ਰੱਖਿਆ ਖੇਤਰ ਦੇ ਸੁਧਾਰ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਹੋਇਆ ਤਿੰਨਾਂ ਸੈਨਾਵਾਂ ਦਾ ਪਹਿਲਾ ‘ਪਰਿਵਰਤਨ ਚਿੰਤਨ’ ਰੱਖਿਆ ਬਲਾਂ ਨੂੰ ਸੰਯੁਕਤ ਰੂਪ ਦੇਣ ਤੇ ਇਨ੍ਹਾਂ ਦੇ ਏਕੀਕਰਨ ਦੇ ਮੰਤਵਾਂ ਦੀ ਪੂਰਤੀ ਲਈ ਚੁੱਕਿਆ ਗਿਆ ਵੱਡਾ ਕਦਮ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਸਟਾਫ ਮੁਖੀ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਬਲਾਂ ਲਈ ‘ਸਾਂਝੀ ਤਹਿਜ਼ੀਬ’ ਵਿਕਸਿਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਤਾਂ ਕਿ ਤਿੰਨਾਂ ਸੈਨਾਵਾਂ ਦੀ ਸੰਪੂਰਨ ਸਮਰੱਥਾ ਦਾ ਲਾਭ ਲਿਆ ਜਾ ਸਕੇ ਤੇ ਨਾਲ ਹੀ ਇਨ੍ਹਾਂ ਦੀ ਵਿਲੱਖਣਤਾ ਦੀ ਅਹਿਮੀਅਤ ਵੀ ਬਣੀ ਰਹੇ। ਉਨ੍ਹਾਂ ਜੰਗੀ ਸਮਰੱਥਾ ਵਿੱਚ ਵਾਧਾ ਕਰਨ ਅਤੇ ਸੈਨਾਵਾਂ ਦਾ ਆਪਸੀ ਤਾਲਮੇਲ ਬਿਹਤਰ ਕਰਨ ਲਈ ਵਿਆਪਕ ਸੁਧਾਰਾਂ ਦੀ ਗੱਲ ਕੀਤੀ। ਸੰਯੁਕਤ ਕਾਰਵਾਈ ਅਤੇ ਏਕੀਕਰਨ ਉਹ ਥੰਮ੍ਹ ਹਨ ਜਿਨ੍ਹਾਂ ਦੇ ਸਿਰ ’ਤੇ ਸਰਕਾਰ ਹਥਿਆਰਬੰਦ ਬਲਾਂ ਨੂੰ ‘ਭਵਿੱਖੀ ਚੁਣੌਤੀਆਂ’ ਲਈ ਤਿਆਰ ਕਰਨਾ ਚਾਹੁੰਦੀ ਹੈ। ਇਹ ਚਿੰਤਾਜਨਕ ਹੈ ਕਿ ਥੀਏਟਰ ਕਮਾਂਡ ਦੇ ਉੱਦਮ ਜਿਸ ਤਹਿਤ ਤਿੰਨਾਂ ਸੈਨਾਵਾਂ ਨੇ ਸਾਂਝੇ ਫੌਜੀ ਕਮਾਂਡਰ ਦੀ ਅਗਵਾਈ ਹੇਠ ਇਕ-ਦੂਜੇ ਨਾਲ ਸੰਯੁਕਤ ਅਤੇ ਏਕੀਕ੍ਰਿਤ ਅਪਰੇਸ਼ਨਲ ਢਾਂਚੇ ਅਧੀਨ ਕੰਮ ਕਰਨਾ ਸੀ, ਵਿਚ ਬੇਲੋੜੀ ਦੇਰੀ ਹੋਈ ਹੈ। ਇਨ੍ਹਾਂ ਵਿਆਪਕ ਸੁਧਾਰਾਂ ਵਿੱਚ ਮੁੱਖ ਅਡਿ਼ੱਕਾ ਛੋਟੇ ਆਕਾਰ ਦੀ ਜਲ ਸੈਨਾ ਅਤੇ ਹਵਾਈ ਸੈਨਾ ਬਾਰੇ ਪ੍ਰਗਟਾਏ ਗਏ ਖ਼ਦਸ਼ੇ ਬਣੇ ਹਨ ਕਿਉਂਕਿ ਤਜਵੀਜ਼ਸ਼ੁਦਾ ਕਮਾਂਡਾਂ ਵਿੱਚ ਮੁਕਾਬਲਤਨ ਥਲ ਸੈਨਾ ਦਾ ਦਬਦਬਾ ਰਹਿਣ ਦੀ ਸੰਭਾਵਨਾ ਹੈ।

