ਸੁਪਰੀਮ ਕੋਰਟ ਵੱਲੋਂ ਚੋਣ ਬਾਂਡ ਘੁਟਾਲੇ ਨੂੰ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਮੰਗ ਲਗਾਤਾਰ ਉਠ ਰਹੀ ਹੈ ਕਿ ਇਸ ਘੁਟਾਲੇ ਦੀ ਸੁਪਰੀਮ ਕੋਰਟ ਦੀ ਦੇਖ-ਰੇਖ ਹੇਠ ਜਾਂਚ ਕਰਾਈ ਜਾਣੀ ਚਾਹੀਦੀ ਹੈ। ਹਾਲੇ ਤੱਕ ਇਸ ਘੁਟਾਲੇ ਦਾ ਇੱਕ ਹਿੱਸਾ ਹੀ ਸਾਹਮਣੇ ਆਇਆ ਹੈ, ਜਿਸ ਅਧੀਨ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਤੇ ਕੁਝ ਕੰਪਨੀਆਂ ਨੂੰ ਲਾਹੇਵੰਦੇ ਪ੍ਰੋਜੈਕਟ ਸੌਂਪ ਕੇ ਉਗਰਾਹੀ ਕੀਤੇ ਜਾਣ ਦੀ ਸੱਚਾਈ ਉਜਾਗਰ ਹੋਈ ਹੈ। ਇੱਕ ਸੱਚਾਈ ਹਾਲੇ ਤੱਕ ਵੀ ਛੁਪੀ ਹੋਈ ਹੈ ਕਿ ਉਹ ਨਾਮ-ਨਿਹਾਦ ਵਿਅਕਤੀ ਕੌਣ ਸਨ, ਜਿਨ੍ਹਾਂ ਦੇ ਨਾਂਵਾਂ ਉੱਤੇ ਕਰੋੜਾਂ ਦੇ ਬਾਂਡ ਜਾਰੀ ਹੋਏ ਤੇ ਉਨ੍ਹਾਂ ਲਈ ਪੈਸਾ ਕਿੱਥੋਂ ਆਇਆ। ਹੁਣ ਘੁਟਾਲਿਆਂ ਲਈ ਮਸ਼ਹੂਰ ਗੁਜਰਾਤ ਦੇ ਇੱਕ ਦਲਿਤ ਪਰਿਵਾਰ ਦਾ ਕੇਸ ਸਾਹਮਣੇ ਆਇਆ ਹੈ, ਜਿਸ ਨੇ 11 ਅਕਤੂਬਰ 2023 ਨੂੰ 11 ਕਰੋੜ 14 ਹਜ਼ਾਰ ਦੇ ਬਾਂਡ ਖਰੀਦੇ ਸਨ। ਇਹ ਦਲਿਤ ਪਰਿਵਾਰ ਕੱਛ ਜ਼ਿਲ੍ਹੇ ਦੇ ਅੰਜਾਰ ਸ਼ਹਿਰ ਦਾ ਰਹਿਣ ਵਾਲਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਇਸ ਰਕਮ ਦੇ 10 ਕਰੋੜ ਦੇ ਬਾਂਡ 16 ਅਕਤੂਬਰ 2023 ਨੂੰ ਭਾਜਪਾ ਨੇ ਤੇ 1 ਕਰੋੜ 14 ਹਜ਼ਾਰ ਦੇ ਸ਼ਿਵ ਸੈਨਾ ਨੇ ਭੁੰਨਾਏ ਸਨ। ਇਸ ਦਲਿਤ ਪਰਿਵਾਰ ਦੇ ਇੱਕ ਮੈਂਬਰ ਹਰੇਸ਼ ਸਾਵਕਾਰਾ ਨੇ ਦੱਸਿਆ ਕਿ ਅਡਾਨੀ ਸਮੂਹ ਨਾਲ ਜੁੜੀ ਕੰਪਨੀ ਵੈਲਸਪਨ ਐਕਸਪਲੋਰੇਸ਼ਨ ਲਿਮਟਿਡ ਦੇ ਇੱਕ ਅਧਿਕਾਰੀ ਨੇ ਧੋਖੇ ਨਾਲ ਸਾਨੂੰ ਇਹ ਚੋਣ ਬਾਂਡ ਖਰੀਦਣ ਲਈ ਉਤਸ਼ਾਹਤ ਕੀਤਾ ਸੀ। ਅਡਾਨੀ ਸਮੂਹ ਨੇ 2005 ਵਿੱਚ ਵੈਲਸਪਨ ਨੈਚੂਰਲ ਰਿਸੋਰਸ ਪ੍ਰਾਈਵੇਟ ਲਿਮਟਿਡ ਨਾਲ ਅਡਾਨੀ ਵੈਲਸਪਨ ਐਕਸਪਲੋਰੇਸ਼ਨ ਲਿਮਟਿਡ ਨਾਲ ਇੱਕ ਜਾਇੰਟ ਵੈਂਚਰ ਸ਼ੁਰੂ ਕੀਤਾ ਸੀ। ਇਸ ਨਵੀਂ ਕੰਪਨੀ ਵਿੱਚ ਅਡਾਨੀ ਸਮੂਹ ਦੀ ਹਿੱਸੇਦਾਰੀ 65 ਫ਼ੀਸਦੀ ਹੈ। ਸਾਰੇ ਗੋਰਖਧੰਦੇ ਦਾ ਵਿਸਥਾਰ ਦੱਸਦਿਆਂ ਹਰੇਸ਼ ਸਾਵਕਾਰਾ ਨੇ ਕਿਹਾ, ‘ਇਸ ਕੰਪਨੀ ਨੇ ਆਪਣੇ ਪ੍ਰੋਜੈਕਟ ਲਈ ਸਾਡੀ ਅੰਜਾਰ ਵਿਚਲੀ 43000 ਵਰਗ ਮੀਟਰ ਜ਼ਮੀਨ ਪ੍ਰਾਪਤ ਕੀਤੀ ਸੀ, ਇਹ ਪੈਸਾ ਕੰਪਨੀ ਵੱਲੋਂ ਮਿਲੇ ਮੁਆਵਜ਼ੇ ਦਾ ਹਿੱਸਾ ਸੀ।
ਇਸ ਪੈਸੇ ਨੂੰ ਬੈਂਕ ਵਿੱਚ ਜਮ੍ਹਾਂ ਕਰਦੇ ਸਮੇਂ ਕੰਪਨੀ ਦੇ ਸੀਨੀਅਰ ਜਨਰਲ ਮੈਨੇਜਰ ਮਹੇਂਦਰ ਸਿੰਘ ਸੋਢਾ ਨੇ ਕਿਹਾ ਕਿ ਏਨੀ ਵੱਡੀ ਰਕਮ ਜਮ੍ਹਾਂ ਹੋਣ ਉਤੇ ਤੁਹਾਨੂੰ ਆਮਦਨ ਟੈਕਸ ਦਾ ਚੱਕਰ ਪੈ ਸਕਦਾ ਹੈ। ਉਸ ਨੇ ਕਿਹਾ ਕਿ ਜੇਕਰ ਤੁਸੀਂ ਇਹ ਪੈਸਾ ਚੋਣ ਬਾਂਡਾਂ ਵਿੱਚ ਲਾ ਦਿਓ, ਤਦ ਤੁਹਾਨੂੰ ਡੇਢ ਗੁਣਾ ਪੈਸਾ ਮਿਲ ਸਕਦਾ ਹੈ। ਅਸੀਂ ਅਨਪੜ੍ਹ ਸਾਂ, ਇਸ ਲਈ ਮਹੇਂਦਰ ਸਿੰਘ ਸੋਢਾ ਦੀਆਂ ਗੱਲਾਂ ਵਿੱਚ ਆ ਗਏ। ਹਰੇਸ਼ ਸਾਵਕਾਰਾ ਨੇ ਇਸ ਸੰਬੰਧੀ 18 ਮਾਰਚ 2024 ਨੂੰ ਅੰਜਾਰ ਪੁਲਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਹੈ। ਇਸ ਸ਼ਿਕਾਇਤ ਪੱਤਰ ਵਿੱਚ ਵੈਲਸਪਨ ਦੇ ਡਾਇਰੈਕਟਰ ਵਿਸ਼ਵਾਨਾਥਨ, ਸੰਜੈ ਗੁਪਤਾ, ਚਿੰਤਨ ਠਾਕੇਰ, ਪ੍ਰਵੀਨ ਭੰਸਾਲੀ, ਮਹੇਂਦਰ ਸਿੰਘ ਸੋਢਾ ਤੇ ਅੰਜਾਰ ਦੇ ਭੂਮੀ ਅਧੀਗ੍ਰਹਿਣ ਅਧਿਕਾਰੀ ਕਿਸ਼ੋਰ ਜੋਸ਼ੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸ਼ਿਕਾਇਤ ਪੱਤਰ ਵਿੱਚ ਭਾਜਪਾ ਦੇ ਅੰਜਾਰ ਸ਼ਹਿਰ ਦੇ ਪ੍ਰਧਾਨ ਹੇਮੰਤ ਉਰਫ਼ ਡੈਨੀ ਦਾ ਨਾਂਅ ਵੀ ਸ਼ਾਮਲ ਹੈ। ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਸਤ 2023 ਵਿੱਚ ਉਨ੍ਹਾਂ ਦੀ ਖੇਤੀ ਜ਼ਮੀਨ 16 ਕਰੋੜ 61 ਲੱਖ 21 ਹਜ਼ਾਰ 877 ਰੁਪਏ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਸੀ। ਇਸ ਵਿੱਚੋਂ 2 ਕਰੋੜ 80 ਲੱਖ 15 ਹਜ਼ਾਰ ਰੁਪਏ ਅਡਵਾਂਸ ਦਿੱਤੇ ਗਏ ਸਨ। ਬਾਕੀ 13 ਕਰੋੜ 81 ਲੱਖ 9 ਹਜ਼ਾਰ 877 ਰੁਪਏ ਸਾਰੇ ਹਿੱਸੇਦਾਰਾਂ ਦੇ ਨਾਂਅ ਟਰਾਂਸਫਰ ਕੀਤੇ ਗਏ ਸਨ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ 1 ਅਕਤੂਬਰ ਤੋਂ 8 ਅਕਤੂਬਰ ਤੱਕ ਉਕਤ ਵਿਅਕਤੀਆਂ ਨਾਲ ਵੈਲਸਪਨ ਦੇ ਗੈੱਸਟ ਹਾਊਸ ਵਿੱਚ ਜ਼ਮੀਨ ਮਾਲਕਾਂ ਹਰੇਸ਼ ਸਾਵਕਾਰਾ ਆਦਿ ਦੀਆਂ 4 ਮੀਟਿੰਗਾਂ ਹੋਈਆਂ, ਜਿੱਥੇ ਉਨ੍ਹਾਂ ਨੂੰ ਚੋਣ ਬਾਂਡਾਂ ਵਿੱਚ ਪੈਸਾ ਲਾਉਣ ਲਈ ਰਾਜ਼ੀ ਕੀਤਾ ਗਿਆ ਸੀ। ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਕੋਲ ਬੈਂਕ ਦੀਆਂ ਰਸੀਦਾਂ, ਪੈਸੇ ਜਮ੍ਹਾਂ ਹੋਣ ਤੇ ਫਿਰ ਚੋਣ ਬਾਂਡਾਂ ਲਈ ਐੱਸ ਬੀ ਆਈ ਵਿੱਚ ਭੇਜੇ ਜਾਣ ਦੇ ਸਬੂਤ ਸਮੇਤ ਚੋਣ ਬਾਂਡਾਂ ਦੀਆਂ ਕਾਪੀਆਂ ਵੀ ਮੌਜੂਦ ਹਨ। ਇਸ ਸ਼ਿਕਾਇਤ ਪੱਤਰ ਉੱਤੇ ਹਾਲੇ ਤੱਕ ਪੁਲਸ ਨੇ ਐੱਫ਼ ਆਰ ਆਈ ਦਰਜ ਨਹੀਂ ਕੀਤੀ। ਚੋਣ ਬਾਂਡਾਂ ਦੇ ਗੋਰਖਧੰਦੇ ਨੇ ਇੱਕ ਪੂਰੇ ਪਰਿਵਾਰ ਦਾ ਝੁੱਗਾ ਚੌੜ ਕਰ ਦਿੱਤਾ ਹੈ।