ਸ਼ਹੀਦ ਭਗਤ ਸਿੰਘ (ਕਾਵਿ – ਪ੍ਰਮਾਣ) – ਪ੍ਰੋ: ਦੀਦਾਰ ਸਿੰਘ-/ਯਸ਼ ਪਾਲ, ਵਰਗ ਚੇਤਨਾ

 ਸ਼ਹੀਦ ਭਗਤ ਸਿੰਘ
(ਕਾਵਿ – ਪ੍ਰਮਾਣ)
– ਪ੍ਰੋ: ਦੀਦਾਰ ਸਿੰਘ-
8 ਅਪ੍ਰੈਲ 1929
11: ਅਸੈਂਬਲੀ ਹਾਲ ਵਿੱਚ ਬੰਬ

ਗੋਰੇ ਦੀ ਲੁੱਟ ਚਲੇ,
ਕਿਉਂ ਕਾਨੂੰਨਾਂ ਅਨੁਸਾਰ।
ਬੰਬ ਸੁੱਟਣ ਦਾ ਫੈਸਲਾ,
ਹੋ ਗਿਆ ਆਖਰਕਾਰ।

ਬੰਦੇ ਮਾਰਨ ਦਾ ਨਹੀਂ,
ਸੀਗਾ ਕੋਈ ਵਿਚਾਰ।
ਵਿੱਚ ਅਸੈਂਬਲੀ ਹਾਲ ਦੇ,
ਪਾਉਣੀ ਸੀ ਗੁੰਜਾਰ।

ਗੋਰੇ ਨੂੰ ਲਲਕਾਰ ਕੇ,
ਹੋਣਾ ਸੀ ਗ੍ਰਿਫ਼ਤਾਰ।
ਆਜ਼ਾਦੀ ਦੇ ਹੱਕ ‘ਤੇ,
ਹੋਣੀ ਸੀ ਤਕਰਾਰ।

ਭਗਤ ਸਿੰਘ ਨੂੰ ਪਤਾ ਸੀ,
ਜੇ ਹੋਣਾ ਗ੍ਰਿਫ਼ਤਾਰ।
ਮੁੜ ਕੇ ਬਾਹਰ ਨਾ ਆਵਣਾ,
ਕਾਨੂੰਨਾਂ ਅਨੁਸਾਰ।

ਭਗਤ ਸਿੰਘ ਤੇ ਦੱਤ ਨੇ,
ਹੋ ਜਾਣਾ ਕੁਰਬਾਨ।
ਕਾਨੂੰਨਾਂ ਨੂੰ ਰਿੜਕਣਾ,
ਦੇ ਦੇਣੀ ਏ ਜਾਨ।

‘ਸਾਜ਼ਸ਼ ਕੇਸ ਲਾਹੌਰ’ ਦਾ,
ਉਸ ਤੇ ਸੀਗਾ ਦੋਸ਼।
ਇਸ ਗੱਲ ਦੀ ਵੀ ਭਗਤ ਨੂੰ,
ਪੂਰੀ ਸੀਗੀ ਹੋਸ਼।

ਮੌਤੋਂ ਬਿਨਾਂ ਨਾ ਟੁੱਟਣਾ,
ਕਾਨੂੰਨਾਂ ਦਾ ਜਾਲ।
ਇਸ ਗੱਲ ਵਿੱਚ ਵੀ ਸ਼ੱਕ ਨਾ,
ਸੀਗਾ ਰੱਤਾ ਰਵਾਲ।

ਕਿਹੜਾ ਹੋਵੇ ਮੌਤ ਨੂੰ,
ਹੱਸਦਾ ਕਰੇ ਕਬੂਲ?
ਵਿੱਚ ਗੁਲਾਮੀ ਜੀਵਣਾ,
ਸਮਝੇ ਪਿਆ ਫ਼ਜ਼ੂਲ।

ਸਿਖਰ ਸਿਆਲ ਗੁਜ਼ਰ ਗਏ,
ਗੁਜ਼ਰ ਗਈ ਸੀ ਰਾਤ।
ਖੁੱਲ੍ਹੀ ਰੁੱਤ ਅਪ੍ਰੈਲ ਦੀ,
ਭਿੰਨੀ ਸੀ ਪ੍ਰਭਾਤ ।

ਪਹੁ ਫੁਟਾਲੇ ਦੇਸ਼ ਦੇ,
ਹੋ ਹੋ ਜਾਵਣ ਲਾਲ।
ਜਾਪੇ ਲੋਕ-ਉਭਾਰ ਨੂੰ,
ਕੁਦਰਤ ਦੇਂਦੀ ਤਾਲ।

ਸੰਨ ਉੱਨੀ ਸੌ ਉਨੱਤੀਆ,
ਦਿਨ ਸੀ ਅੱਠ ਅਪ੍ਰੈਲ।
ਰਿਪਬਲਿਕ ਫੌਜ ਨੇ,
ਘੱਲ ਦਿੱਤੇ ਦੋ ਛੈਲ।

ਵਿੱਚ ਅਸੈਂਬਲੀ ਪੇਸ਼ ਸੀ,
‘ਪਬਲਿਕ ਸੇਫ਼ਟੀ ਬਿੱਲ’।
ਧੋਖੇਬਾਜ਼ ਕਾਨੂੰਨ ਸੀ,
ਹਾਕਮ ਸੀ ਤੰਗ ਦਿਲ।
ਮਿਥਿਆ ਉਹਨਾਂ ਠੋਕਣਾ,
ਧੋਖੇ ਦੇ ਸਿਰ ਕਿੱਲ।

‘ਵਿਠਲ ਭਾਈ’ ਪਰਧਾਨ ਸੀ,
ਕਰਨੀ ਗੱਲ ਬਰੀਕ।
ਉਹ ਰੂਲਿੰਗ ਸੀ ਦੇਵਣਾ
ਜਿਸ ਦੀ ਬੜੀ ਉਡੀਕ।

ਜਿਸ ਦਮ ਰੂਲਿੰਗ ਦੇਣ ਨੂੰ,
ਉੱਠੇ ਸਨ ਪਰਧਾਨ।
ਖਾਲੀ ਬੈਂਚਾਂ ਸਾਹਮਣੇ ਬੰਬ,
ਇੱਕ ਫਟਿਆ ਆਣ।

ਆਤਸ਼ਬਾਜੀ ਸਮਝਿਆ,
ਕਈਆਂ ਨੇ ਤੂਫ਼ਾਨ।
ਜਾਂ ਕੋਈ ਪ੍ਰਬੰਧ ਹੈ,
ਫੇਰਨ ਲਈ ਧਿਆਨ?

(ਪਰ)ਗੂੰਜੇ ਗੂੰਜਣ ਵਾਕਰਾਂ,
ਟੈਂਕਰ ਤੇ ਦਾਲਾਨ।
ਸੁਣ ਕੇ ਸਭੇ ਠਠੰਬਰੇ,
ਮੈਂਬਰ ਤੇ ਮਹਿਮਾਨ।

ਕੰਬਣ ਕਾਨੇ ਵਾਕਰਾਂ,
ਹੋ ਗਏ ਖੁਸ਼ਕ ਪ੍ਰਾਣ।
ਏਧਰ ਓਧਰ ਨੱਸ ਕੇ,
ਲੱਗੇ ਜਾਨ ਬਚਾਣ।

ਏਨੇ ’ਚ ਬੰਬ ਹੋਰ ਇੱਕ,
ਵੱਜਿਆ ਏਸੇ ਥਾਨ।
ਜਦ ਧੂੰ ਘਟਿਆ ਰਤਾ ਕੁ,
ਹੋਇਆ ਸਾਫ਼ ਦਲਾਨ।

ਦਿੱਸੇ ਸਾਹਵੀਂ ਗੈਲਰੀ ਵਿੱਚ
ਦੋ ਛੈਲ ਜਵਾਨ।
ਭੱਟ ਕੇਸ਼ਵਰ ਦੱਤ ਤੇ
ਭਗਤ ਸਿੰਘ ਬਲਵਾਨ।

ਸੁੱਟ ਕੇ ਕੁੱਝ ਕੁ ਇਸ਼ਤਿਹਾਰ,
ਗੋਲੀ ਲੱਗੇ ਚਲਾਨ।
ਬੰਬ ਸੁੱਟ, ਗੋਲੀ ਦਾਗ ਕੇ,
ਨਾ ਕਰਨਾ ਨੁਕਸਾਨ।

ਨਹੀਂ ਸਨ ਚਾਹੁੰਦੇ ਕਿਸੇ ਦੀ,
ਲੈ ਲੈਣਾ ਉਹ ਜਾਨ।
ਬੰਬ ਸੁੱਟਦੇ ਨਾ ਵੇਖਿਆ,
ਮੈਂਬਰ ਨਾ ਮਹਿਮਾਨ।

ਗੋਲੀ ਨਾਲ ਆਵਾਜ਼ ਦੇ,
ਲੱਗੇ ਆਪ ਜਗਾਨ।
ਨੱਸ ਗਏ ਗੁਰਗੇ ਰਾਜ ਦੇ,
ਖੜ੍ਹੇ ਰਹੇ ਸਨ ਜੁਆਨ।

ਬੰਬ ਚੱਲਣ ‘ਤੇ ਛਾ ਗਈ,
ਮੈਂਬਰਾਂ ‘ਤੇ ਮੁਰਦਾਨ।
ਆਏ ਸਨ ਪਰ ਸੂਰਮੇ,
ਹੋਵਣ ਨੂੰ ਕੁਰਬਾਨ।

ਜੇ ਚਾਹੁੰਦੇ ਉਹ ਖਿਸਕਣਾ,
ਕਰਦੇ ਉਹ ਸਮਿਆਨ।
ਦੋਵੇਂ ਸਾਥੀ ਵੇਖਦੇ,
ਵੇਖਣ ਤੇ ਮੁਸਕਾਨ।

ਦੋਵੇਂ ਚਿਹਰੇ ਚਮਕਦੇ,
ਝੱਲੀ ਜਾਏ ਨਾ ਸ਼ਾਨ।
ਪਹਿਲੀ ਵਾਰੀ ਹਿੰਦ ਵਿੱਚ,
ਲੱਗੇ ਨਾਹਰਾ ਲਾਣ:

“ਇਨਕਲਾਬ ਜਿੰਦਾ ਰਹੇ!
ਢਹਿ ਸਾਮਰਾਜ ਸ਼ਤਾਨ!”
ਇਹ ਨਾਹਰਾ ਅਪਣਾਇਆ,
ਕੌਮੀ ਲਹਿਰ ਮਹਾਨ।

ਇਸ ਨਾਹਰੇ ਸਤਿਕਾਰਿਆ,
ਸਾਰਾ ਹਿੰਦੁਸਤਾਨ।

…………….ਚਲਦਾ

 ਸ਼ਹੀਦ ਭਗਤ ਸਿੰਘ
(ਕਾਵਿ – ਪ੍ਰਮਾਣ)
– ਪ੍ਰੋ: ਦੀਦਾਰ ਸਿੰਘ-
8 ਅਪ੍ਰੈਲ 1929
11: ਅਸੈਂਬਲੀ ਹਾਲ ਵਿੱਚ ਬੰਬ

–ਪੇਸ਼ਕਸ਼:
ਯਸ਼ ਪਾਲ, ਵਰਗ ਚੇਤਨਾ

ਸਾਂਝਾ ਕਰੋ