ਬਿਜਲੀ ਦੀ ਕੁੰਡੀ ਦੇ ਪੁਆੜੇ

ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਉਦੋਂ ਅਸੀਂ ਆਪਣੇ ਪਿੰਡ ਹੀ ਰਹਿੰਦੇ ਸਾਂ। ਪਿੰਡਾਂ ਵਿਚ ਫੋਨ ਨਵੇਂ-ਨਵੇਂ ਆਏ ਸਨ ਪਰ ਮੋਬਾਈਲ ਅਜੇ ਨਹੀਂ ਸਨ ਆਏ। ਲੈਂਡਲਾਈਨ ਵੀ ਗਿਣਤੀ ਦੇ ਘਰਾਂ ਵਿਚ ਹੁੰਦੇ ਸਨ। ਗਰਮੀਆਂ ਵਿਚ ਆਮ ਕਰਕੇ ਸਾਰੇ ਲੋਕ ਛੱਤਾਂ ਉੱਤੇ ਹੀ ਸੌਂਦੇ ਸਨ। ਥੋੜ੍ਹੇ ਦਿਨਾਂ ਬਾਅਦ ਅੱਧੀ ਕੁ ਰਾਤ ਨੂੰ ਵਾਰੀ-ਵਾਰੀ ਨਾਲ ਲੋਕਾਂ ਦੇ ਘਰਾਂ ਦੇ ਫੋਨ ਵੱਜਣ ਲੱਗ ਪੈਂਦੇ। ਫੋਨ ਦੀ ਘੰਟੀ ਦੀ ਆਵਾਜ਼ ਵੀ ਪੂਰੀ ਉੱਚੀ ਹੁੰਦੀ ਸੀ। ਉਦੋਂ ਕਈ ਲੋਕ ਘੰਟੀ ਉੱਚੀ ਰੱਖਣ ਨੂੰ ਸ਼ਾਨ ਜਿਹੀ ਸਮਝਦੇ ਸਨ। ਫੋਨ ਆਉਣ ਤੋਂ ਬਾਅਦ ਘਰਾਂ ਵਿਚ ਹਿਲਜੁਲ ਸ਼ੁਰੂ ਹੋ ਜਾਂਦੀ। ਮੈਨੂੰ ਸਮਝ ਨਾ ਆਉਂਦੀ ਕਿ ਇਹ ਥੋੜ੍ਹੇ ਕੁ ਦਿਨਾਂ ਬਾਅਦ ਕੀ ਹੋ ਜਾਂਦਾ ਐ। ਇਕ ਦਿਨ ਮੈਂ ਆਪਣੇ ਪਤੀ ਨੂੰ ਪੁੱਛਿਆ, “ਆਹ ਲੋਕਾਂ ਨੂੰ ਅੱਧੀ ਰਾਤ ਨੂੰ ਕੀ ਹੋ ਜਾਂਦਾ ਐ?’’ ਉਹ ਕਹਿੰਦੇ, “ਤੂੰ ਕੀ ਲੈਣੈ? ਚੁੱਪ ਕਰ ਕੇ ਸੌਂ ਜਾ।’’ ਦੂਜੇ ਦਿਨ ਮੈਂ ਚਾਚੀ ਤੋਂ ਪੁੱਛਿਆ, “ਚਾਚੀ ਜੀ! ਆਹ ਅੱਧੀ ਰਾਤ ਨੂੰ ਲੋਕਾਂ ਦੇ ਫੋਨ ਕਿਉਂ ਖੜਕਣ ਲੱਗ ਪੈਂਦੇ ਨੇ?’’ ਚਾਚੀ ਜੀ ਕਹਿੰਦੇ, “ਜਿਨ੍ਹਾਂ ਦੇ ਫੋਨ ਖੜਕਦੇ ਨੇ ਉਹ ਕੁੰਡੀਆਂ ਲਾਉਂਦੇ ਨੇ।ਪਿੰਡਾਂ ਵਿਚ ਲੋਕ ਆਮ ਹੀ ਬਿਜਲੀ ਦੀਆਂ ਤਾਰਾਂ ਦੇ ਜੋੜਾਂ ’ਤੇ ਕੁੰਡੀਆਂ ਲਾਉਂਦੇ ਸਨ। ਔਰਤਾਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਸਨ। ਜੇ ਘਰ ਦੇ ਬੰਦਿਆਂ ਨੂੰ ਖੇਤੋਂ ਜਾਂ ਕਿਤੋਂ ਬਾਹਰੋਂ ਆਉਣ ਨੂੰ ਕੁਵੇਲਾ ਹੋ ਜਾਂਦਾ ਤਾਂ ਉਹ ਆਪ ਹੀ ਕੁੰਡੀ ਲਾ ਲੈਂਦੀਆਂ ਸਨ। ਉਹ ਕੁੰਡੀ ਲਾਉਣ ਨੂੰ ਕੋਈ ਬੁਰਾ ਨਹੀਂ ਸਨ ਸਮਝਦੇ ਸਗੋਂ ਇਸ ਨੂੰ ਹੁਸ਼ਿਆਰੀ ਅਤੇ ਚੁਸਤ-ਚਲਾਕ ਹੋਣ ਦਾ ਸਬੂਤ ਮੰਨਿਆ ਜਾਂਦਾ ਸੀ। ਇਕ ਦਿਨ ਸਵੇਰੇ ਦਸ-ਗਿਆਰਾਂ ਕੁ ਵਜੇ ਹੀ ਬਿਜਲੀ ਵਾਲਾ ਭਾਈ ਕਿਸੇ ਦੇ ਘਰੇ ਗਿਆ। ਸ਼ਾਇਦ ਉਸ ਨੇ ਮੀਟਰ ਦੀ ਪੜ੍ਹਤ ਲੈਣੀ ਸੀ। ਉਧਰੋਂ ਫੋਨ ਦੀ ਘੰਟੀ ਵੱਜੀ। ਘਰ ਵਿਚ ਇਕ ਔਰਤ ਹੀ ਸੀ। ਉਸ ਨੇ ਫੋਨ ਚੁੱਕਣ ਤੋਂ ਪਹਿਲਾਂ ਬਿਜਲੀ ਵਾਲਾ ਦੇਖ ਲਿਆ। ਮੀਟਰ ਵਿਚ ਕਿਤੇ ਕੁੰਡੀ ਲੱਗੀ ਹੋਈ ਸੀ। ਭਾਈ ਮੀਟਰ ਵਾਲੇ ਪਾਸੇ ਜਾਣ ਲੱਗਿਆ ਤਾਂ ਸਿਆਣੀ ਬੀਬੀ ਨੇ ਕਾਹਲੀ ਨਾਲ ਆਖਿਆ, “ਵੇ ਭਾਈ! ਆਹ ਫੂਨ ਚੱਕੀਂ, ਮੈਂ ਮਾੜਾ ਜਾ ਕੰਮ ਕਰ ਲਾਂ।’’ਅਸਲ ਵਿਚ ਉਸ ਦੇ ਦਿਮਾਗ ’ਚ ਸੀ ਕਿ ਭਾਈ ਫੋਨ ਚੁੱਕੂ ਤੇ ਐਨੇ ਨੂੰ ਉਹ ਕੁੰਡੀ ਲਾਹ ਦਿਊ। ਭਾਈ ਅੱਗੋਂ ਹੈਰਾਨੀ ਅਤੇ ਸ਼ੱਕੀ ਜਿਹੀ ਨਜ਼ਰ ਨਾਲ ਮੱਥੇ ਤਿਊੜੀਆਂ ਪਾਉਂਦਾ ਬੋਲਿਆ, “ਕਿਉਂ? ਮੈਂ ਕਿਉਂ ਚੁੱਕਾਂ ਥੋਡਾ ਫੋਨ? ਆਪਣਾ ਫੋਨ ਆਪ ਚੁੱਕੋ।’’ ਇਹ ਆਖ ਕੇ ਸਿੱਧਾ ਮੀਟਰ ਵੱਲ ਹੋਇਆ ਅਤੇ ਕੁੰਡੀ ਫੜੀ ਗਈ। ਸਿਆਣੀ ਬੀਬੀ ਨੇ ਜਦੋਂ ਫੋਨ ਚੁੱਕਿਆ ਤਾਂ ਉਸ ਦੇ ਮੂੰਹੋਂ ਇਹੀ ਨਿਕਲਿਆ, “ਹੁਣ ਤਾਂ ਭੈਣੇ ਭਾਣਾ ਵਰਤ ਗਿਆ। ਜੇ ਦੋ ਕੁ ਮਿੰਟ ਪਹਿਲਾਂ ਦੱਸ ਦਿੰਦੀ ਤਾਂ ਬਚ ਜਾਂਦੇ।

