ਇਸ ਵਾਰ ਪੰਜਾਬ ਵਿੱਚ ਪਏ ਗੜਿਆਂ, ਝੱਖੜ ਅਤੇ ਹੋਈ ਬੇ-ਮੌਸਮੇ ਮੀਂਹ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਕਰਨੀ ਬਹੁਤ ਹੀ ਮੁਸ਼ਕਿਲ ਹੈ। ਫਿਰ ਵੀ ਚਾਲੂ ਹਾੜ੍ਹੀ ਦੇ ਸੀਜਨ ਦੌਰਾਨ ਦੇਸ਼ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਸ ਕਰ ਕੇ ਇਸ ਵਾਰ ਆਮ ਸੀਜਨ ਨਾਲੋਂ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਿਹੜੇ ਜ਼ਿਲ੍ਹਿਆਂ ਵਿੱਚ ਥੋੜ੍ਹੀ-ਬਹੁਤ ਕਣਕ ਦੀ ਫ਼ਸਲ ਦਾ ਬਚਾਅ ਹੋਇਆ ਹੈ, ਉਸ ਨੂੰ ਜ਼ਿੰਮੇਵਾਰੀ ਨਾਲ ਬਚਾਇਆ ਜਾ ਸਕਦਾ ਹੈ। ਇਸ ਰੁੱਤ ਖੇਤ ਵਿੱਚ ਖੜ੍ਹੀ ਕਣਕ ਜਾਂ ਨਾੜ ਨੂੰ ਅੱਗ ਲੱਗਣ ਦਾ ਸਭ ਤੋਂ ਵੱਡਾ ਖ਼ਤਰਾ ਹੁੰਦਾ ਹੈ। ਪੰਜਾਬ ਵਿੱਚ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਦੀ ਲਪੇਟ ਵਿੱਚ ਆਉਣ ਕਰ ਕੇ ਜਾਨੀ ਨੁਕਸਾਨ ਵੀ ਹੋ ਚੁੱਕੇ ਹਨ। ਕਣਕਾਂ ਨੂੰ ਅੱਗ ਲੱਗਣ ਪਿੱਛੇ ਮੁੱਖ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਤਾਰਾਂ ਦੇ ਛੱਡੇ ਗਏ ਢਿੱਲੇ ਜੋੜਾਂ ਵਿੱਚੋਂ ਚੰਗਿਆੜੇ ਨਿਕਲਣੇ, ਤੂੜੀ ਬਣਾਉਂਦੇ ਸਮੇਂ ਰੀਪਰ-ਟਰੈਕਟਰ, ਕੰਬਾਈਨ ਆਦਿ ਵਿਚੋਂ ਅੱਗ ਦੇ ਪਤੰਗੇ ਬਾਹਰ ਆਉਣਾ, ਬੀੜੀ-ਸਿਗਰਟ ਦੇ ਨਾਲ ਨਾਲ ਕਣਕ ਦੇ ਨਾੜ ਨੂੰ ਲਾਈ ਅੱਗ ਵੀ ਕਈ ਵਾਰ ਨਾਲ ਖੜ੍ਹੀ ਕਣਕ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਇਸ ਕਰ ਕੇ ਕਣਕ ਦੀ ਕਟਾਈ ਕਰਨ ਅਤੇ ਤੂੜੀ ਬਣਾਉਣ ਸਮੇਂ ਅੱਗ ਦੀਆਂ ਚੰਗਿਆੜੀਆਂ ਵੱਲ ਖ਼ਾਸ ਧਿਆਨ ਦੇਣ ਚਾਹੀਦਾ ਹੈ।
ਬਿਜਲੀ ਦੀਆਂ ਤਾਰਾਂ ਕਾਰਨ ਵਾਪਰੇ ਹਾਦਸਿਆਂ ਸਬੰਧੀ ਸਰਕਾਰਾਂ ਅਤੇ ਪ੍ਰਸ਼ਾਸਨ ਖੇਤ ਵਿੱਚ ਖੜ੍ਹੇ ਅਨਾਜ ਨੂੰ ਅੱਗ ਲੱਗਣ ਸਮੇਂ ਹੀ ਜਾਗਦੇ ਹਨ। ਹੋਰਨਾਂ ਗ਼ੈਰ-ਕੁਦਰਤੀ ਆਫ਼ਤਾਂ ਦੀ ਤਰ੍ਹਾਂ ਕਿਸਾਨਾਂ ਦੇ ਇਸ ਨੁਕਸਾਨ ਨੂੰ ਬਚਾਉਣ ਲਈ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਿਰਫ਼ ਬਿਆਨਬਾਜ਼ੀ ਅਤੇ ਮੁਆਵਜ਼ਾ ਦੇਣ ਦੀ ‘ਗੱਲ’ ਕਰ ਕੇ ਅੱਗ ਲੱਗਣ ਦੀਆਂ ਘਟਨਾਵਾਂ ਉੱਪਰ ‘ਮਿੱਟੀ’ ਪਾ ਦਿੱਤੀ ਜਾਂਦੀ ਹੈ। ਇਸ ਹਾਦਸੇ ਮਗਰੋਂ ਪੰਜ ਕੁ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਕੇ ਸਰਕਾਰਾਂ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਨਹੀਂ ਕਰਦੀਆਂ, ਸਗੋਂ ਸੋਨੇ ਵਰਗੇ ਖੇਤਾਂ ਨੂੰ ਲੱਗੀ ਅੱਗ ਨਾਲ ਹੋਏ ‘ਜ਼ਖ਼ਮਾਂ’ ਉੱਪਰ ਲੂਣ ਵੀ ਭੁੱਕਦੀਆਂ ਹਨ। ਜੇ ਪਾਵਰਕੌਮ ਦੀ ਜਾਂ ਫਿਰ ਕਿਸੇ ਹੋਰ ਮਨੁੱਖੀ ਗ਼ਲਤੀ ਕਾਰਨ ਖੇਤ ਵਿੱਚ ਖੜ੍ਹੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤੇ ਕੁਦਰਤੀ ਵਰਤਾਰੇ ਕਾਰਨ ਨੁਕਸਾਨ ਹੋ ਜਾਂਦਾ ਹੈ, ਤਾਂ ਸਰਕਾਰ ਨੂੰ ਘੱਟ-ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਸੂਬੇ ਵਿੱਚ ਕਣਕ ਦੀ ਫ਼ਸਲ ਕਿਸਾਨ ਦੀ ਮੁੱਖ ਫ਼ਸਲ ਹੁੰਦੀ ਹੈ। ਇਹ ਫ਼ਸਲ ਜੇ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਤਾਂ ਕਿਸਾਨ ਸਾਰੀ ਉਮਰ ਸਿਰ ਚੜ੍ਹਿਆ ਕਰਜ਼ਾ ਨਹੀਂ ਉਤਾਰ ਸਕਦਾ। ਜੇ ਹਾੜ੍ਹੀ ਦੀ ਫ਼ਸਲ ਦੌਰਾਨ ਕਿਸਾਨ ਦੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਦੂਹਰੀ ਮਾਰ ਝੱਲਣੀ ਪੈਂਦੀ ਹੈ।
ਇੱਕ ਪਾਸੇ ਤਾਂ ਕਣਕ ਅੱਗ ਦੀ ਭੇਟ ਚੜ੍ਹ ਜਾਂਦੀ ਹੈ, ਦੂਜੇ ਪਾਸੇ ਕਿਸਾਨ ਨੂੰ ਆਪਣੇ ਪਰਿਵਾਰ ਅਤੇ ਪਸ਼ੂਆਂ ਵਾਸਤੇ ਕਣਕ ਮੁੱਲ ਖ਼ਰੀਦਣੀ ਪੈਂਦੀ ਹੈ। ਸਰਕਾਰ ਨੂੰ ਅੱਗ ਤੋਂ ਬਚਾਅ ਦੇ ਪ੍ਰਬੰਧ ਪਹਿਲਾਂ ਹੀ ਕਰਨੇ ਚਾਹੀਦੇ ਹਨ। ਹਾੜ੍ਹੀ ਦੇ ਸੀਜਨ ਦੌਰਾਨ ਕਣਕ ਦੀ ਫ਼ਸਲ ਨੂੰ ਲੱਗਣ ਵਾਲੀ ਅੱਗ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ। ਅੱਗ ਬੁਝਾਊ ਗੱਡੀਆਂ ਜ਼ਿਲ੍ਹਿਆਂ ਵਿੱਚ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਚਾਲੂ ਹਾਲਤ ਵਿੱਚ ਵੀ ਨਹੀਂ ਹੁੰਦੀਆਂ। ਕਣਕ ਦੇ ਸੀਜਨ ਦੌਰਾਨ ਸਰਕਾਰ ਨੂੰ ਸਬ-ਡਿਵੀਜ਼ਨ ਪੱਧਰ ’ਤੇ ਵੀ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਤੇਜ਼ੀ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਜੇ ਅੱਗ ਬੁਝਾਊ ਗੱਡੀਆਂ ਦਾ ਸਬ-ਡਿਵੀਜ਼ਨ ਪੱਧਰ ’ਤੇ ਪ੍ਰਬੰਧ ਕੀਤਾ ਜਾਵੇ ਤਾਂ ਅਨਾਜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ ਹੋਣ ਵਾਲੇ ਪੰਜਾਹ ਫ਼ੀਸਦੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦਿੰਦੇ। ਇਨ੍ਹਾਂ ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਣ ਕਰ ਕੇ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਉੱਪਰ ਕਾਬੂ ਪਾਉਣਾ ਸੌਖਾ ਕੰਮ ਨਹੀਂ ਹੁੰਦਾ। ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਵਰਕੌਮ ਵੱਲੋਂ ਛੱਡੇ ਜਾਂਦੇ ਢਿੱਲੇ ਜੋੜ ਤੇ ਤਾਰਾਂ ਆਦਿ ਨੂੰ ਹਾੜ੍ਹੀ ਦੇ ਸੀਜ਼ਨ ਤੋਂ ਪਹਿਲਾਂ ਠੀਕ ਕੀਤਾ ਜਾਣਾ ਚਾਹੀਦਾ ਹੈ। ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਅੱਗ ਬੁਝਾਊ ਗੱਡੀਆਂ ਹਾੜ੍ਹੀ ਦੇ ਸੀਜਨ ਮੌਕੇ ਸਬ-ਡਿਵੀਜ਼ਨ ਪੱਧਰ ’ਤੇ ਉਪਲੱਬਧ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਜ਼ਿਆਦਾ ਦੂਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਿੰਨੇ ਸਮੇਂ ਅੰਦਰ ਅੱਗ ਬੁਝਾਊ ਗੱਡੀ ਪਹੁੰਚਦੀ ਹੈ, ਉਸ ਤੋਂ ਪਹਿਲਾਂ ਹੀ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਅੱਜ ਤੱਕ ਕਣਕ ਦੇ ਸੀਜਨ ਦੌਰਾਨ ਸਰਕਾਰ ਵੱਲੋਂ ਢੁੱਕਵੇਂ ਪ੍ਰਬੰਧ ਨਾ ਕਰਨ ਕਰ ਕੇ ਕਿਸਾਨਾਂ ਨੂੰ ਖ਼ੁਦ ਹੀ ਪਾਣੀ ਨਾਲ ਭਰੇ ਕੈਂਟਰ ਖੇਤਾਂ ’ਚ ਖੜ੍ਹੇ ਕਰ ਕੇ ਰੱਖਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਟਰਾਂਸਫਾਰਮਰਾਂ ਦੇ ਨੇੜੇ ਕੁੱਝ ਥਾਂ ਤੋਂ ਫ਼ਸਲ ਨੂੰ ਵੱਢ ਦੇਣ ਤਾਂ ਕਿ ਸੰਭਾਵੀ ਨੁਕਸਾਨ ਤੋਂ ਬਚਿਆ ਜਾ ਸਕੇ।