ਚੰਦਰਮਾ ਕਿਵੇਂ ਬਣਿਆ ਸੀ/ਹਰਜੀਤ ਸਿੰਘ

ਲੰਘੀ 23 ਅਗਸਤ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਚੰਨ ’ਤੇ ਵਿਕਰਮ ਲੈਂਡਰ ਨੂੰ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚ ਦਿੱਤਾ| ਇਸ ਨਾਲ ਭਾਰਤ ਚੰਨ ’ਤੇ ਉਤਰਨ ਵਾਲਾ ਚੌਥਾ ਅਤੇ ਇਸ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਮੁਲਕ ਬਣ ਗਿਆ| ਪੂਰੇ ਦੇਸ਼ ਵਿਚ ਇਸ ਨਾਲ ਖੁਸ਼ੀ ਦਾ ਮਾਹੌਲ ਹੈ, ਪਰ ਸਾਡਾ ਚੰਨ ਬਣਿਆ ਕਿਵੇਂ? ਇਹ ਕਿੱਥੋਂ ਆਇਆ? ਇਸ ਬਾਰੇ ਜਾਣਨ ਦੀ ਹਰ ਇਕ ਵਿਚ ਉਤਸੁਕਤਾ ਹੈ| ‘ਚੰਨ ਕਿਵੇਂ ਬਣਿਆ?’ ਇਸ ਬਾਰੇ ਕਈ ਸਿਧਾਂਤ ਪ੍ਰਚੱਲਿਤ ਹਨ: ਫੜੇ ਜਾਣ ਦਾ ਸਿਧਾਂਤ (Capture Theory) ਕਹਿੰਦਾ ਹੈ ਕਿ ਸ਼ੁਰੂਆਤ ਵਿਚ ਚੰਦਰਮਾ, ਇਕ ਉਲਕਾ ਪਿੰਡ ਵਾਂਗ ਸੌਰ ਮੰਡਲ ਵਿਚ ਭਟਕ ਰਿਹਾ ਸੀ| ਭਟਕਦੇ-ਭਟਕਦੇ ਇਹ ਧਰਤੀ ਦੇ ਨੇੜੇ ਆਇਆ ਅਤੇ ਇਸ ਦੀ ਗੁਰੂਤਾ ਖਿੱਚ ਨੇ ਇਸ ਨੂੰ ਫੜ ਲਿਆ। ਫਿਰ ਇਹ ਧਰਤੀ ਦੁਆਲੇ ਚੱਕਰ ਲਾਉਣ ਲੱਗ ਪਿਆ| ਇਕੱਠੇ ਬਣੇ ਹੋਣ ਦਾ ਸਿਧਾਂਤ (Accretion Hypothesis) ਮੁਤਾਬਕ ਚੰਦਰਮਾ ਧਰਤੀ ਦੇ ਬਣਨ ਸਮੇਂ ਇਸ ਦੇ ਨਾਲ ਹੀ ਬਣ ਗਿਆ ਸੀ| ਵਿਖੰਡਨ ਦਾ ਸਿਧਾਂਤ (Fission Theory) ਕਹਿੰਦਾ ਹੈ ਕਿ ਸ਼ੁਰੂਆਤ ਵਿਚ ਧਰਤੀ ਇੰਨੀ ਤੇਜ਼ੀ ਨਾਲ ਘੁੰਮ ਰਹੀ ਸੀ ਕਿ ਇਸ ਦਾ ਕੁਝ ਹਿੱਸਾ ਟੁੱਟ ਕੇ ਪੁਲਾੜ ਵਿਚ ਚਲਾ ਗਿਆ ਅਤੇ ਗ੍ਰਹਿ ਦੇ ਚੱਕਰ ਲਗਾਉਣ ਲੱਗ ਪਿਆ। ਵਿਸ਼ਾਲ-ਟਕਰਾਅ ਦਾ ਸਿਧਾਂਤ (Great Impact Theory) ਅਨੁਸਾਰ ਚੰਦਰਮਾ, ਧਰਤੀ ਅਤੇ ਇਕ ਹੋਰ ਛੋਟਾ ਗ੍ਰਹਿ (ਲਗਭਗ ਮੰਗਲ ਗ੍ਰਹਿ ਦੇ ਆਕਾਰ ਦਾ) ਦੇ ਟਕਰਾਉਣ ਨਾਲ ਬਣਿਆ| ਇਸ ਟੱਕਰ ਕਰਕੇ ਪੈਦਾ ਹੋਇਆ ਮਲਬਾ ਧਰਤੀ ਦੁਆਲੇ ਚੱਕਰ ਲਾਉਣ ਲੱਗਿਆ ਅਤੇ ਸਮਾਂ ਪਾ ਕੇ ਚੰਦਰਮਾ ਦੇ ਰੂਪ ਵਿਚ ਇਕੱਠਾ ਹੋ ਗਿਆ|

ਇਨ੍ਹਾਂ ਸਿਧਾਂਤਾਂ ਦੀ ਪਰਖ ਕਰਨਾ ਅਮਰੀਕਾ ਦੇ ਅਪੋਲੋ ਪ੍ਰੋਗਰਾਮ ਦੇ ਉਦੇਸ਼ਾਂ ਵਿਚੋਂ ਇਕ ਸੀ| ਇਨ੍ਹਾਂ ਮਿਸ਼ਨਾਂ ਦੁਆਰਾ ਚੰਨ ਤੋਂ ਵਾਪਸ ਲਿਆਂਦੇ ਗਏ ਨਮੂਨਿਆਂ ਨੇ ਸਾਨੂੰ ਅੱਜ ਦਾ ਸਭ ਤੋਂ ਵੱਧ ਪ੍ਰਵਾਨਿਤ ਸਿਧਾਂਤ ਦਿੱਤਾ ਹੈ। ਅਪੋਲੋ ਮਿਸ਼ਨ ਚੰਦਰਮਾ ਤੋਂ ਲਗਭਗ 300 ਕਿਲੋਗ੍ਰਾਮ ਮਿੱਟੀ ਅਤੇ ਚੱਟਾਨ ਵਾਪਸ ਲਿਆਇਆ ਸੀ। ਇਸ ਨੇ ਚੰਦਰਮਾ ਕਿਵੇਂ ਬਣ ਸਕਦਾ ਹੈ? ਇਸ ਬਾਰੇ ਕੁਝ ਸੁਰਾਗ ਪ੍ਰਦਾਨ ਕੀਤੇ। ਇਨ੍ਹਾਂ ਚੱਟਾਨਾਂ ਦੇ ਅਧਿਐਨ ਨੇ ਦਿਖਾਇਆ ਕਿ ਧਰਤੀ ਅਤੇ ਚੰਦਰਮਾ ਵਿੱਚ ਕਮਾਲ ਦੀ ਰਸਾਇਣਿਕ ਅਤੇ ਸਮਸਥਾਨਿਕ (isotopic) ਸਮਾਨਤਾ ਹੈ, ਜੋ ਸੁਝਾਅ ਦਿੰਦੀ ਹੈ ਕਿ ਦੋਵਾਂ ਦਾ ਇਤਿਹਾਸ ਕਿਸੇ ਨਾ ਕਿਸੇ ਤਰੀਕੇ ਨਾਲ ਸਾਂਝਾ ਜ਼ਰੂਰ ਹੈ| ਜੇ ਚੰਦਰਮਾ ਕਿਤੇ ਹੋਰ ਬਣਿਆ ਹੁੰਦਾ ਅਤੇ ਧਰਤੀ ਦੀ ਗੁਰੂਤਾ ਦੁਆਰਾ ਫੜਿਆ ਗਿਆ ਹੁੰਦਾ ਤਾਂ ਇਸ ਦੀ ਰਚਨਾ ਧਰਤੀ ਤੋਂ ਬਹੁਤ ਅਲੱਗ ਹੋਣੀ ਚਾਹੀਦੀ ਸੀ| ਜੇ ਚੰਨ ਧਰਤੀ ਦੇ ਨਾਲ ਹੀ ਜਾਂ ਤੇਜ਼ ਘੁੰਮਣ ਕਰਕੇ ਅਲੱਗ ਹੋਇਆ ਹੁੰਦਾ ਤਾਂ ਦੋਵਾਂ ’ਤੇ ਖਣਿਜਾਂ ਦੀ ਕਿਸਮ ਅਤੇ ਅਨੁਪਾਤ ਬਿਲਕੁਲ ਇਕੋ ਜਿਹੇ ਹੋਣੇ ਸੀ, ਪਰ ਇਹ ਥੋੜ੍ਹੇ ਵੱਖਰੇ ਹਨ| ਚੰਦਰਮਾ ਉਤਲੇ ਖਣਿਜਾਂ ਵਿੱਚ ਧਰਤੀ ਦੀਆਂ ਉਸੇ ਵਰਗੀਆਂ ਚੱਟਾਨਾਂ ਨਾਲੋਂ ਘੱਟ ਪਾਣੀ ਹੁੰਦਾ ਹੈ। ਚੰਦਰਮਾ ਅਜਿਹੀ ਸਮੱਗਰੀ ਨਾਲ ਭਰਪੂਰ ਹੈ ਜੋ ਉੱਚ ਤਾਪਮਾਨ ’ਤੇ ਜਲਦੀ ਬਣ ਜਾਂਦੀ ਹੈ।

ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਵਿਗਿਆਨੀਆਂ ਨੇ ਇਨ੍ਹਾਂ ਸਭ ਅਧਿਐਨਾਂ ’ਤੇ ਕਾਫ਼ੀ ਚਰਚਾ ਕੀਤੀ ਅਤੇ ਅੰਤ ਵਿੱਚ ਵਿਸ਼ਾਲ-ਟਕਰਾਅ ਦੇ ਸਿਧਾਂਤ ਨੂੰ ਲਗਭਗ ਸਰਵਵਿਆਪਕ ਤੌਰ ’ਤੇ ਸਵੀਕਾਰ ਕਰ ਲਿਆ ਗਿਆ। ਚੰਦਰਮਾ ਦੀ ਉਤਪਤੀ ਦਾ ਅਧਿਐਨ ਕਰਨ ਲਈ ਅਪੋਲੋ ਮਿਸ਼ਨਾਂ ਦੁਆਰਾ ਲਿਆਂਦੇ ਗਏ ਨਮੂਨਿਆਂ ਤੋਂ ਇਲਾਵਾ ਚੰਦਰ-ਉਲਕਾ ਵੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਚੰਦਰ-ਉਲਕਾ ਉਹ ਪੱਥਰ ਹਨ ਜੋ ਚੰਨ ’ਤੇ ਵੱਡੇ ਉਲਕਾ ਟਕਰਾਉਣ ਕਰਕੇ (ਚੰਨ ’ਤੇ ਵਾਯੂਮੰਡਲ ਦੀ ਅਣਹੋਂਦ ਕਰਕੇ ਇਹ ਬਹੁਤ ਆਮ ਹੈ ਅਤੇ ਇਸ ਦੀ ਸਤ੍ਵਾ ’ਤੇ ਪਏ ਟੋਏ ਇਸ ਦੇ ਗਵਾਹ ਹਨ) ਉਸ ਨਾਲੋਂ ਟੁੱਟ ਕੇ ਧਰਤੀ ’ਤੇ ਆ ਡਿੱਗੇ| ਇਹ ਸਾਨੂੰ ਚੰਨ ਬਾਰੇ ਅਪੋਲੋ ਦੇ ਨਮੂਨਿਆਂ ਤੋਂ ਵੀ ਜ਼ਿਆਦਾ ਦੱਸ ਸਕਦੇ ਹਨ ਕਿਉਂਕਿ ਇਹ ਉਲਕਾ ਪੂਰੇ ਚੰਦਰਮਾ ਤੋਂ ਕਿਤੋਂ ਵੀ ਆ ਸਕਦੇ ਨੇ, ਪਰ ਅਪੋਲੋ ਦੇ ਨਮੂਨੇ ਚੰਦਰਮਾ ਦੀ ਭੂਮੱਧ ਰੇਖਾ ਦੇ ਨੇੜਿਓਂ ਇਕ ਜਗ੍ਹਾ ਤੋਂ ਹੀ ਲਏ ਗਏ ਸਨ| ਇਹ ਉਲਕਾ ਵੀ ਵਿਸ਼ਾਲ-ਟਕਰਾਅ ਦੇ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ|