ਸਰਕਾਰ ਅਤੇ ਰੱਖਿਆ ਅਧਿਕਾਰੀਆਂ ਲਈ ਵੱਡੀ ਚੁਣੌਤੀ ਇਨ੍ਹਾਂ ਸੰਯੁਕਤ ਢਾਂਚਿਆਂ ਦਰਮਿਆਨ ਤਵਾਜ਼ਨ ਬਿਠਾਉਣਾ ਹੈ ਅਤੇ ਇਸ ਦੇ ਨਾਲ ਹੀ ਹਰੇਕ ਸੈਨਾ ਦੀ ਵਿਲੱਖਣ ਪਛਾਣ ਤੇ ਚਰਿੱਤਰ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਸੁਧਾਰਾਂ ਦੇ ਰਾਹ ਵਿੱਚ ਬਣੇ ਅਡਿ਼ੱਕਿਆਂ ’ਤੇ ਕਾਨਫਰੰਸ ਵਿਚ ਹੋਈ ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਰਲੇਵੇਂ ਲਈ ਰਾਹ ਪੱਧਰਾ ਕਰਨ ਵਿਚ ਸੌਖ ਹੋਵੇਗੀ। ਦੋ ਦੁਸ਼ਮਣ ਗੁਆਂਢੀਆਂ ਵਿਚਾਲੇ ਬੈਠਾ ਭਾਰਤ ਆਧੁਨਿਕੀਕਰਨ ਅਤੇ ਏਕੀਕਰਨ ’ਚ ਕੋਈ ਢਿੱਲ ਨਹੀਂ ਵਰਤ ਸਕਦਾ। ਇੱਕੀਵੀਂ ਸਦੀ ਵਿੱਚ ਜੰਗ ਮੁੱਖ ਤੌਰ ’ਤੇ ਸਮਰੱਥਾ ’ਚ ਵਾਧੇ ਅਤੇ ਸਾਧਨਾਂ ਦੀ ਘੱਟ ਤੋਂ ਘੱਟ ਬਰਬਾਦੀ ਉਤੇ ਨਿਰਭਰ ਕਰਦੀ ਹੈ। ਇਸ ਪਾਸੇ ਪੂਰੀ ਤਿਆਰੀ ਅਤੇ ਇਹਤਿਆਤ ਨਾਲ ਅਗਾਂਹ ਵਧਣ ਦੀ ਬੇਹੱਦ ਲੋੜ ਹੈ। ਥੀਏਟਰੀਕਰਨ ਨੂੰ ਜਲਦੀ ਲਾਗੂ ਕਰਨ ਲਈ ਏਕੀਕਰਨ ਅਤੇ ਸੰਯੁਕਤ ਕਮਾਂਡਾਂ ’ਤੇ ਜਲਦੀ ਸਹਿਮਤੀ ਬਣਾਉਣੀ ਜ਼ਰੂਰੀ ਹੈ। ਜੰਗੀ ਤਿਆਰੀਆਂ ਨੂੰ ਤਕੜਾ ਰੱਖਣ ਅਤੇ ਭਾਰਤੀ ਸਰਹੱਦਾਂ ਉਤੇ ਹਰ ਕਿਸਮ ਦੇ ਫ਼ੌਜੀ ਉਲੰਘਣ ਨੂੰ ਰੋਕਣ ਲਈ ਇਹ ਅਤਿ ਮਹੱਤਵਪੂਰਨ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...