ਚੀਨ ਅਤੇ ਉੱਤਰੀ ਕੋਰੀਆ ਵੱਲੋਂ ਮਿਲ ਕੇ ਭਾਰਤ, ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਚੋਣਾਂ ’ਚ ਵਿਘਨ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਦਾਅਵਾ ਜੇ ਕਿਸੇ ਹੋਰ ਸਰੋਤ ਰਾਹੀਂ ਕੀਤਾ ਗਿਆ ਹੁੰਦਾ, ਤਾਂ ਸ਼ਾਇਦ ਕਿਸੇ ਨੂੰ ਯਕੀਨ ਵੀ ਨਾ ਆਉਂਦਾ ਪਰ ਇਹ ਖ਼ਦਸ਼ਾ ਅਮਰੀਕਾ ਦੀ ਵਿਸ਼ਵ–ਪ੍ਰਸਿੱਧ ਕੰਪਨੀ ਮਾਈਕ੍ਰੋਸਾਫ਼ਟ ਦੇ ਵਿਸ਼ਲੇਸ਼ਣ ’ਚ ਪ੍ਰਗਟਾਇਆ ਗਿਆ ਹੈ। ਅਜਿਹੀ ਕੋਈ ਘਟਨਾ ਭਾਵੇਂ ਨਾ ਹੀ ਵਾਪਰੇ ਪਰ ਫਿਰ ਵੀ ਭਾਰਤ ਲਈ ਇਹ ਚਿੰਤਾਜਨਕ ਗੱਲ ਹੈ। ਮਾਈਕ੍ਰੋਸਾਫ਼ਟ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਚੀਨ ਵੱਲੋਂ ਅਜਿਹਾ ਕੋਈ ਵੀ ਕਾਰਾ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ (ਏਆਈ) ਦੀ ਮਦਦ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਚੋਣਾਂ ਦੌਰਾਨ ਗ਼ਲਤ ਜਾਣਕਾਰੀਆਂ ਫੈਲਾਉਣ ਦਾ ਤਜਰਬਾ ਚੀਨ ਪਹਿਲਾਂ ਤਾਇਵਾਨ ’ਚ ਕਰ ਚੁੱਕਾ ਹੈ। ਹੁਣ ਜਦੋਂ ਭਾਰਤ ’ਚ ਆਮ ਸੰਸਦੀ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵੇਲੇ ਚੀਨ ਦੇ ਅਣਕਿਆਸੇ ਹਮਲੇ ਦੀ ਸੰਭਾਵਨਾ ’ਤੇ ਸਿਆਸੀ ਹਲਕਿਆਂ ’ਚ ਵੀ ਚਰਚਾ ਸ਼ੁਰੂ ਹੋ ਗਈ ਹੈ। ਚੀਨ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਏਆਈ ਰਾਹੀਂ ਝੂਠੀਆਂ ਤੇ ਬੇਬੁਨਿਆਦ ਗੱਲਾਂ ਦਾ ਪ੍ਰਚਾਰ ਅਤੇ ਪਸਾਰ ਕਰ ਸਕਦਾ ਹੈ। ਚੀਨ ਵੱਲੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਅਜਿਹੀਆਂ ਵੀਡੀਓਜ਼ ਤੇ ਆਡੀਓਜ਼ ਤਿਆਰ ਕੀਤੇ ਜਾਣ ਦੇ ਤਜਰਬੇ ਕੀਤੇ ਜਾ ਰਹੇ ਹਨ।