ਵਿਸ਼ਾਲ-ਟਕਰਾਅ ਦੇ ਸਿਧਾਂਤ ਮੁਤਾਬਕ ਚੰਨ ਤੋਂ ਪਹਿਲਾਂ ਦੀ ਇਕ ਧਰਤੀ (ਜਿਸ ਨੂੰ ਪ੍ਰੋਟੋ-ਅਰਥ ਕਹਿੰਦੇ ਹਨ) ਅਤੇ ਥੀਆ (Theia) ਨਾਮ ਦੇ ਦੋ ਗ੍ਰਹਿ ਸਨ, ਜੋ ਆਪਸ ਵਿੱਚ ਟਕਰਾ ਗਏ| ਸੁਪਰ-ਕੰਪਿਊਟਰਾਂ ’ਤੇ ਕੀਤੀਆਂ ਗਈਆਂ ਗਿਣਤੀਆਂ ਮਿਣਤੀਆਂ (Simulations) ਦਰਸਾਉਂਦੀਆਂ ਹਨ ਕਿ ਥੀਆ ਦਾ ਆਕਾਰ ਲਗਭਗ ਮੰਗਲ ਗ੍ਰਹਿ ਕੁ ਜਿੱਡਾ ਸੀ| ਸੂਰਜ ਤੋਂ ਲਗਭਗ ਇਕੋ ਜਿੰਨਾ ਦੂਰ ਹੋਣ ਕਰਕੇ ਦੋਵਾਂ ਦੀ ਰਸਾਇਣਿਕ ਬਣਤਰ ਵੀ ਇਕੋ ਜਿਹੀ ਸੀ| ਦੋਵਾਂ ਦੀ ਟੱਕਰ ਵਿਚ ਪੈਦਾ ਹੋਈ ਗਰਮੀ ਨਾਲ ਦੋਵੇਂ ਹੀ ਲਗਭਗ ਪਿਘਲ ਗਏ ਅਤੇ ਇਕ ਛੋਟਾ ਹਿੱਸਾ ਅਲੱਗ ਹੋ ਗਿਆ ਜਿਸ ਨੂੰ ਹੁਣ ਅਸੀਂ ਚੰਨ ਦੇ ਨਾਮ ਨਾਲ ਜਾਣਦੇ ਹਾਂ| ਸ਼ਾਇਦ ਇਹੀ ਕਾਰਨ ਹੈ ਕਿ ਧਰਤੀ ਅਤੇ ਚੰਦਰਮਾ ਦੀ ਸਤ੍ਵਾ ਖਣਿਜ ਬਣਤਰ ਵਿੱਚ ਏਨੀਆਂ ਸਮਾਨ ਹਨ ਕਿ ਚੰਦਰਮਾ ਵਰਗੀ ਧਰਾਤਲ ਨੂੰ ਧਰਤੀ ’ਤੇ ਦੇਖਣਾ ਸੰਭਵ ਹੈ। ਚੰਦਰਮਾ ਦੀ ਸਤ੍ਵਾ ਫਿੱਕੇ ਸਲੇਟੀ ਰੰਗ ਦੀ ਦਿਖਾਈ ਦਿੰਦੀ ਹੈ ਅਤੇ ਇਸ ਵਿੱਚ ਗੂੜ੍ਹੇ ਰੰਗ ਦੇ ਧੱਬੇ ਹਨ| ਫਿੱਕੀ ਸਲੇਟੀ ਚੱਟਾਨ ਨੂੰ ਐਨੋਰਥੋਸਾਈਟ (Anorthosite) ਕਿਹਾ ਜਾਂਦਾ ਹੈ। ਇਹ ਉਦੋਂ ਬਣਦੀ ਹੈ ਜਦੋਂ ਪਿਘਲੀ ਹੋਈ ਚੱਟਾਨ ਠੰਢੀ ਹੋ ਰਹੀ ਹੋਵੇ ਅਤੇ ਹਲਕੇ ਤੱਤ ਤੈਰਦੇ ਹੋਏ ਉੱਪਰ ਆ ਜਾਣ| ਗੂੜ੍ਹੇ ਰੰਗ ਦੀ ਚੱਟਾਨ ਨੂੰ ਬੇਸਾਲਟ (Basalt) ਕਿਹਾ ਜਾਂਦਾ ਹੈ। ਧਰਤੀ ’ਤੇ ਐਨੋਰਥੋਸਾਈਟ ਨੂੰ ਸਕਾਟਲੈਂਡ ਦੇ ਆਈਲ ਆਫ ਰਮ (isle of rum) ’ਤੇ ਦੇਖਿਆ ਜਾ ਸਕਦਾ ਹੈ ਅਤੇ ਧਰਤੀ ਦੇ ਸਮੁੰਦਰੀ ਤਲ ਦਾ ਜ਼ਿਆਦਾਤਰ ਹਿੱਸਾ ਬੇਸਾਲਟ ਹੈ| ਇਕ ਖਾਸ ਫ਼ਰਕ ਜੋ ਚੰਦਰਮਾ ਦਾ ਧਰਤੀ ਤੋਂ ਹੈ ਕਿ ਇਹ ਭੂਗੋਲਿਕ ਤੌਰ ’ਤੇ ਮਰ ਚੁੱਕਿਆ ਹੈ| ਚੰਦਰਮਾ ’ਤੇ ਅਰਬਾਂ ਸਾਲਾਂ ਤੋਂ ਜਵਾਲਾਮੁਖੀ ਨਹੀਂ ਹਨ, ਇਸ ਲਈ ਇਸ ਦੀ ਸਤ੍ਵਾ ਵਿੱਚ ਕੋਈ ਤਬਦੀਲੀ ਨਹੀਂ ਹੋਈ ਅਤੇ ਟੋਏ ਇੰਨੇ ਸਪੱਸ਼ਟ ਦਿਸਦੇ ਹਨ| ਚੰਦਰਮਾ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਚਾਰ ਅਰਬ ਸਾਲ ਪਹਿਲਾਂ ਧਰਤੀ ਕਿਹੋ ਜਿਹੀ ਸੀ।

ਸਭ ਤੋਂ ਵੱਡਾ ਫਾਇਦਾ ਜੋ ਚੰਨ ਸਾਨੂੰ ਪਹੁੰਚਾਉਂਦਾ ਹੈ ਉਹ ਹੈ ਧਰਤੀ ਦੇ ਧੁਰੀ ਨੂੰ ਸੰਤੁਲਿਤ ਕਰਕੇ ਰੱਖਣਾ| ਗ੍ਰਹਿਆਂ ਦੀਆਂ ਦੋ ਗਤੀਆਂ ਅਸੀਂ ਜਾਣਦੇ ਹਾਂ| ਇਕ ਸੂਰਜ ਦੁਆਲੇ ਘੁੰਮਣਾ ਅਤੇ ਦੂਜਾ ਆਪਣੀ ਧੁਰੀ ਦੁਆਲੇ, ਪਰ ਇਕ ਹੋਰ ਗਤੀ ਵੀ ਹੈ ਜਿਸ ਨੂੰ ਪ੍ਰੋਸੈਸ਼ਨ (precession) ਕਹਿੰਦੇ ਹਨ| ਸਾਰੇ ਗ੍ਰਹਿਆਂ ਦੀ ਧੁਰੀ ਇਕ ਥਾਂ ’ਤੇ ਨਾ ਰਹਿ ਕੇ ਇਕ ਡਿੱਗਦੇ ਹੋਏ ਲਾਟੂ ਵਾਂਗ ਘੁੰਮਦੀ ਰਹਿੰਦੀ ਹੈ| ਧਰਤੀ ਦੀ ਧੁਰੀ ਆਪਣਾ ਇਕ ਚੱਕਰ 26000 ਸਾਲਾਂ ਵਿਚ ਪੂਰਾ ਕਰਦੀ ਹੈ| ਇਹ ਚੱਕਰ ਕਾਫ਼ੀ ਜ਼ਿਆਦਾ ਤੇਜ਼ ਅਤੇ ਅਨਿਯਮਿਤ ਹੋ ਸਕਦਾ ਸੀ ਜੇਕਰ ਚੰਨ ਨਾ ਹੁੰਦਾ| ਚੰਨ ਦੀ ਅਣਹੋਂਦ ਵਿਚ ਨਜ਼ਦੀਕੀ ਗ੍ਰਹਿਆਂ ਦੀ ਗੁਰੂਤਾ ਖਿੱਚ ਨੇ ਇਸ ਨੂੰ ਕਾਫ਼ੀ ਅਨਿਯਮਿਤ ਕਰ ਦੇਣਾ ਸੀ, ਪਰ ਕਿਉਂਕਿ ਸਾਡਾ ਚੰਨ ਧਰਤੀ ਦੇ ਹਿਸਾਬ ਨਾਲ ਕਾਫ਼ੀ ਵੱਡਾ ਹੈ (ਇਸ ਦਾ ਵਿਆਸ ਧਰਤੀ ਦੇ ਵਿਆਸ ਦਾ ਚੌਥਾ ਹਿੱਸਾ ਹੈ), ਇਹ ਧਰਤੀ-ਚੰਨ ਸਿਸਟਮ ਦੇ ਕੋਣੀ ਸੰਵੇਗ ਨੂੰ ਵਧਾ ਕੇ ਬਾਕੀ ਗ੍ਰਹਿਆਂ ਦੇ ਅਸਰ ਨੂੰ ਘਟਾ ਦਿੰਦਾ ਹੈ| ਜੇਕਰ ਇਹ ਚੱਕਰ ਅਨਿਯਮਿਤ ਅਤੇ ਤੇਜ਼ ਹੋਵੇ ਤਾਂ ਇਸ ਨਾਲ ਗ੍ਰਹਿ ਦਾ ਜਲਵਾਯੂ ਬਹੁਤ ਜਲਦੀ-ਜਲਦੀ ਬਦਲੇਗਾ ਅਤੇ ਜੀਵਨ ਦਾ ਵਿਕਾਸ ਔਖਾ ਹੋ ਜਾਵੇਗਾ| ਇਸ ਤੋਂ ਇਲਾਵਾ ਕੁਝ ਵਿਗਿਆਨੀ ਮੰਨਦੇ ਹਨ ਕਿ ਚੰਨ ਕਰਕੇ ਆਉਂਦੇ ਜਵਾਰ-ਭਾਟਿਆਂ ਨੇ ਸਮੁੰਦਰਾਂ ਦੇ ਪਾਣੀਆਂ ਨੂੰ ਆਪਸ ਵਿੱਚ ਘੁਲਣ-ਮਿਲਣ ਵਿੱਚ ਮਦਦ ਕੀਤੀ ਜਿਸ ਨਾਲ ਮੁੱਢਲੇ ਸਜੀਵ ਸੈੱਲ ਪੂਰੀ ਧਰਤੀ ’ਤੇ ਫੈਲ ਸਕੇ| ਚੰਨ ਦੇ ਜਨਮ ਬਾਰੇ ਹਾਲੇ ਵੀ ਬਹੁਤ ਕੁਝ ਜਾਣਨਾ ਬਾਕੀ ਹੈ| ਤਾਜ਼ੀ ਖ਼ਬਰ ਆਈ ਹੈ ਕਿ ਚੰਦਰਯਾਨ-3 ਨੇ ਚੰਨ ਦੀ ਸਤ੍ਵਾ ’ਤੇ ਸਲਫਰ ਹੋਣ ਦੀ ਪੁਸ਼ਟੀ ਕੀਤੀ ਹੈ| ਸਲਫਰ ਇੱਕ ਹਲਕਾ ਤੱਤ ਹੈ ਅਤੇ ਇਸ ਦਾ ਸਤ੍ਵਾ ’ਤੇ ਹੋਣ, ਵਿਸ਼ਾਲ-ਟਕਰਾਅ ਸਿਧਾਂਤ ਨੂੰ ਹੋਰ ਪਕੇਰਾ ਕਰਦਾ ਹੈ| ਉਮੀਦ ਹੈ ਭਵਿੱਖ ਵਿਚ ਚੰਦਰਯਾਨ-3 ਅਤੇ ਹੋਰ ਜਾਣ ਵਾਲੇ ਉਪਗ੍ਰਹਿ/ਇਨਸਾਨ ਚੰਨ ਦੇ ਜਨਮ ਬਾਰੇ ਹੋਰ ਜਾਣਕਾਰੀ ਦੇ ਸਕਣਗੇ|

ਸਾਂਝਾ ਕਰੋ

ਪੜ੍ਹੋ