕਾਂ ਦੀ ਨਬਜ਼ ਟੋਹ ਕੇ ਕੁਝ ਲਾਜ਼ਮੀ ਕਦਮ ਉਠਾਉਣੇ ਪੈਣਗੇ। ਇਸ ਤੋਂ ਬਾਅਦ ਹੀ ਲੋਕਰਾਜ ਦੀ ਬਹਾਲੀ ਲਈ ਮਾਹੌਲ ਬਣ ਸਕੇਗਾ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...