ਲੋਕਾਂ ਦੀਆਂ ਬਿਜਲੀ ਬਿੱਲਾਂ ਦੀਆਂ ਬੱਚਤਾਂ ਦੇਖ ਕੇ ਸਾਡੇ ਘਰ ਵੀ ਘੁਸਰ-ਮੁਸਰ ਸ਼ੁਰੂ ਹੋ ਗਈ। ਐਨੇ ਤਕੜੇ-ਤਕੜੇ ਘਰ ਕੁੰਡੀਆਂ ਲਾਉਂਦੇ ਨੇ ਫਿਰ ਆਪਾਂ ਕਿਉਂ ਨਹੀਂ। ਇਕ ਦਿਨ ਪਾਣੀ ਗਰਮ ਕਰਨ ਲਈ ਰਾਡ ਲਾਉਣ ਵੇਲੇ ਘਰਦਿਆਂ ਦੇ ਕਹਿਣ ’ਤੇ ਮੇਰੇ ਪਤੀ ਵੀ ਕੁੰਡੀ ਲਾਉਣ ਲੱਗੇ। ਜਦੋਂ ਮੈਂ ਦੇਖਿਆ ਤਾਂ ਇਕਦਮ ਮੇਰਾ ਦਿਮਾਗ ਸੁੰਨ ਹੋ ਗਿਆ। ਮੈਂ ਬਾਪੂ ਜੀ ਹੁਰਾਂ ਨਾਲ ਲੜਨ ਵਰਗੀ ਹੋ ਗਈ ਕਿ ਕਿੰਨੀ ਕੁ ਬੱਚਤ ਕਰ ਲਵਾਂਗੇ। ਜੇ ਭਲਾ ਕੋਈ ਨੁਕਸਾਨ ਹੋ ਗਿਆ। ਬਾਪੂ ਜੀ ਨੇ ਇਨ੍ਹਾਂ ਨੂੰ ਰੋਕ ਦਿੱਤਾ। ਤਾਂ ਕਿਤੇ ਮੇਰਾ ਮਨ ਟਿਕਾਣੇ ਆਇਆ। ਦੋ ਕੁ ਦਿਨਾਂ ਬਾਅਦ ਸਾਡੇ ਘਰ ਦੋ ਮੁੰਡੇ ਆਏ। ਇਕ ਨੂੰ ਮੈਂ ਪਛਾਣਦੀ ਸੀ। ਦੂਜੇ ਦੇ ਹੱਥ ਵਿਚ ਸੰਦਾਂ ਵਾਲਾ ਝੋਲ਼ਾ ਫੜਿਆ ਸੀ। ਦੋਵੇਂ ਅੰਦਰ ਮੀਟਰ ਕੋਲ ਚਲੇ ਗਏ। ਮੇਰੇ ਪਤੀ ਨੇ ਉਨ੍ਹਾਂ ਨੂੰ ਕੁਝ ਆਖਿਆ। ਉਹ ਥੋੜ੍ਹੀ ਉੱਚੀ ਸੁਰ ਵਿਚ ਬੋਲਿਆ, “ਆਪਣੀ ਲਿਹਾਜ਼ ਐ ਤਾਂ ਮੈਂ ਇਹਨੂੰ ਲੈ ਕੇ ਆਇਆ ਆਂ… ਕਿਸੇ ਨੂੰ ਨੀ ਪਤਾ ਲੱਗਦਾ। ਕਿੰਨੇ ਸਾਰੇ ਲੋਕਾਂ ਨੇ ਇਹੀ ਕੁਝ ਕੀਤਾ ਹੋਇਐ। ਬਿਜਲੀ ਵਾਲੇ ਮੀਟਰ ਵੀ ਦੇਖ ਕੇ ਜਾਂਦੇ ਨੇ ਤਾਂ ਵੀ ਨੀ ਪਤਾ ਲੱਗਦਾ।’’ ਮਨ੍ਹਾ ਕਰਨ ਦੇ ਬਾਵਜੂਦ ਇਹ ਚੁੱਪ ਕਰ ਕੇ ਖੜ੍ਹੇ ਦੇਖਦੇ ਰਹੇ ਅਤੇ ਉਹ ਆਪਣਾ ਕੰਮ ਕਰ ਕੇ ਸੌ-ਦੋ ਸੌ ਰੁਪਏ ਲੈ ਕੇ ਚਲੇ ਗਏ। ਇਹ ਬਾਹਰ ਵਿਹੜੇ ਵਿਚ ਆ ਕੇ ਚੁੱਪ ਕਰ ਕੇ ਖੜ੍ਹੇ ਰਹੇ। ਮੈਂ ਕੋਲ ਆ ਕੇ ਵਿਅੰਗ ਕੱਸਦਿਆਂ ਕਿਹਾ, “ਲਵਾ ਲੀ ਫਿਰ ਆਪਾਂ ਵੀ ਕੁੰਡੀ?’’ ਮੈਂ ਅੰਦਰੋਂ ਮੱਚੀ ਪਈ ਸਾਂ। ਅੱਜ ਚੁੱਪ ਰਹਿਣਾ ਔਖਾ ਲੱਗ ਰਿਹਾ ਸੀ। ਮੈਨੂੰ ਇਨ੍ਹਾਂ ’ਤੇ ਖਿਝ ਚੜ੍ਹ ਰਹੀ ਸੀ ਕਿ ਇਨ੍ਹਾਂ ਨੇ ਏਦਾਂ ਕਿਉਂ ਕੀਤਾ। ਉਦੋਂ ਅਸੀਂ ਦੋਵੇਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਂਦੇ ਸਾਂ। ਮੈਂ ਫਿਰ ਆਖਿਆ, “ਆਪਾਂ ਬੱਚਿਆਂ (ਵਿਦਿਆਰਥੀਆਂ) ਨੂੰ ਇਮਾਨਦਾਰੀ ਕਿਵੇਂ ਸਿਖਾਵਾਂਗੇ?’’ ਇਹ ਮੇਰੇ ਵੱਲ ਕੌੜਾ ਜਿਹਾ ਝਾਕੇ। ਮੈਂ ਫਿਰ ਕਿਹਾ, “ਪਿੰਡ ਵਾਲੀ ਬੀਬੀ (ਮੇਰੀ ਮਾਂ) ਆਖਦੀ ਹੁੰਦੀ ਐ… ‘ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ…ਬਰਾਬਰ ਈ ਹੁੰਦੀਆਂ ਨੇ।’’ ਇਹ ਬਿਨਾਂ ਬੋਲਿਆਂ ਬਾਹਰ ਨੂੰ ਚਲੇ ਗਏ। ਅਗਲੇ ਦਿਨ ਸਵੇਰੇ ਈ ਸਾਡੇ ਘਰ ਦਗੜ ਦਗੜ ਕਰਦੇ ਬਿਜਲੀ ਵਾਲੇ ਆ ਗਏ। ਬਿਨਾਂ ਦੇਰ ਕੀਤਿਆਂ ਉਹ ਸਾਡਾ ਮੀਟਰ ਪੁੱਟ ਕੇ ਦੇਖਣ ਲੱਗੇ।

ਮੈਂ ਸ਼ਰਮ ਨਾਲ ਮਰਨਹਾਕੀ ਹੋਈ ਪਈ ਸੀ। ਦਿਲ ਕਰਦਾ ਸੀ ਧਰਤੀ ਵਿਰਲ ਦੇ ਦੇਵੇ ਤੇ ਮੈਂ ਬੇਇੱਜ਼ਤੀ ਤੋਂ ਬਚਣ ਲਈ ਉਸ ’ਚ ਸਮਾ ਜਾਵਾਂ। ਮੇਰੇ ਪਤੀ ਨੇ ਉਨ੍ਹਾਂ ਨੂੰ ਚਾਹ-ਪਾਣੀ ਪੁੱਛਿਆ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਮੈਨੂੰ ਰਹਿ-ਰਹਿ ਕੇ ਗੁੱਸਾ ਆ ਰਿਹਾ ਸੀ। ਮੈਂ ਵਾਰ-ਵਾਰ ਆਪਣੇ ਪਤੀ ਦੇ ਚਿਹਰੇ ਵੱਲ ਦੇਖ ਰਹੀ ਸਾਂ। ਇਨ੍ਹਾਂ ’ਤੇ ਕੋਈ ਅਸਰ ਨਹੀਂ ਸੀ। ਆਰਾਮ ਨਾਲ ਪੁਰਾਣਾ ਅਖ਼ਬਾਰ ਪੜ੍ਹ ਰਹੇ ਸਨ। ਮੈਂ ਪਤਾ ਨਹੀਂ ਕੀ-ਕੀ ਸੋਚਦੀ ਰਹੀ। ਮੈਂ ਮਨੋ-ਮਨੀ ਵਾਰ-ਵਾਰ ਇਹੀ ਆਖਾਂ…‘‘ਹੇ ਬਾਬਾ ਨਾਨਕਾ! ਅੱਜ ਲਾਜ ਰੱਖ ਲੈ। ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਕਰਾਂਗੇ।’’ ਪੰਜ-ਸੱਤ ਮਿੰਟਾਂ ਬਾਅਦ ਬਿਜਲੀ ਵਾਲੇ ਮੀਟਰ ਉਸੇ ਤਰ੍ਹਾਂ ਸੈੱਟ ਕਰ ਕੇ ਇੱਧਰ-ਉੱਧਰ ਤਾਰਾਂ ’ਤੇ ਨਿਗ੍ਹਾ ਮਾਰ ਕੇ ਚਲੇ ਗਏ। ਜਿੰਨੀ ਦੇਰ ਉਹ ਰਹੇ, ਮੇਰੇ ਅੰਦਰ ਘੜਮੱਸ ਮਚਿਆ ਰਿਹਾ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਹ ਬਿਨਾਂ ਕੁਝ ਬੋਲਿਆਂ ਚਲੇ ਗਏ। ਮੈਂ ਤਾਂ ਇਹੀ ਸੋਚਦੀ ਰਹੀ ਕਿ ਉਹ ਸਾਨੂੰ ਲਾਹਨਤਾਂ ਪਾਉਣਗੇ ਤੇ ਅਸੀਂ ਬੇਸ਼ਰਮਾਂ ਵਾਂਗ ਮਾਫ਼ੀਆਂ ਮੰਗਾਂਗੇ ਅਤੇ ਜੁਰਮਾਨਾ ਮਾਫ਼ ਕਰਾਉਣ ਲਈ ਉਹ ਕੰਮ ਕਰਾਂਗੇ ਜੀਹਦੇ ਖ਼ਿਲਾਫ਼ ਬੋਲਦੇ ਹਾਂ। ਜੀਹਨੂੰ ਆਮ ਬੋਲੀ ਵਿਚ ‘ਚਾਹ-ਪਾਣੀ ਦੀ ਸੇਵਾ’ ਕਿਹਾ ਜਾਂਦਾ ਹੈ ਪਰ ਹੁੰਦੀ ਭ੍ਰਿਸ਼ਟਾਚਾਰੀ ਹੈ।

ਜਦੋਂ ਉਹ ਚਲੇ ਗਏ ਤਾਂ ਮੈਂ ਇਨ੍ਹਾਂ ਨੂੰ ਪੁੱਛਿਆ, “ਇਨ੍ਹਾਂ ਨੂੰ ਕੁੰਡੀ ਦਾ ਪਤਾ ਨੀ ਲੱਗਿਆ?’’ “ਜੇ ਕੁੰਡੀ ਲੱਗੀ ਹੁੰਦੀ ਤਾਂ ਹੀ ਪਤਾ ਲੱਗਦਾ।’’ ਇਨ੍ਹਾਂ ਦਾ ਜਵਾਬ ਸੀ। “ਮਤਲਬ?’’ “ਮਤਲਬ ਮੈਨੂੰ ਖ਼ੁਦ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਰਾਤ ਨੀਂਦ ਨਹੀਂ ਆਈ ਚੰਗੀ ਤਰ੍ਹਾਂ, ਇਸ ਲਈ ਸਵੇਰੇ ਉੱਠਦੇ ਸਾਰ ਹੀ ਪਹਿਲਾਂ ਉਹ ਤਾਰ ਕੱਢ ਦਿੱਤੀ।’’ ਇਹ ਬੜੇ ਆਰਾਮ ਨਾਲ ਬੋਲੇ। “ਫੇਰ ਦੱਸ ਨੀ ਸੀ ਸਕਦੇ? ਮੈਂ ਮਰਨਹਾਕੀ ਹੋਈ ਪਈ ਸਾਂ।’’ ਮੈਂ ਥੋੜ੍ਹਾ ਗੁੱਸਾ ਦਿਖਾਉਂਦੇ ਕਿਹਾ। ਪਰ ਮੈਨੂੰ ਇਸ ਗੱਲ ’ਤੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਇਨ੍ਹਾਂ ਬਾਰੇ ਕਿੰਨਾ ਗ਼ਲਤ ਸੋਚ ਸੋਚ ਕੇ ਊਂਈਂ ਆਪਣਾ ਦਿਮਾਗ ਖ਼ਰਾਬ ਕਰੀ ਰੱਖਿਆ। ਉਸ ਤੋਂ ਬਾਅਦ ਸਾਰਾ ਟੱਬਰ ਇਹੀ ਸੋਚਦਾ ਰਿਹਾ ਕਿ ਇਹ ਕਿਵੇਂ ਹੋ ਗਿਆ ਕਿ ਸ਼ਾਮ ਨੂੰ ਕੁੰਡੀ ਲਵਾਈ ਤੇ ਸਵੇਰ ਨੂੰ ਛਾਪਾ ਪੈ ਗਿਆ। ਫਿਰ ਸਾਰਿਆਂ ਦਿਮਾਗ਼ ਦੀ ਜਾਸੂਸੀ ਸੋਚ ਦੌੜਾਈ। ਉਂਜ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਕਈ ਲੋਕਾਂ ਨੂੰ ਈਰਖਾ ਸੀ ਕਿ ਇਨ੍ਹਾਂ ਦੇ ਘਰ ਕਦੇ ਬਿਜਲੀ ਵਾਲਿਆਂ ਦਾ ਛਾਪਾ ਨਹੀਂ ਪਿਆ, ਨਾ ਹੀ ਕਦੇ ਬਿਜਲੀ ਵਾਲੇ ਵੇਲੇ-ਕੁਵੇਲੇ ਕੰਧ ਟੱਪ ਕੇ ਅੰਦਰ ਗਏ ਨੇ। ਜਦੋਂ ਅਸੀਂ ਛਾਣਬੀਣ ਕੀਤੀ ਤਾਂ ਪਤਾ ਲੱਗ ਗਿਆ ਕਿ ਕਿਸੇ ਨੇ ਸਾਨੂੰ ਫਸਾਉਣ ਲਈ ਇਹ ਹੁਸ਼ਿਆਰੀ ਖੇਡੀ ਸੀ। ਜੇ ਬਹੁਤੀ ਨਰਮਾਈ ਵਰਤੀਏ ਅਤੇ ਚੌਕੰਨੇ ਨਾ ਰਹੀਏ ਤਾਂ ਕਈ ਵਾਰ ਏਦਾਂ ਵੀ ਹੋ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...