ਵਿਰਾਸਤ ਸੰਭਾਲਣ ਦੀ ਜ਼ਰੂਰਤ

ਕਿਸੇ ਵੀ ਸੂਬੇ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਨਾ ਹੋਵੇ ਤਾਂ ਉਸ ਦੀਆਂ ਵਿਰਾਸਤੀ ਇਮਾਰਤਾਂ ਤੇ ਯਾਦਗਾਰਾਂ ਬਹੁਤ ਅਹਿਮ ਹੁੰਦੀਆਂ ਹਨ। ਅਮੀਰ ਵਿਰਸੇ ਦੀ ਜਾਣ-ਪਛਾਣ ਵਿਰਾਸਤੀ ਇਮਾਰਤਾਂ ਦੀਆਂ ਖਿੜਕੀਆਂ ਰਾਹੀਂ ਝਾਤ ਮਾਰ ਕੇ ਸਹਿਜੇ ਹੀ ਹੋ ਜਾਂਦੀ ਹੈ। ਦੇਸ਼ ਦੀ ਖੜਗ ਭੁਜਾ ਕਿਹਾ ਜਾਣ ਵਾਲਾ ਪੰਜਾਬ ਅਨੇਕਾਂ ਵਿਰਾਸਤੀ ਯਾਦਗਾਰਾਂ, ਕਿਲ੍ਹਿਆਂ ਤੇ ਇਮਾਰਤਾਂ ਵਾਲਾ ਸੂਬਾ ਹੈ। ਇਹ ਕਿਲ੍ਹੇ, ਬਾਗ਼ ਜਾਂ ਇਮਾਰਤਾਂ ਸੂਬੇ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਬਾਰੇ ਬੜੀ ਵਿਸਥਾਰਤ ਤੇ ਬਾਰੀਕਬੀਨੀ ਨਾਲ ਜਾਣਕਾਰੀ ਦਿੰਦੇ ਹਨ। ਅੰਮ੍ਰਿਤਸਰ ਦਾ ਇਤਿਹਾਸਕ ਰਾਮ ਬਾਗ਼ ਹੋਵੇ ਜਾਂ ਇਸ ਦੇ ਆਲੇ-ਦੁਆਲੇ ਬਣੇ ਇਤਿਹਾਸਕ ਦਰਵਾਜ਼ੇ, ਇਤਿਹਾਸਕ ਜੱਲ੍ਹਿਆਂ ਵਾਲਾ ਬਾਗ਼ ਹੋਵੇ ਜਾਂ ਇਸ ਵਿਰਾਸਤੀ ਸ਼ਹਿਰ ਦੇ ਆਲੇ-ਦੁਆਲੇ ਦੀਆਂ ਇਤਿਹਾਸਕ ਥਾਵਾਂ, ਤਰਨਤਾਰਨ ਜ਼ਿਲ੍ਹੇ ਦੇ ਪੱਟੀ ਦਾ ਇਤਿਹਾਸਕ ਕਿਲ੍ਹਾ ਹੋਵੇ ਜਾਂ ਬਠਿੰਡੇ ਦਾ ਇਤਿਹਾਸਕ ਕਿਲ੍ਹਾ, ਪਟਿਆਲੇ ਦੀਆਂ ਇਤਿਹਾਸਕ ਯਾਦਗਾਰਾਂ ਹੋਣ ਜਾਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਸਮੇਤ ਹੋਰ ਕਿਲ੍ਹੇ ਸਾਨੂੰ ਆਪਣੇ ਇਤਿਹਾਸਕ ਤੇ ਧਾਰਮਿਕ ਵਿਰਸੇ ਦੇ ਬੜੇ ਵਧੀਆ ਢੰਗ ਨਾਲ ਦਰਸ਼ਨ ਕਰਵਾਉਂਦੇ ਹਨ। ਪੱਛਮੀ ਦੇਸ਼ਾਂ ’ਚ ਸੌ ਸਾਲ ਪੁਰਾਣੀ ਇਮਾਰਤ ਨੂੰ ਵੀ ਅਮੀਰ ਵਿਰਾਸਤ ਵਜੋਂ ਸੰਭਾਲਿਆ ਜਾਂਦਾ ਹੈ। ਦੂਜੇ ਪਾਸੇ ਪੰਜਾਬ ਦੇ ਸਦੀਆਂ ਪੁਰਾਣੇ ਕਿਲ੍ਹਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਕਈ ਇਤਿਹਾਸਕ ਇਮਾਰਤਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ ਜਿਸ ਕਾਰਨ ਇਹ ਖ਼ਸਤਾ ਹਾਲਤ ’ਚ ਪੁੱਜ ਚੁੱਕੀਆਂ ਹਨ।

ਇਹ ਗੱਲ ਵੱਖਰੀ ਹੈ ਕਿ ਸੂਬੇ ਦੀਆਂ ਬਹੁਤੀਆਂ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਦੀ ਸਾਂਭ-ਸੰਭਾਲ ਲਈ ਸਰਕਾਰਾਂ ਉਪਰਾਲੇ ਕਰਦੀਆਂ ਵੀ ਰਹੀਆਂ ਹਨ। ਤਰਨਤਾਰਨ ਜ਼ਿਲ੍ਹੇ ਦੇ ਕਸਬੇ ਪੱਟੀ ਦੇ ਇਤਿਹਾਸਕ ਕਿਲ੍ਹੇ ਨੂੰ ਵੀ ਸਮੇਂ-ਸਮੇਂ ਸਰਕਾਰਾਂ ਨੇ ਅਣਗੌਲਿਆਂ ਕਰੀ ਰੱਖਿਆ ਹੈ। ਇਸ ਕਿਲ੍ਹੇ ਨੂੰ ਨਵਾਬ ਕਪੂਰ ਸਿੰਘ ਦੇ ਵਾਰਿਸ ਤੇ ਭਤੀਜੇ ਖ਼ੁਸ਼ਹਾਲ ਸਿੰਘ ਨੇ ਕੱਚੀ ਗੜ੍ਹੀ ਨੂੰ ਨਾਨਕਸ਼ਾਹੀ ਇੱਟਾਂ ਲਾ ਪੱਕਿਆਂ ਕਰਕੇ ਤਿਆਰ ਕੀਤਾ ਸੀ। ਉਸ ਵੇਲੇ ਪੱਟੀ ਲਾਹੌਰ ਤੇ ਕਸੂਰ ਦੋਵਾਂ ਦੀ ਜੱਦ ’ਚ ਆਉਂਦਾ ਸੀ ਤੇ ਇਸ ਲਈ ਇਸ ਕਿਲ੍ਹੇ ਦੀ ਬਹੁਤ ਮਹੱਤਤਾ ਸੀ। ਮਗਰੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਸਮਾਪਤ ਕਰ ਕੇ ਆਪਣਾ ਰਾਜ ਸਥਾਪਤ ਕਰ ਲਿਆ ਤਾਂ ਇਸ ਕਿਲ੍ਹੇ ਨੂੰ ਅਸਤਬਲ ਬਣਾ ਲਿਆ। ਹੁਣ ਇਸ ਕਿਲ੍ਹੇ ਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਇਸ ’ਚ ਕਬੂਤਰ ਰਹਿੰਦੇ ਹਨ, ਉੱਲੂ ਬੋਲਦੇ ਹਨ ਪਰ ਇਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਭਾਵੇਂ ਪੰਜਾਬ ਸਰਕਾਰ ਨੇ ਵਿਸ਼ਵਾਸ ਦੁਆਇਆ ਹੈ ਕਿ ਇਸ ਕਿਲ੍ਹੇ ਦੀ ਸਾਂਭ-ਸੰਭਾਲ ਕੀਤੀ ਜਾਵੇਗੀ ਪਰ ਕਦੋਂ, ਇਹ ਅਜੇ ਰਾਜ਼ ਹੀ ਹੈ। ਜੇ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਇਤਿਹਾਸਕ ਵਿਰਸੇ ਨਾਲ ਜੋੜਨਾ ਹੈ ਤਾਂ ਸਾਨੂੰ ਇਤਿਹਾਸਕ ਕਿਲ੍ਹਿਆਂ, ਯਾਦਗਾਰਾਂ ਤੇ ਵਿਰਾਸਤੀ ਇਮਾਰਤਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਸੂੂਬਾ ਸਰਕਾਰ ਨੂੰ ਇਨ੍ਹਾਂ ਵਿਰਾਸਤਾਂ ਦੀ ਸਾਂਭ-ਸੰਭਾਲ ਲਈ ਜਿੱਥੇ ਵੱਡੇ ਯਤਨ ਕਰਨੇ ਪੈਣਗੇ ਉੱਥੇ ਆਮ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਤਾਂ ਜੋ ਉਹ ਵਿਰਸੇ ਨਾਲ ਜੁੜੇ ਰਹਿ ਸਕਣ। ਸਰਕਾਰਾਂ ਸਮੇਂ-ਸਮੇਂ ਸਰਵੇ ਕਰਵਾ ਕੇ ਇਤਿਹਾਸਕ ਥਾਵਾਂ ਤੇ ਵਿਰਾਸਤੀ ਇਮਾਰਤਾਂ ਦੀ ਸਮੀਖਿਆ ਕਰਵਾਉਣ ਤੇ ਇਨ੍ਹਾਂ ਦੀਆਂ ਕਮੀਆਂ-ਪੇਸ਼ੀਆਂ ਦੂਰ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ। ਸਵੈ-ਸੇਵੀ ਸੰਸਥਾਵਾਂ ਨੂੰ ਵੀ ਸਰਕਾਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...