ਕੇਂਦਰੀ ਮੰਤਰੀ ਦਾ ਕਬੂਲਨਾਮਾ

400 ਪਾਰ ਦਾ ਭੰੂਪੜਾ ਫੁਲਾਉਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹ ਫੁੱਲ ਰਹੇ ਹਨ, ਪਰ ਉਨ੍ਹਾ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਚੋਣ ਲੜਨ ਦਾ ਹੌਸਲਾ ਨਹੀਂ ਕਰ ਸਕੀ। ਇਕ ਟੀ ਵੀ ਇੰਟਰਵਿਊ ਵਿਚ ਸੀਤਾਰਮਨ ਨੇ ਚੋਣ ਨਾ ਲੜਨ ਦੇ ਮੁੱਖ ਤੌਰ ’ਤੇ ਦੋ ਕਾਰਨ ਗਿਣਾਏਇਕ ਤਾਂ ਉਨ੍ਹਾ ਕੋਲ ਚੋਣ ਲੜਨ ਲਈ ਪੈਸੇ ਨਹੀਂ ਤੇ ਦੂਜਾ ਉਨ੍ਹਾ ਨੂੰ ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਲਈ ਕਿਹਾ ਗਿਆ ਸੀ, ਜਿਥੇ ਕਿ ਜਾਤ ਤੇ ਧਰਮ ਦੇ ਨਾਂਅ ’ਤੇ ਚੋਣਾਂ ਲੜੀਆਂ ਜਾਂਦੀਆਂ ਹਨ ਤੇ ਉਥੇ ਜਿੱਤਣ ਦੀਆਂ ਸੰਭਾਵਨਾਵਾਂ ਘੱਟ ਹਨ। ਸੀਤਾਰਮਨ ਨੇ ਇਹ ਗੱਲਾਂ ਕਹਿ ਕੇ ਖੁਦ ਹੀ ਮੰਨ ਲਿਆ ਹੈ ਕਿ ਮੋਦੀ ਦੀ ਗਰੰਟੀ ਨਾਲ ਚੋਣ ਜਿੱਤਣ ਦੀ ਗੱਲ ਝੂਠੀ ਹੈ ਤੇ ਇਹ ਵੀ ਕਿ ਉਨ੍ਹਾ ਦੀ ਪਾਰਟੀ (ਬ੍ਰਹਿਮੰਡ ਦੀ ਸਭ ਤੋਂ ਵੱਡੀ ਪਾਰਟੀ) ਚੋਣਾਂ ਪੈਸੇ ਦੇ ਜ਼ੋਰ ਨਾਲ ਲੜਦੀ ਹੈ ਅਤੇ ਜਾਤ ਤੇ ਧਰਮ ਦੇ ਸਮੀਕਰਨਾਂ ਦੇ ਆਧਾਰ ’ਤੇ ਹੀ ਜਿੱਤਦੀ ਹੈ। ਲੋਕ ਸਭਾ ਚੋਣ ਲੜਨ ਲਈ ਉਮੀਦਵਾਰ ਛੋਟੀ ਸੀਟ ਲਈ 75 ਲੱਖ ਰੁਪਏ ਤੇ ਵੱਡੀ ਸੀਟ ਲਈ 95 ਲੱਖ ਰੁਪਏ ਖਰਚ ਸਕਦਾ ਹੈ। ਸੀਤਾਰਮਨ ਨੇ ਦੋ ਸਾਲ ਪਹਿਲਾਂ ਰਾਜ ਸਭਾ ਮੈਂਬਰ ਬਣਨ ਲਈ ਦਾਖਲ ਕਾਗਜ਼ਾਂ ਵਿਚ ਦੱਸਿਆ ਸੀ ਕਿ ਉਨ੍ਹਾ ਦੀ ਕੁੱਲ ਸੰਪਤੀ ਲਗਭਗ ਢਾਈ ਕਰੋੜ ਦੀ ਹੈ। ਸੀਤਾਰਮਨ ਮੁਤਾਬਕ ਉਨ੍ਹਾ ਕੋਲ ‘ਉਸ ਤਰ੍ਹਾਂ ਦਾ ਪੈਸਾ’ ਨਹੀਂ, ਚੋਣ ਲੜਨ ਲਈ ਜਿਸ ਤਰ੍ਹਾਂ ਦੇ ਪੈਸੇ ਦੀ ਲੋੜ ਹੁੰਦੀ ਹੈ।

ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮੋਦੀ ਤੇ ਹੋਰ ਭਾਜਪਾਈ ਆਪਣੇ ਖੇਤ ਤੇ ਮਕਾਨ ਵੇਚ ਕੇ ਚੋਣ ਲੜਦੇ ਹਨ, ਪਾਰਟੀ ਨਹੀਂ ਲੜਦੀ, ਵਿਅਕਤੀ ਚੋਣ ਲੜਦੇ ਹਨ। ਜੇ ਇੰਜ ਹੀ ਹੈ ਤਾਂ ਫਿਰ ਚੋਣ ਬਾਂਡਾਂ ਰਾਹੀਂ ਇਕੱਠੇ ਕੀਤੇ ਹਜ਼ਾਰਾਂ ਕਰੋੜ ਰੁਪਏ ਕੀ ਦੀਵਾਲੀ ’ਤੇ ਲਕਸ਼ਮੀ ਪੂਜਾ ਲਈ ਇਕੱਠੇ ਕੀਤੇ ਹਨ। ਇਹ ਰਕਮ ਚੋਣਾਂ ਲਈ ਨਹੀਂ ਤਾਂ ਕਿਸ ਕੰਮ ਲਈ ਹੈ? ਆਪਣੇ ਕਬੂਲਨਾਮੇ ਨਾਲ ਸੀਤਾਰਮਨ ਨੇ ਨਾ ਸਿਰਫ ਆਪਣੀ ਪਾਰਟੀ ਦੀ ‘ਉਸ ਤਰ੍ਹਾਂ ਦੇ ਪੈਸੇ’ ਉਤੇ ਨਿਰਭਰ ਅਸਲੀਅਤ ਉਜਾਗਰ ਕਰ ਦਿੱਤੀ ਹੈ, ਜਿਸ ਨਾਲ ਭਾਜਪਾ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਖਰੀਦ ਕੇ ਰਾਜਾਂ ਵਿਚ ਆਪੋਜ਼ੀਸ਼ਨ ਦੀਆਂ ਸਰਕਾਰਾਂ ਪਲਟਾਉਦੀ ਆਈ ਹੈ। ਭਾਜਪਾ ਨੇ ਇਨ੍ਹਾਂ ਚੋਣਾਂ ਵਿਚ ਕਈ ਸੀਟਾਂ ’ਤੇ ਕੇਂਦਰੀ ਮੰਤਰੀ ਉਤਾਰੇ ਹਨ, ਪਰ ਹਰ ਬਜਟ ਵਿਚ ਮੋਦੀ ਰਾਜ ’ਚ ਜ਼ਬਰਦਸਤ ਤਰੱਕੀ ਦੇ ਦਾਅਵੇ ਕਰਨ ਵਾਲੀ ਸੀਤਾਰਮਨ ਦਾ ਚੋਣ ਲੜਨ ਤੋਂ ਇਨਕਾਰ ਕਰਨਾ ਸਾਫ ਕਰਦਾ ਹੈ ਕਿ ਐਤਕੀਂ ਦੀਆਂ ਚੋਣਾਂ ਵਿਚ ਪੈਸੇ ਨਾਲ ਵੀ ਗੱਲ ਨਹੀਂ ਬਣਨੀ। ਲਗਦਾ ਹੈ ਕਿ ਭਾਜਪਾ ਵੱਲੋਂ ਦੂਜੀਆਂ ਪਾਰਟੀਆਂ ਦੇ ਭਿ੍ਰਸ਼ਟ ਲੋਕਾਂ ਨੂੰ ਆਪਣੇ ਨਾਲ ਰਲਾਉਣ ਅਤੇ ਚੋਣ ਬਾਂਡਾਂ ਦੀ ਅਸਲੀਅਤ ਨਾਲ ਦੇਸ਼ ਵਿਚ ਉਸ ਵਿਰੁੱਧ ਬਣੇ ਮਾਹੌਲ ਨੂੰ ਸੀਤਾਰਮਨ ਨੇ ਭਾਂਪ ਲਿਆ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...