ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜਗਤ ਵਿਚ ਧਰਮ ਬਹੁਤ ਸਨ। ਧਰਮਾਂ ਦੇ ਫ਼ਿਰਕੇ ਵੀ ਬਹੁਤ ਸਨ। ਫ਼ਿਰਕਿਆਂ ਦੇ ਅੰਦਰ ਵੀ ਫ਼ਿਰਕੇ ਅਣਗਿਣਤ ਸਨ। ਮਤ-ਮਤਾਂਤਰ ਵੀ ਬੇਸ਼ੁਮਾਰ ਸਨ। ਕਰਮ-ਕਾਂਡਾਂ ਦੀ ਗਿਣਤੀ ਵੀ ਬਹੁਤ ਸੀ ਪਰ ਸੱਚਾ ਧਰਮ, ਧਰਮ ਦਾ ਸੱਚ ਮੌਜੂਦ ਨਹੀਂ ਸੀ। ਇਸ ਸਰ-ਜ਼ਮੀਨ ’ਤੇ ਦੋ ਮਹਾਨ ਫ਼ਲਸਫ਼ੇ ਸਾਹਮਣੇ ਆਏ। ਰੱਬੁਲ ਆਲਮੀਨ ਤੇ ਵਸੁਧੇਵ ਕਟੁੰਬਕਮ। ਦੋਨਾਂ ਦਾ ਲਬੋ ਲਬਾਬ ਇਕ ਹੀ ਸੀ ਕਿ ਸਾਰਾ ਸੰਸਾਰ ਇਕ ਕੁਟੰਬ, ਪਰਿਵਾਰ ਜਾਂ ਕੁਨਬਾ ਹੈ ਅਤੇ ਸਾਰੇ ਜਗਤ ਦਾ ਰੱਬ ਇਕ ਹੈ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਦੋਨਾਂ ਵਿਚ ਏਕਾ ਹੋ ਕੇ ਇਕ-ਦੂਜੇ ਨੂੰ ਨਾਲ ਲੈ ਕੇ ਖਾਲਕ ਦੀ ਇਬਾਦਤ ਅਤੇ ਖਲਕਤ ਦੀ ਖਿਦਮਤ ਕਰਦੇ। ਪਰ ਇਹ ਨਾ ਹੋ ਕੇ ਇਹ ਟਕਰਾਅ ਵਿਚ ਬਦਲ ਗਿਆ। ਇਕ-ਦੂਜੇ ਨੂੰ ਨੀਵਾਂ ਵਿਖਾਂਦਿਆਂ-ਵਿਖਾਂਦਿਆਂ ਧਰਮ ਦੇ ਅਸਲ ਤੱਤ ਤੋਂ ਦੂਰ ਹੋ ਗਏ। ਗੁਰਮਤਿ ਦਾ ਆਸ਼ਾ ਤਾਂ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ।। 7।। 27।। (ਦਸਮ ਗ੍ਰੰਥ ਸਾਹਿਬ) ਸੀ। ਵਾਹਿਗੁਰੂ ਨੇ ਇਹ ਧਰਤੀ ਭਲੇ ਪੁਰਸ਼ਾਂ ਦੇ ਵਸਣ ਲਈ ਬਣਾਈ ਸੀ ਪਰ ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ।। (966)। ਇਤਨਾ ਹੀ ਨਹੀਂ, ਇਸ ਧਰਤੀ ਨੂੰ ਵੀ ਮਲੇਛ ਭੂਮੀ ਅਤੇ ਦੇਵ ਭੂਮੀ ਵਿਚ ਵੰਡ ਦਿੱਤਾ ਗਿਆ। ਆਮ ਬੋਲਚਾਲ ਦੀ ਬੋਲੀ ਵੀ ਦੇਵ ਭਾਸ਼ਾ ਤੇ ਮਲੇਛ ਭਾਸ਼ਾ ਵਿਚ ਵੰਡੀ ਗਈ। ਜਗਤ ਵਿਚ ਪਾਟੋਧਾੜ ਸਿਖ਼ਰ ’ਤੇ ਪਹੁੰਚ ਗਈ। ਜਗਤ ਜਲੰਦੇ ਦੀ ਇਸ ਹਾਲਤ ਵਿਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਜੀ ਨੇ ਇਸ ਮਕਸਦ ਲਈ ਥਾਂ-ਥਾਂ ਸੰਗਤਾਂ ਕਾਇਮ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਸ ਸੰਗਤ ਨੂੰ ਰੂਹਾਨੀ ਸਿਧਾਂਤ, ਬਾਣਾ ਬਾਣੀ, ਕੇਂਦਰੀ ਸਥਾਨ ਅਤੇ ਕੌਮੀ ਵਜੂਦ ਲਈ ਲੋੜੀਂਦੇ ਸਾਰੇ ਸਾਧਨਾਂ ਨਾਲ ਸਰਾਬੋਰ ਕੀਤਾ। ਹਾਕਮ ਆਪਣੇ-ਆਪ ਨੂੰ ਰੱਬ ਹੀ ਸਮਝਣ ਲੱਗ ਪਏ ਸਨ। ਪੱਛਮੀ ਦੇਸ਼ਾਂ ਵਿਚ ਵੀ ਰਾਜਾ ਕਦੇ ਗ਼ਲਤੀ ਕਰ ਹੀ ਨਹੀਂ ਸਕਦਾ। ਉਸ ਸਮੇਂ ਦੇ ਰਾਜਨੀਤਕ, ਧਾਰਮਿਕ ਅਤੇ ਰਾਜਨੀਤਕ ਹਾਲਾਤ ਦਾ ਇਸ਼ਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਹੈ,
ਜੈਸਿ ਜੂਨਿ ਇਕ ਦੇਤ ਬਖਨਿਯਤ॥ ਤਿਯੋ ਇਕ ਜੂਨਿ ਦੇਵਤਾ ਜਨਿਯਤ ॥ ਜੈਸੇ ਹਿੰਦੂਆ ਨੌ ਤੁਰਕਾਨਾਂ ॥ ਸਭਹਿਂਨ ਸੀਸ ਕਾਲ ਜਰਵਾਨਾ ॥ 5॥ ਦੇਵ ਦੈਂਤ ਜਿਨ ਦੋਊ ਸੰਘਾਰਾ॥ ਵਹੀ ਪੁਰਖ ਭਿ ਪਤਿਪਾਲ ਹਮਾਰਾ॥ 6॥1॥ ਉਸ ਸਮੇਂ ਸੋਚ ਜਾਂ ਜ਼ਮੀਰ ਦੀ ਆਜ਼ਾਦੀ ਦੀ ਤਾਂ ਗੱਲ ਹੀ ਕਰਨੀ ਅਨਹੋਣੀ ਬਾਤ ਸੀ। ਆਮ ਜਨਤਾ ਨੇ ਜੋ ਹੀਣਤਾ, ਗ਼ੁਲਾਮੀ, ਜ਼ੁਲਮ ਬਰਦਾਸ਼ਤ ਕਰਨਾ ਆਪਣੀ ਕਿਸਮਤ ਹੀ ਸਮਝ ਲਿਆ ਸੀ। ਇਸ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਇਸ ਗੁਰੂ ਕੀ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਬਣਾ ਦਿੱਤਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥ (ਭਾਈ ਗੁਰਦਾਸ ਦੂਜਾ)। ਰੂਹਾਨੀਅਤ ਦੇ ਸੰਸਾਰ ਵਿਚ ਇਕ ਅਜਬ ਕਰਿਸ਼ਮਾ ਵਾਪਰਿਆ। ਉਹ ਕੈਸਾ ਨਜ਼ਾਰਾ ਹੋਏਗਾ ਜਦ ਪੰਥ ਦਾ ਵਾਲੀ ਖ਼ੁਦ ਹੀ ਅੰਮ੍ਰਿਤ ਦੀ ਯਾਚਨਾ ਲਈ ਆਪਣੇ ਹੀ ਸਾਜੇ ਖ਼ਾਲਸੇ ਦੇ ਸਨਮੁਖ ਬੀਰ ਆਸਨ ਹੋ ਕੇ ਨਤਮਸਤਕ ਹੋਇਆ ਹੋਵੇਗਾ। ਖ਼ਾਲਸੇ ਨੂੰ ਆਪਣਾ ਰੂਪ ਸਰੂਪ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਅੰਦਰ ਹੀਣਤਾ ਦੀ ਭਾਵਨਾ ਦਾ ਨਾਮੋ-ਨਿਸ਼ਾਨ ਵੀ ਨਾ ਰਹਿਣ ਦਿੱਤਾ। ਇਸ ਸੰਤ-ਸਿਪਾਹੀ ਨੂੰ ਅਕਾਲ ਪੁਰਖ ਦੇ ਗੁਣਾਂ ਨਾਲ ਸਰਾਬੋਰ ਕੀਤਾ, ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ ।।
ਗੁਰੂ ਸਾਹਿਬ ਨੂੰ ਬਾਦਸ਼ਾਹਾਂ ਨਾਲ ਕੋਈ ਦਿੱਕਤ ਨਹੀਂ ਸੀ ਜਿਤਨੀ ਦੇਰ ਉਹ ਰਿਆਇਆ ਨਾਲ ਇਨਸਾਫ਼ ਤੇ ਉਨ੍ਹਾਂ ਦੇ ਹੱਕਾਂ ਦੇ ਰਾਖੇ ਬਣ ਕੇ ਰਹਿਣ। ਪਰ ਜਦੋਂ ਉਹ ਹੰਕਾਰ, ਤਕੱਬਰ ਅਤੇ ਜ਼ੁਲਮ ’ਤੇ ਆਮਾਦਾ ਹੋ ਜਾਣ ਤਾਂ ਗੁਰੂਘਰ ਨਾਲ ਟਕਰਾਅ ਵੀ ਹੋਇਆ। ਹੁਣ ਇਹ ਵਾਹਿਗੁਰੂ ਜੀ ਕਾ ਖ਼ਾਲਸਾ ਸੋਚ ਅਤੇ ਜ਼ਮੀਰ ਪੱਖੋਂ ਪੂਰੀ ਤਰ੍ਹਾਂ ਖ਼ੁਦਮੁਖਤਾਰ ਤੇ ਆਜ਼ਾਦ ਹੋ ਚੁੱਕਾ ਸੀ। ਇਹ ਸੰਭਵ ਹੈ ਕਿ ਜਿਸਮ ਤਾਂ ਕਿਸੇ ਸ਼ਖ਼ਸ ਦਾ ਬੰਧਨਾਂ ਵਿਚ ਹੋ ਸਕਦਾ ਹੈ ਪਰ ਅਹਿਮ ਹੈ ਕਿ ਉਸ ਦੀ ਸੋਚ ਅਤੇ ਜ਼ਮੀਰ ਨੂੰ ਗ਼ੁਲਾਮ ਨਹੀਂ ਬਣਾਇਆ ਜਾ ਸਕਦਾ। ਇਹ ਕਰਾਮਾਤ ਜਾਂ ਜੁਗ ਪਲਟਾਊ ਕ੍ਰਾਂਤੀ ਸੀ ਜੋ ਗੁਰੂ ਸਾਹਿਬ ਨੇ ਖ਼ਾਲਸੇ ਦੀ ਝੋਲੀ ਵਿਚ ਪਾਈ। ਸਰੀਰਕ ਤੌਰ ’ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਬਾਬਾ ਜੁਝਾਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰੀ ਜੀ ਅਤੇ ਬਾਅਦ ’ਚ ਅਣਗਿਣਤ ਸਿੰਘ-ਸਿੰਘਣੀਆਂ ਸਰੀਰਕ ਤੌਰ ’ਤੇ ਬੰਦੀ ਖਾਨੇ ਵਿਚ ਰਹੇ ਪਰ ਉਨ੍ਹਾਂ ਦੀ ਸੋਚ ਤੇ ਜ਼ਮੀਰ ਨੂੰ ਕੋਈ ਕੈਦ ਨਹੀਂ ਕਰ ਸਕਿਆ। ਛੋਟੇ ਸਾਹਿਬਜ਼ਾਦਿਆਂ ਨੇ ਵਜ਼ੀਦੇ ਦੀ ਕਚਹਿਰੀ ਵਿਚ ਸਿਰ ਝੁਕਾਉਣ ਦੀ ਬਜਾਇ ਪਹਿਲਾਂ ਆਪਣੇ ਪੈਰ ਅੰਦਰ ਕਰ ਕੇ ਇਸ ਜ਼ਮੀਰ ਦੀ ਆਜ਼ਾਦੀ ਦਾ ਜੈਕਾਰਾ ਗੁੰਜਾ ਦਿੱਤਾ। ਇਸੇ ਲਈ ਕੌਮਾਂ ਦੀ ਵੀ ਜੇਕਰ ਸੋਚ ਤੇ ਜ਼ਮੀਰ ਆਜ਼ਾਦ ਹੋਵੇ ਤਾਂ ਬੰਧਨ ਵੀ ਟੁੱਟ ਹੀ ਜਾਂਦੇ ਹਨ। ਪਰ ਜੇ ਜ਼ਮੀਰ ਨੇ ਹੀ ਗ਼ੁਲਾਮੀ ਪ੍ਰਵਾਨ ਕਰ ਲਈ ਤਾਂ ਉਹ ਬੰਧਨ ਸਦੀਵੀ ਹੋਣਗੇ।
ਆਜ਼ਾਦ ਜ਼ਮੀਰ ਦੀ ਇਕ ਦਿਲਚਸਪ ਵਾਰਤਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਇਕ ਰਾਜਨੀਤਕ ਆਗੂ ਦਾ ਪਿੱਛਾ ਪੁਲਿਸ ਕਰ ਰਹੀ ਸੀ। ਉਸ ਨੂੰ ਭੱਜਦਿਆਂ ਵੇਖ ਕੇ ਇਕ ਵੇਸਵਾ ਨੇ ਬੂਹਾ ਖੋਲ੍ਹ ਕੇ ਉਸ ਨੂੰ ਅੰਦਰ ਵਾੜ ਲਿਆ। ਪੁਲਿਸ ਆਈ ਤੇ ਪੁੱਛਿਆ ਕਿ ਇੱਥੇ ਕੋਈ ਆਇਆ ਹੈ ਤਾਂ ਉਸ ਨੇ ਸਾਫ਼ ਨਾਂਹ ਕਰ ਦਿੱਤੀ। ਪੁਲਿਸ ਚਲੀ ਗਈ। ਬਾਅਦ ਵਿਚ ਉਸ ਨੇਤਾ ਨੇ ਪੁੱਛਿਆ ਕਿ ਕਮਾਲ ਹੈ, ਇਹ ਤੂੰ ਇਕ ਵੇਸਵਾ ਹੋ ਕੇ ਕਿਉਂ ਕੀਤਾ। ਉਸ ਨੇ ਜਵਾਬ ਦਿੱਤਾ, ‘‘ਮੈਂ ਜਿਸਮ ਫ਼ਰੋਸ਼ ਹਾਂ, ਜ਼ਮੀਰ ਫ਼ਰੋਸ਼ ਨਹੀਂ।’’ ਅੱਜ ਕਈ ਐਸੇ ਪੰਥ ਦੋਖੀ ਵੀ ਹਨ ਜੋ ਪੰਥ ਦਾ ਲਬਾਦਾ ਓਢ ਕੇ ਨਿੱਜੀ ਲਾਭਾਂ ਲਈ ਜ਼ਮੀਰ ਫ਼ਰੋਸ਼ੀ ਲਈ ਹਰ ਵੇਲੇ ਤਤਪਰ ਹਨ, ਖ਼ਰੀਦਣ ਵਾਲਾ ਚਾਹੀਦਾ ਹੈ। ਜੇ ਦੁਨਿਆਵੀ ਪੱਧਰ ’ਤੇ ਬਹੁਤ ਕੁਝ ਹੈ ਪਰ ਜ਼ਮੀਰ ਮਰੀ ਹੋਈ ਹੈ ਤਾਂ ਐਸੇ ਇਨਸਾਨ ਦੀ ਹਾਲਤ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ।।3।। (463।। ਤੋਂ ਬਿਹਤਰ ਨਹੀਂ ਹੋ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਖ਼ਾਲਸੇ ਨੂੰ ਸੋਚ ਅਤੇ ਜ਼ਮੀਰ ਦੀ ਆਜ਼ਾਦੀ ਦੇ ਗੁਣ ਦੇ ਕੇ ‘ਰਾਜ ਕਰੇਗਾ ਖ਼ਾਲਸਾ’ ਦੇ ਇਲਾਹੀ ਨਿਸ਼ਾਨੇ ਦੀ ਬਖ਼ਸ਼ਿਸ਼ ਕੀਤੀ। ਇਸ ਨੇ ਨਾ ਕੇਵਲ ਸੰਸਾਰ ਦੇ ਨਕਸ਼ੇ ਨੂੰ ਹੀ ਤਬਦੀਲ ਕੀਤਾ ਬਲਕਿ ਆਉਣ ਵਾਲੇ ਸਾਰੇ ਇਤਿਹਾਸ ਨੂੰ ਹੀ ਬਦਲ ਕੇ ਰੱਖ ਕੇ ਦਿੱਤਾ। ਜੇ ਸੋਚ ਤੇ ਜ਼ਮੀਰ ਦੀ ਆਜ਼ਾਦੀ ਕਾਇਮ ਹੈ ਤਾਂ ਇਹ ਧਾਰਮਿਕ ਤੇ ਰਾਜਨੀਤਕ ਆਜ਼ਾਦੀ ਦੀ ਜ਼ਾਮਨ ਹੈ। ਹੱਕ, ਇਨਸਾਫ਼, ਮਨੁੱਖੀ ਅਧਿਕਾਰਾਂ ਲਈ ਖ਼ਾਲਸਾ ਜੂਝਦਾ ਤੇ ਕੁਰਬਾਨੀਆਂ ਕਰਦਾ ਰਹੇਗਾ। ਇਹ ਪੈਗ਼ਾਮ ਹੈ ਵਿਸਾਖੀ ਦਾ। ਇਹੀ ਪੈਗਾਮ ਹੈ ਧਰਮ ਕੇ ਜੈਕਾਰ ਕਾ। ਇਹ ਨਿਸ਼ਾਨਾ ਹੈ ਪੂਰਨ ਮਨੁੱਖ “ਸੰਤ ਸਿਪਾਹੀ”ਦਾ। ਵਿਸਾਖੀ ਦਾ ਪਾਵਨ ਦਿਹਾੜਾ ਖ਼ਾਲਸੇ ਦੀ ਸਿਰਜਣਾ ਦਾ ਦਿਵਸ ਹੈ ਜਿਸ ਨੇ ਕੌਮ ਨੂੰ ਸੋਚ ਅਤੇ ਜ਼ਮੀਰ ਦੀ ਆਜ਼ਾਦੀ ਦੀ ਦਿ੍ੜ੍ਹਤਾ ਪ੍ਰਦਾਨ ਕੀਤੀ।