ਇਸ ਸਭ ਦਾ ਆਮ ਜਨਤਾ ’ਤੇ ਡਾਢਾ ਅਸਰ ਪੈਂਦਾ ਹੈ। ਬੀਤੇ ਫਰਵਰੀ ਮਹੀਨੇ ਚੀਨੀ ਸਰਕਾਰ ਦੀ ਹਮਾਇਤ ਪ੍ਰਾਪਤ ਹੈਕਰਾਂ ਦੇ ਇਕ ਸਮੂਹ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ–ਨਾਲ ਰਿਲਾਇੰਸ ਜਿਹੀਆਂ ਕੰਪਨੀਆਂ ਅਤੇ ਏਅਰ ਇੰਡੀਆ ਜਿਹੇ ਅਦਾਰਿਆਂ ਤੱਕ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ‘ਵਾਸ਼ਿੰਗਟਨ ਪੋਸਟ’ ਨੇ ਤਾਂ ਆਪਣੀ ਖੋਜ–ਭਰਪੂਰ ਰਿਪੋਰਟ ’ਚ ਇਹ ਇੰਕਸ਼ਾਫ਼ ਵੀ ਕੀਤਾ ਸੀ ਕਿ ਹੈਕਰਾਂ ਨੇ ਭਾਰਤ ਸਰਕਾਰ ਦਾ 95.2 ਗੀਗਾ–ਬਾਈਟ ਡਾਟਾ ਚੋਰੀ ਕਰ ਲਿਆ ਹੈ। ਲੀਕ ਕੀਤੀਆਂ ਫ਼ਾਈਲਾਂ ਹੈਕਰਾਂ ਨੇ ‘ਗਿਟਹੱਬ’ ਉੱਤੇ ਪੋਸਟ ਕੀਤੀਆਂ ਸਨ। ਮਾਈਕ੍ਰੋਸਾਫ਼ਟ ਦੀ ਹੀ ਰਿਪੋਰਟ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀ ਇਕ ਹੋਰ ਕੰਪਨੀ ‘ਸਟੌਰਮ–1376’ ਨੇ ਏਆਈ ਦੀ ਮਦਦ ਨਾਲ ਮੈਂਡੈਰਿਨ ਅਤੇ ਅੰਗਰੇਜ਼ੀ ਭਾਸ਼ਾ ’ਚ ਵਿਸ਼ਵ ਪੱਧਰ ’ਤੇ ਅਜਿਹਾ ਕੰਟੈਂਟ ਸ਼ੇਅਰ ਕੀਤਾ ਸੀ ਕਿ ਮਿਆਂਮਾਰ ਦੀ ਮਾੜੀ ਹਾਲਤ ਲਈ ਅਮਰੀਕਾ ਤੇ ਭਾਰਤ ਜ਼ਿੰਮੇਵਾਰ ਹਨ।
ਦਰਅਸਲ, ਮਿਆਂਮਾਰ ’ਚ ਸਾਲ 2021 ਦੌਰਾਨ ਫ਼ੌਜੀ ਰਾਜ–ਪਲਟਾ ਹੋਇਆ ਸੀ। ਬਹੁਤ ਭਾਰੀ ਜਨਤਕ ਰੈਲੀਆਂ ਵੀ ਹੋਈਆਂ ਪਰ ਅਜਿਹੇ ਵਿਰੋਧ ਨੂੰ ਸਖ਼ਤੀ ਤੇ ਬੇਰਹਿਮੀ ਨਾਲ ਦਬਾਅ ਦਿੱਤਾ ਗਿਆ ਸੀ। ਤਦ ਆਂਗ ਸਾਨ ਸੂ ਕੀ ਸਮੇਤ ਅਨੇਕ ਸਿਆਸੀ ਆਗੂਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਸੀ। ਪਿਛਲੇ ਮਹੀਨੇ ਮਾਈਕ੍ਰੋਸਾਫ਼ਟ ਦੇ ਸਹਿ–ਬਾਨੀ ਬਿਲ ਗੇਟਸ ਨੇ ਆਪਣੇ ਭਾਰਤ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਤਦ ਏਆਈ ਦੀ ਮਦਦ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਡੀਪਫ਼ੇਕ ਵੀਡੀਓਜ਼ ’ਤੇ ਡੂੰਘੀ ਚਿੰਤਾ ਪ੍ਰਗਟਾਈ ਸੀ।
ਭਾਰਤੀਆਂ ਨੇ ਸਾਫ਼ਟਵੇਅਰ ’ਤੇ ਮੁਹਾਰਤ ਦੇ ਮਾਮਲੇ ’ਚ ਕਈ ਮੱਲਾਂ ਮਾਰੀਆਂ ਹਨ। ਚੀਨ ਦੇ ਅਜਿਹੇ ਸੰਭਾਵੀ ਹਮਲਿਆਂ ਦਾ ਸਹੀ ਢੰਗ ਜਵਾਬ ਉਹੀ ਬਾਖ਼ੂਬੀ ਦੇ ਸਕਦੇ ਹਨ। ਭਾਰਤ ਸਰਕਾਰ ਨੂੰ ਆਪਣੇ ਸਬੰਧਤ ਮੰਤਰਾਲਿਆਂ ’ਚ ਮੌਜੂਦ ਅਜਿਹੇ ਮਾਹਿਰਾਂ ਦੀ ਮਦਦ ਨਾਲ ਅਜਿਹੇ ਸੰਭਾਵੀ ਹਮਲਿਆਂ ਦਾ ਮੂੰਹ–ਤੋੜ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ।